ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

      ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

30 ਅਕਤੂਬਰ ਤੇ ਵਿਸ਼ੇਸ਼ ਲੇਖ

     

 ਜੇਕਰ ਗੁਰਦੁਆਰਿਆਂ ਵਿੱਚ ਮਸੰਦ ਪੁਜਾਰੀਆਂ ਦੀ ਗੱਲ ਕਰੀਏ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਤੇ ਡੋਗਰੇ ਹਾਵੀ ਹੋ ਗਏ ਸਨ ਉਸ ਟਾਈਮ ਤੋਂ ਹੀ ਇਨ੍ਹਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। ਧਿਆਨ ਸਿੰਘ ਡੋਗਰੇ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਸਾਡਾ ਸਿੱਖ ਰਾਜ ਹੀ ਗਦਾਰੀਆਂ ਕਰਕੇ ਅੰਗਰੇਜ਼ਾਂ ਹਵਾਲੇ ਨਹੀਂ ਕੀਤਾ ਸਗੋਂ ਸਾਡੇ ਸਿੱਖ ਧਰਮ ਨੂੰ ਵੀ ਜੰਮੂ ਤੋਂ ਡੋਗਰੇ ਲਿਆ ਕੇ ਉਹਨਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿੱਚ ਬਿਠਾ ਦਿੱਤਾ। ਉਹਨਾਂ ਬੰਦਿਆਂ ਨੂੰ ਹੀ ਪੁਜਾਰੀ ਜਾਂ ਮਸੰਦਾਂ ਦਾ ਨਾਮ ਦਿੱਤਾ ਗਿਆ। ਇਹਨਾਂ ਮਸੰਦ ਡੋਗਰਿਆਂ ਨੂੰ ਸਿੱਖ ਧਰਮ ਪ੍ਰਤੀ ਪਿਆਰ ਸ਼ਰਧਾ ਨਹੀਂ ਸੀ ਇਹਨਾਂ ਨੇ ਗੁਰਦੁਆਰਿਆਂ ਦਾ ਪੂਜਾ ਧਾਨ ਖਾਣਾ ਤੇ ਗੁਰਦੁਆਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। 

 ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇਰਾਂ ਕਿਲੋਮੀਟਰ ਦੀ ਦੂਰੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਵਿਖੇ ਸਥਾਪਿਤ ਹੈ। ਇਸ ਗੁਰਦੂਆਰਾ ਸਾਹਿਬ ਨੂੰ ਕਾਫੀ ਜ਼ਮੀਨ ਮਿਲੀ ਹੋਈ ਹੈ ਜੋ 'ਗੁਰੂ ਕੇ ਬਾਗ਼' ਅਖਵਾਉਂਂਦੀ ਹੈ ਇਸ ਜਗ੍ਹਾ ਜਿਵੇਂ ਕਿੱਕਰਾਂ ਆਦਿ ਬਹੁਤ ਸਾਰੇ ਦਰੱਖਤ ਖੜ੍ਹੇ ਸਨ। 

 ਗੁਰੂ ਕੇ ਬਾਗ਼ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ ਜਿਸ ਨੇ ਉੱਥੇ ਬਿਨਾਂ ਵਿਆਹ ਤੋਂ ਇੱਕ ਔਰਤ ਰੱਖੀ ਹੋਈ ਸੀ ਅਤੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਨੂੰ ਵੀ ਸਹੀ ਢੰਗ ਨਾਲ ਨਹੀ ਨਿਭਾ ਰਿਹਾ ਸੀ।ਇਹ ਸਭ ਕੁਝ ਇਲਾਕੇ ਦੀਆਂ ਸੰਗਤਾਂ ਨੂੰ ਮਨਜੂਰ ਨਹੀ ਸੀ ਇਹ ਗੱਲ ਉਹਨਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਦਾਨ ਸਿੰਘ ਵਿਛੋਆ ਦੀ ਡਿਊਟੀ ਲਾ ਦਿੱਤੀ ਦਾਨ ਸਿੰਘ ਵਿਛੋਆ ਦੇ ਕਹਿਣ ਤੇ ਮਹੰਤ ਸੁੰਦਰ ਦਾਸ ਨੇ ਈਸਰੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅੰਮ੍ਰਿਤ ਛੱਕ ਕੇ ਗੁਰਦੁਆਰੇ ਦੀ ਮਰਿਆਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।

