ਮੋਦੀ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ 4 ਤਰ੍ਹਾਂ ਦੀ ਵੀਜ਼ਾ ਸੇਵਾ ਮੁੜ ਸ਼ੁਰੂ ਕੀਤੀ 

ਮੋਦੀ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ 4 ਤਰ੍ਹਾਂ ਦੀ ਵੀਜ਼ਾ ਸੇਵਾ ਮੁੜ ਸ਼ੁਰੂ ਕੀਤੀ 

*ਕੈਨੇਡਾ ਦੀ ਗੁਰਦੁਆਰਾ ਕਮੇਟੀਆਂ, ਫਾਈਵ ਆਈਜ਼ ਕੰਟਰੀਆਂ ਦੇ ਦੇ ਦਬਾਅ ਕਾਰਣ ਮੋਦੀ ਸਰਕਾਰ ਨੂੰ ਝੁਕਣਾ ਪਿਆ

*ਪੰਜਾਬ ਸਰਕਾਰ ਨੇ ਪੰਜਾਬੀਆਂ ਦੇ ਮਸਲੇ ਬਾਰੇ ਚੁਪ ਵਟੀ ਰਖੀ

*ਮੰਤਰੀ ਸੱਜਣ ਨੇ ਕਿਹਾ ਕਿ ਕੈਨੇਡਾ ਸਰਕਾਰ ਨਿੱਝਰ ਨੂੰ ਲੈ ਕੇ  ਆਪਣੇ ਸਟੈਂਡ ‘ਤੇ ਕਾਇਮ,ਸਿਖਾਂ ਵਿਚ ਮੋਦੀ ਸਰਕਾਰ ਵਿਰੁਧ ਰੋਸ

ਹਰਦੀਪ ਸਿੰਘ ਨਿੱਝਰ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ 21 ਸਤੰਬਰ ਤੋਂ ਕੈਨੇਡਾ ਦੇ ਵੀਜ਼ਾ ‘ਤੇ ਰੋਕ ਲੱਗਾ ਦਿੱਤੀ ਸੀ ਜਿਸ ਨੂੰ ਹੁਣ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ । ਕੈਨੇਡਾ ਨੇ ਦੇਸ਼ ਵਿਚ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਇਹ ਪਹਿਲ 'ਚਿੰਤਾ ਭਰੇ ਸਮੇਂ' ਬਾਅਦ ਇਕ 'ਚੰਗਾ ਸੰਕੇਤ' ਹੈ ।ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਭਾਰਤ ਦਾ ਮੁੜ ਵੀਜ਼ਾ ਸ਼ੁਰੂ ਕਰਨ ਦਾ ਫ਼ੈਸਲਾ ਚੰਗਾ ਹੈ, ਇਹ ਕੈਨੇਡਾ ਦੇ ਲੋਕਾਂ ਲਈ ਮੁਸ਼ਕਿਲ ਸਮਾਂ ਸੀ ਵੀਜ਼ਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸੀ । ਉਨ੍ਹਾਂ ਨੇ ਕਿਹਾ ਅਸੀਂ ਸਮਝਦੇ ਹਾਂ ਵੀਜ਼ਾ ਸਸਪੈਨਸ਼ਨ ਕਦੇ ਵੀ ਨਹੀਂ ਹੋਣਾ ਚਾਹੀਦਾ ਹੈ।

 