 21 ਫ਼ਰਵਰੀ 1921 ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ ਮਹੰਤ ਸੁੰਦਰ ਦਾਸ ਨੂੰ ਵੀ ਅਪਣਾ ਫਿਕਰ ਪੈ ਗਿਆ ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ ਮਹੰਤ ਸੁੰਦਰ ਦਾਸ ਨੂੰ ਕਮੇਟੀ ਨੇ 120 ਰੁਪਏ ਮਹੀਨਾਂ ਦੇਣਾ ਮੰਨ ਲਿਆ ਅਤੇ ਅੰਮ੍ਰਿਤਸਰ ਵਿੱਚ ਰਹਿਣ ਵਾਸਤੇ ਇੱਕ ਮਕਾਨ ਮੁੱਲ ਲੈ ਕੇ ਦੇ ਦਿੱਤਾ ਗੁਰਦੁਆਰੇ ਦਾ ਪ੍ਰਬੰਧ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਲਾਲਚ ਵੱਸ ਹੋ ਕੇ ਅੰਗਰੇਜ਼ ਸਰਕਾਰ ਦੀ ਸ਼ਹਿ ਤੇ ਮਹੰਤ ਨੇ ਫਿਰ ਗੁਰਦੁਆਰੇ ਦਾ ਪ੍ਰਬੰਧ ਆਪਣੇ ਕਬਜ਼ੇ ਵਿੱਚ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ।

 8 ਅਗਸਤ 1922 ਨੂੰ 5 ਸਿੰਘਾਂ ਦਾ ਜੱਥਾ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਲਈ ਗੁਰੂ ਕੇ ਬਾਗ਼ ਪਹੁੰਚ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲੀਸ ਨੂੰ ਕਰ ਦਿੱਤੀ ਉਹਨਾਂ 9 ਅਗਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੱਖਾਂ ਨੂੰ ਤੰਗ ਕਰਨ ਖ਼ਾਤਰ 10 ਅਗਸਤ ਨੂੰ ਛੇ ਛੇ ਮਹੀਨੇ ਦੀ ਸਜਾ ਅਤੇ ਜੁਰਮਾਨਾ ਸੁਣਾ ਦਿੱਤਾ।

 ਮਿਸਟਰ ਡੰਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ 25 ਅਗਸਤ ਤੋਂ ਸਿੱਖਾਂ ਤੇ ਘੋਰ ਤਸ਼ੱਦਦ ਡਾਂਗਾਂ ਨਾਲ ਮਾਰ ਕੁੱਟ ਦਾ ਕੰਮ ਸ਼ੁਰੂ ਕਰ ਦਿੱਤਾ।

 26 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਕਰ ਰਹੀ ਅੰਤਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਸ.ਮਹਿਤਾਬ ਸਿੰਘ ਪ੍ਰਧਾਨ, ਪ੍ਰੋ.ਸਾਹਿਬ ਸਿੰਘ ਮੀਤ ਸਕੱਤਰ, ਸ.ਸਰਮੁੱਖ ਸਿੰਘ ਝਬਾਲ ਪ੍ਰਧਾਨ ਅਕਾਲੀ ਦਲ, ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਅਤੇ ਸ. ਰਵੇਲ ਸਿੰਘ ਨੂੰ ਡੀ.ਸੀ ਅੰਮ੍ਰਿਤਸਰ ਨੇ ਵਰੰਟ ਜਾਰੀ ਕਰਕੇ ਸਾਰੇ ਗ੍ਰਿਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖਤੀ ਨਾਲ ਦਬਾ ਦੇਣਾ ਚਹੁੰਦੀ ਸੀ ਪਰ ਸਰਕਾਰ ਦੀ ਸਖਤੀ ਦਾ ਸਿੱਖਾਂ ਤੇ ਕੋਈ ਅਸਰ ਨਾ ਪਿਆ।