ਉੱਧਰ ਐਮਰਜੈਂਸੀ ਪ੍ਰੀਪੇਡਨੈਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਮੈਂ ਸਿੱਖ ਹਾਂ ਅਤੇ ਕਹਿ ਸਕਦਾ ਹਾਂ ਕਿ ਭਾਰਤ ਦੇ ਫ਼ੈਸਲੇ ਨਾਲ ਸਿਖ ਤੇ ਪੰਜਾਬੀ ਭਾਈਚਾਰੇ ਵਿੱਚ ਕਾਫ਼ੀ ਰੋਸ ਸੀ । ਉਹ ਭਾਰਤ ਵਿੱਚ ਇਲਾਜ ਨਹੀਂ ਕਰਵਾਉਣ ਜਾ ਸਕਦੇ ਸਨ ਪਰਿਵਾਰ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਪਾ ਰਹੇ ਸਨ । ਪਰ ਹੁਣ ਮੁੜ ਤੋਂ ਵੀਜ਼ਾ ਸੇਵਾਵਾਂ ਸ਼ੁਰੂ ਹੋਣਾ ਚੰਗੀ ਖ਼ਬਰ ਹੈ । ਪਰ ਅਸੀਂ ਇਸ ‘ਤੇ ਚਰਚਾ ਨਹੀਂ ਕਰਨਾ ਚਾਹੁੰਦੇ ਹਾਂ ਕਿ ਨਵੀਂ ਦਿੱਲੀ ਇਸ ਨਾਲ ਕੀ ਸੁਨੇਹਾ ਦੇਣਾ ਚਾਹੁੰਦਾ ਸੀ । ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀਜ਼ਾ ਮੁੜ ਸ਼ੁਰੂ ਕਰਨ ‘ਤੇ ਜਿੱਥੇ ਸੁਆਗਤ ਕੀਤਾ ਨਾਲ ਹੀ ਕਿਹਾ ਓਟਾਵਾ ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਭਾਰਤ ਤੋਂ ਮਦਦ ਦੀ ਉਡੀਕ ਕਰ ਰਿਹਾ ਹੈ । ਜੋ ਪੁਲਿਸ ਜਾਂਚ ਲਈ ਬਹੁਤ ਜ਼ਰੂਰੀ ਹੈ ।  ਸੱਜਣ ਨੇ ਕਿਹਾ ਕਿ ਕੈਨੇਡਾ ਸਰਕਾਰ ਨਿੱਝਰ ਨੂੰ ਲੈ ਕੇ ਹੁਣ ਵੀ ਆਪਣੇ ਸਟੈਂਡ ‘ਤੇ ਕਾਇਮ ਹੈ ।

ਯਾਦ ਰਹੇ ਕਿ ਕੈਨੇਡੀਅਨ ਨਾਗਰਿਕਾਂ 'ਤੇ ਲੱਗੀ ਵੀਜ਼ਾ ਪਾਬੰਦੀ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਤੇ ਸਿਖਾਂ 'ਤੇ ਪੈ ਰਿਹਾ ਸੀ ,ਕਿਉਂਕਿ ਕੈਨੇਡਾ ਵਿਚ ਰਹਿੰਦੇ ਭਾਰਤੀਆਂ ਵਿਚ ਸਭ ਤੋਂ ਵੱਧ ਪੰਜਾਬੀ ਹੀ ਕੈਨੇਡੀਅਨ ਨਾਗਰਿਕ ਹਨ।  ਕੈਨੇਡੀਅਨ ਨਾਗਰਿਕ ਬਣੇ ਪੰਜਾਬੀਆਂ ਦੀਆਂ ਜੜ੍ਹਾਂ ਅਜੇ ਵੀ ਪੰਜਾਬ ਵਿਚ ਹੀ ਹਨ ਜਿਸ ਕਰਕੇ ਵੀਜ਼ਾ ਪਾਬੰਦੀਆਂ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਅਤੇ ਆਰਥਿਕਤਾ 'ਤੇ ਵੀ ਬੁਰਾ ਅਸਰ ਪਾਉਣ ਲੱਗ ਪਈਆਂ ਸਨ। ਇਥੋਂ ਤੱਕ ਕਿ ਪੰਜਾਬ ਵਿਚ ਰਹਿੰਦੇ ਮਾਂ-ਪਿਓ ਦੀ ਮੌਤ ਅਤੇ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਤੋਂ ਵੀ ਕਈ ਕੈਨੇਡੀਅਨ ਨਾਗਰਿਕ ਬਣੇ ਪੰਜਾਬੀ ਵਾਂਝੇ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਸਾਰੇ ਦੇ ਸਾਰੇ 20 ਐਮ.ਪੀਜ਼, ਪੰਜਾਬ ਦੇ ਮੁੱਖ ਮੰਤਰੀ ਅਤੇ ਵਿਰੋਧੀ ਪਾਰਟੀਆਂ ਦੇ ਮੁਖੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਦੇ ਕਿ ਭਾਰਤੀ ਮੂਲ ਦੇ ਲੋਕਾਂ ਤੋਂ ਇਹ ਪਾਬੰਦੀਆਂ ਹਟਾਈਆਂ ਜਾਣ।ਇਹ ਸਜ਼ਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਕਿਉਂ ਦਿਤੀ ਜਾ ਰਹੀ ਹੈ? ਪਰ ਅਫ਼ਸੋਸ ਹੈ ਸ਼ਾਇਦ ਸ੍ਰੋਮਣੀ ਅਕਾਲੀ ਦਲ ,ਸ੍ਰੋਮਣੀ ਕਮੇਟੀ ਤੋਂ ਬਿਨਾਂ ਕਿਸੇ ਨੇ ਕੇਂਦਰ ਤੱਕ ਇਸ ਲਈ ਪਹੁੰਚ ਨਹੀਂ ਕੀਤੀ। ਪੰਜਾਬ ਸਰਕਾਰ ਤਾਂ ਬਿਲਕੁਲ ਚੁੱਪ ਹੀ ਵੱਟ ਗਈ, ਜਿਵੇਂ ਇਹ ਕੋਈ ਮਸਲਾ ਹੀ ਨਾ ਹੋਵੇ।ਪਰ ਸਿਖ ਜਗਤ ਵਿਚ ਮੋਦੀ ਸਰਕਾਰ ਵਿਰੁੱਧ ਤਿਖਾ ਰੋਸ ਪਾਇਆ ਜਾ ਰਿਹਾ ਸੀ ਕਿ ਇਹ ਸਜ਼ਾ ਪੰਜਾਬੀਆਂ ਨੂੰ ਕਿਸ ਕਾਰਣ ਦਿਤੀ ਗਈ ? ਕੈਨੇਡਾ ਦੇ 23 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਾਂਝੀ ਮੰਗ ਵੀ ਇਹੀ ਸੀ ਕਿ ਮੋਦੀ ਸਰਕਾਰ ਆਪਣੇ ਫੈਸਲੇ ਉਪਰ ਗੌਰ ਕਰੇ। ਕਿਹਾ ਜਾਂਦਾ ਹੈ ਕਿ ਕੈਨੇਡੀਅਨ ਗੁਰਦੁਆਰਾ ਕਮੇਟੀਆਂ ਦੇ ਪ੍ਰਭਾਵ ਤੇ ਇੰਟਰਨੈਸ਼ਨਲ ਦਬਾਅ ਕਾਰਣ ਭਾਰਤ ਨੂੰ ਇੰਮੀਗ੍ਰੇਸ਼ਨ ਸੰਬੰਧੀ ਪੰਜਾਬੀਆਂ ਵਿਰੋਧੀ ਫੈਸਲਾ ਵਾਪਸ ਲੈਣਾ ਪਿਆ। ਹੁਣ ਭਾਰਤ ਸਰਕਾਰ ਨੇ ਆਪਣਾ ਫ਼ੈਸਲਾ ਕਾਫ਼ੀ ਹੱਦ ਤੱਕ ਸੁਧਾਰ ਲਿਆ ਹੈ। 

ਓਟਵਾ ਦੇ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਕੁਝ ਕੈਟਾਗਰੀਜ਼ ਲਈ ਵੀਜ਼ਾਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ । ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਦੇ ਕੌਸਲੇਟ ਆਫਿਸ ਸਮੇਤ ਸਾਰੀਆਂ ਥਾਵਾਂ ‘ਤੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ।

ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ 26 ਅਕਤੂਬਰ 2023 ਤੋਂ ਕੁਝ ਵੀਜ਼ਾਂ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਭਾਰਤ ਵੱਲੋਂ ਕੈਨੇਡਾ ਦੇ ਨਾਗਰਿਕਾਂ ਦੇ ਲਈ ਜਿਹੜੀ ਵੀਜ਼ਾ ਸੇਵਾ ਸ਼ੁਰੂ ਕੀਤੀ ਹੈ ਉਸ ਵਿੱਚ ਐਂਟਰੀ ਵੀਜ਼ਾ, ਬਿਜਨੈਸ ਵੀਜ਼ਾ,ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ ਹੈ । ਕੌਸਲੇਟ ਨੇ ਕਿਹਾ ਹੈ ਐਮਰਜੈਂਸੀ ਸੇਵਾਵਾਂ ਉੱਤੇ ਪਹਿਲਾਂ ਵਾਂਗ ਕੰਮ ਜਾਰੀ ਰਹੇਗਾ ।