 30 ਅਗਸਤ ਨੂੰ 60 ਕੁ ਸਿੰੰਘਾਂ ਦਾ ਜੱਥਾ ਗੁਰੂ ਕੇ ਬਾਗ਼ ਨੂੰ ਰਵਾਨਾ ਹੋਇਆ ਜੱਥੇ ਨੂੰ ਰਾਤ ਪੈਣ ਕਰਕੇ ਰਸਤੇ ਵਿੱਚ ਹੀ ਰਾਤ ਕੱਟਣੀ ਪੈ ਗਈ। ਪੁਲੀਸ ਨੇ ਸੁੱਤੇ ਪਏ ਜੱਥੇ ਉੱਤੇ ਡਾਂਗਾਂ ਨਾਲ ਮਾਰ ਕੁੱਟ ਸ਼ੁਰੂ ਕਰ ਦਿੱਤੀ। ਫਿਰ ਇਹ ਮੋਰਚਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰ ਦਿੱਤਾ ਗਿਆ।31 ਅਗਸਤ ਤੋਂ ਹਰ ਰੋਜ਼ 100 ਸਿੰਘਾਂ ਦਾ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਤੁਰਦਾ ਜੱਥੇ ਨੂੰ ਤੁਰਨ ਵੇਲੇ ਇਹ ਸਿੱਖਿਆ ਦਿੱਤੀ ਜਾਂਦੀ ਉਹ ਅੰਗਰੇਜ਼ ਸਰਕਾਰ ਵਲੋਂ ਕੀਤੇ ਤਸ਼ੱਦਦ ਸਮੇ ਪੂਰਨ ਸਾਂਤਮਈ ਰਹਿਣਗੇ।

  ਸਰਕਾਰ ਨੇ ਇੱਕ ਕੈਦੀ ਜੱਥੇ ਦੀ 30 ਅਕਤੂਬਰ 1922 ਨੂੰ ਰੇਲ ਗੱਡੀ ਰਾਹੀ ਅਟਕ ਜ੍ਹੇਲ ਵਿੱਚ ਭੇਜਣ ਦੀ ਤਿਆਰੀ ਕਰ ਲਈ ਜਦ ਹਸਨ ਅਬਦਲ ਵਿੱਖੇ ਸਿੱਖਾਂ ਨੂੰ ਪਤਾ ਲਗਿਆ ਸਿੱਖ ਕੈਦੀ ਜੱਥੇ ਦੀ ਭਰੀ ਗੱਡੀ ਆ ਰਹੀ ਹੈ ਉਸ ਨੇ ਗੁਰਦੁਆਰਾ ਪੰਜਾ ਸਾਹਿਬ ਦੇ ਕੋਲ ਦੀ ਲੰਘ ਕੇ ਅਟਕ ਜ੍ਹੇਲ ਜਾਣਾ ਹੈ ਉਹਨਾਂ ਲੰਗਰ ਪਾਣੀ ਦਾ ਪ੍ਬੰਧ ਕਰਕੇ ਸ਼ਟੇਸ਼ਨ ਤੇ ਲੈ ਆਂਦਾ। ਗੁਰਦੁਆਰਾ ਪੰਜਾ ਸਾਹਿਬ ਦੀ ਕਮੇਟੀ ਅਤੇ ਸਿੱਖਾਂ ਨੇ ਸਟੇਸ਼ਨ ਮਾਸਟਰ ਨੂੰ ਸਟੇਸ਼ਨ ਤੇ ਗੱਡੀ ਰੋਕਣ ਲਈ ਕਿਹਾ। ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਇਹ ਕਹਿਕੇ ਇਨਕਾਰ ਕਰ ਦਿਤਾ ਕੇ ਟਾਈਮ ਟੇਬਲ ਵਿਚ ਗੱਡੀ ਰੁਕਣ ਦਾ ਸਮਾਂ ਦਰਜ਼ ਨਹੀ ਹੈ। ਸਿੱਖਾਂ ਨੇ ਫਿਰ ਸਟੇਸ਼ਨ ਮਾਸਟਰ ਨੂੰ ਕਿਹਾ ਗੱਡੀ ਵਿੱਚ ਆ ਰਹੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਤੁਹਾਨੂੰ ਇੱਥੇ ਗੱਡੀ ਰੋਕਣੀ ਹੀ ਪਵੇਗੀ ਭਾਂਵੇ ਸਾਨੂੰ ਰੇਲ ਦੀ ਲੀਹ ਤੇ ਬੈਠ ਕੇ ਸ਼ਹੀਦੀਆਂ ਦੇਣੀਆਂ ਪੈਣ ਪ੍ਰਸ਼ਾਦਾ ਪਾਣੀ ਛਕ ਕੇ ਹੀ ਸਿੱਖ ਕੈਦੀ ਅੱਗੇ ਜਾਣਗੇ।

 ਜਦ ਗੱਡੀ ਆਉਂਦੀ ਦਿੱਸੀ ਤਾਂ ਸਿੱਖ ਬੰਦੇ ਅਤੇ ਬੀਬੀਆਂ ਨੇ ਰੇਲ ਪਟੜੀ ਤੇ ਬੈਠਣਾ ਸ਼ੁਰੂ ਕਰ ਦਿੱਤਾ। ਗੱਡੀ ਆਪਣੀ ਰਫ਼ਤਾਰ ਤੋਂ ਹੌਲੀ ਹੋ ਗਈ ਉਹ ਹਾਰਨ ਮਾਰਦੀ ਆ ਰਹੀ ਸੀ ਰੇਲ ਪੱਟੜੀ ਤੇ ਬੈਠੇ ਸਿੰਘਾਂ ਨੂੰ ਲਿਤਾੜ ਕੇ ਅੱਗੇ ਜਾ ਕੇ ਰੁੱਕੀ। ਇਸ ਖੂਨੀ ਸਾਕੇ ਵਿੱਚ 11 ਸਿੰਘ ਮੌਕੇ ਤੇ ਸ਼ਹੀਦ ਹੋ ਗਏ। ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਦੋ ਸਿੰਘ ਬੁਰੀ ਤਰਾਂ ਜਖ਼ਮੀ ਹੋ ਗਏ ਸਨ ਜੋ ਹਸਪਤਾਲ ਜਾ ਕੇ ਦੂਸਰੇ ਦਿਨ ਦਮ ਤੋੜ ਗਏ। ਸਿੱਖਾਂ ਨੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਫੇਰ ਗੱਡੀ ਨੂੰ ਅੱਗੇ ਜਾਣ ਦਿੱਤਾ। ਸਿੱਖਾਂ ਦੀਆਂ ਅਜਿਹੀਆਂ ਸ਼ਹੀਦੀਆਂ ਦੀ ਮਿਸ਼ਾਲ ਹੋਰ ਕਿਧਰੇ ਵੀ ਨਹੀ ਮਿਲਦੀ। ਸਿੱਖ ਧਰਮ ਸ਼ਹਾਦਤਾਂ ਦਾ ਭਰਿਆ ਹੋਇਆ ਧਰਮ ਹੈ। ਸਿੱਖ ਧਰਮ ਦੇ ਪੰਜਵੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਜਿਹਾ ਸ਼ਹੀਦੀਆਂ ਦਾ ਮੁੱਢ ਬੰਨਿਆ ਅੱਜ ਵੀ ਗੁਰੂ ਜੀ ਦੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰ ਰਹਿੰਦੇ ਹਨ।

   

ਸੁਖਵਿੰਦਰ ਸਿੰਘ ਮੁੱਲਾਂਪੁਰ

M. 9914184794