ਬੀਤੇ ਹਫਤੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਦੇ ਸੰਕੇਤ ਦਿੱਤੇ ਸਨ ਕਿ ਭਾਰਤ ਸਰਕਾਰ ਜਲਦ ਹੀ ਵੀਜ਼ਾ ਸੇਵਾਵਾਂ ਸ਼ੁਰੂ ਕਰੇਗੀ । 3 ਦਿਨ ਬਾਅਦ ਭਾਰਤ ਨੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ । ਪੰਜਾਬ ਦੇ ਕਈ ਐੱਮਪੀਜ਼ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਵੀਜ਼ਾ ਸੇਵਾਵਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ।

ਭਾਰਤ ਦੇ ਵਿਦੇਸ਼ ਮੰਤਰੀ ਨੇ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ਾ ਬੰਦ ਕਰਨ ਸਮੇਂ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਫੀਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਜਿਸ ਦੀ ਵਜ੍ਹਾ ਕਰਕੇ ਕੰਮ-ਕਾਜ ਕਾਫੀ ਪ੍ਰਭਾਵਿਤ ਹੋ ਰਿਹਾ ਸੀ । ਇਸੇ ਲਈ ਉਨ੍ਹਾਂ ਨੇ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਹਨ । ਜਿਵੇਂ ਹੀ ਅਫਸਰਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇਗਾ ਵੀਜ਼ਾ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ । ਉਧਰ ਕੈਨੇਡਾ ਦੀ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦੇ ਫੈਸਲੇ ਤੋਂ ਬਾਅਦ ਆਪਣੇ ਵੱਲੋਂ ਅਜਿਹਾ ਕੋਈ ਵੀ ਫੈਸਲਾ ਨਾ ਲੈਣ ਦਾ ਦਾਅਵਾ ਕੀਤਾ ਸੀ ।

20 ਅਕਤੂਬਰ ਨੂੰ ਕੈਨੇਡਾ ਦੇ 41 ਡਿਪਲੋਮੈਟ ਨੇ ਭਾਰਤ ਛੱਡ ਦਿੱਤਾ ਸੀ । ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਦੇ ਕੈਨੇਡਾ ਵਿੱਚ 21 ਡਿਪਲੋਮੈਟ ਹਨ ਜਦਕਿ ਕੈਨੇਡਾ ਦੇ 60 ਤੋਂ ਵੱਧ । ਕੈਨੇਡਾ ਦੇ ਸਫੀਰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਨ । ਇਸ ਤੋਂ ਬਾਅਦ ਚੰਡੀਗੜ੍ਹ ਸਮੇਤ ਭਾਰਤ ਵਿੱਚ ਕੈਨੇਡਾ ਦੇ ਕਈ ਵੀਜ਼ਾ ਸੈਂਟਰਾਂ ਨੂੰ ਬੰਦ ਕਰਨਾ ਪਿਆ ਸੀ । ਪੰਜਾਬ ਦੇ ਲੋਕਾਂ ਨੂੰ ਵੀਜ਼ਾ ਹਾਸਲ ਕਰਨ ਦੇ ਲਈ ਦਿੱਲੀ ਜਾਣਾ ਹੋਵੇਗਾ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਸਖਤ ਨਿਖੇਧੀ ਕਰਦੇ ਹੋਏ ਭਾਰਤ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਸੀ। ਸਿਰਫ ਇਨ੍ਹਾਂ ਹੀ ਨਹੀਂ ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਭਾਰਤ ‘ਤੇ ਵਿਆਨਾ ਸਮਝੌਤੇ ਦੀ ਉਲੰਘਨ ਦਾ ਇਲਜ਼ਾਮ ਲਗਾਇਆ ਸੀ ਜਿਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ । ਬ੍ਰਿਟੇਨ ,ਅਸਟਰੇਲੀਆ ,ਨਿਊਜ਼ੀਲੈਂਡ,ਅਤੇ ਅਮਰੀਕਾ ਨੇ ਭਾਰਤ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਸੀ।

ਇਸ ਮਾਮਲੇ ਵਿਚ ਮੁਜਰਮਾਨਾ ਚੁੱਪ ਵੱਟੀ ਰੱਖਣ ਵਾਲੇ ਪੰਜਾਬ ਦੇ ਐਮ.ਪੀਜ਼ ਤੇ ਹੋਰ ਸਿਆਸਤਦਾਨਾਂ ਨੂੰ ਆਪਣੇ ਅੰਦਰ ਜ਼ਰੂਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਤੇ ਇਸ ਫ਼ੈਸਲੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਉਠਾਈ?