ਪਾਕਿਸਤਾਨ ਅਤੇ ਕਸ਼ਮੀਰ ਦੀਆਂ ਧਿਰਾਂ ਨਾਲ ਗੱਲਬਾਤ ਕਰਕੇ ਹੀ ਖਿੱਤੇ ਵਿਚ ਸ਼ਾਂਤੀ ਆ ਸਕਦੀ ਹੈ: ਮਹਿਬੂਬਾ ਮੁਫਤੀ

ਪਾਕਿਸਤਾਨ ਅਤੇ ਕਸ਼ਮੀਰ ਦੀਆਂ ਧਿਰਾਂ ਨਾਲ ਗੱਲਬਾਤ ਕਰਕੇ ਹੀ ਖਿੱਤੇ ਵਿਚ ਸ਼ਾਂਤੀ ਆ ਸਕਦੀ ਹੈ: ਮਹਿਬੂਬਾ ਮੁਫਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਜੰਮੂ ਕਸ਼ਮੀਰ ਅੰਦਰਲੀਆਂ ਧਿਰਾਂ ਨਾਲ ਵਾਰਤਾ ਕਰਕੇ ਅਤੇ ਵੰਡੇ ਹੋਏ ਹਿੱਸਿਆਂ ਨੂੰ ਇਕੱਠਿਆਂ ਕਰਨ ਲਈ ਸਰਹੱਦੀ ਮਾਰਗ ਖੋਲ੍ਹ ਕੇ ਵਾਦੀ ’ਚ ਸ਼ਾਂਤੀ ਅਤੇ ਮਸਲੇ ਦਾ ਪੱਕਾ ਹੱਲ ਕੱਢਿਆ ਜਾ ਸਕਦਾ ਹੈ। ਮਹਿਬੂਬਾ ਨੇ ਭਾਜਪਾ ਨੂੰ ਸਲਾਹ ਦਿੱਤੀ ਕਿ ਊਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀਆਂ ਨੀਤੀਆਂ ਤੋਂ ਸਬਕ ਲੈਣ।

ਮਹਿਬੂਬਾ ਮੁਫਤੀ ਨੇ ਕਿਹਾ ਕਿ ਕਾਰਗਿਲ ਜੰਗ ਅਤੇ ਭਾਰਤੀ ਸੰਸਦ 'ਤੇ ਹਮਲੇ ਦੇ ਬਾਵਜੂਦ ਪ੍ਰਧਾਨ ਮੰਤਰੀ ਵਾਜਪਾਈ ਨੇ ਪਾਕਿਸਤਾਨ ਨਾਲ ਗੱਲਬਾਤ ਜਾਰੀ ਰੱਖੀ ਸੀ ਜਿਸ ਕਰਕੇ ਕਸ਼ਮੀਰ ਵਿਚ ਹਿੰਸਾ ਘਟ ਗਈ ਸੀ ਤੇ ਸਰਹੱਦ 'ਤੇ ਗੋਲੀਬਾਰੀ ਰੁਕ ਗਈ ਸੀ।

ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਕਸ਼ਮੀਰ ਵਿਚ ਨੌਜਵਾਨ ਫੇਰ ਹਥਿਆਰ ਚੁੱਕ ਰਹੇ ਹਨ ਅਤੇ ਉਹ ਜੇਲ੍ਹ ਜਾਣ ਦੀ ਬਜਾਏ ਹਥਿਆਰ ਚੁੱਕ ਕੇ ਲੜਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਮੁਤਾਬਕ ਕੋਈ ਵਿਚਕਾਰਲਾ ਰਾਹ ਨਾ ਬਚਣ ਅਤੇ ਵਿਰੋਧੀ ਸੁਰਾਂ ਦੇ ਖਾਮੋਸ਼ ਹੋਣ ਕਾਰਨ ਨੌਜਵਾਨ ਨਿਰਾਸ਼ ਹਨ। 

ਮਹਿਬੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਨੇ ਧਾਰਾ 370 ਰੱਦ ਕਰਕੇ ਸੰਵਿਧਾਨ ਦਾ ਘਾਣ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਸੂਬੇ ਦੇ ਵਸੀਲਿਆਂ ਨੂੰ ਲੁੱਟਣ ਲਈ ਵਿਕਰੀ ’ਤੇ ਲਗਾ ਦਿੱਤਾ ਹੈ ਤਾਂ ਜੋ ਸਥਾਨਕ ਲੋਕ ਆਪਣੀ ਜ਼ਮੀਨ ਅਤੇ ਰੁਜ਼ਗਾਰ ਤੋਂ ਵਾਂਝੇ ਹੋ ਜਾਣ। ਜੰਮੂ ਦੇ ਪੰਜ ਦਿਨੀਂ ਦੌਰੇ ਦੇ ਅਖੀਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਮੁਫਤੀ ਨੇ ਕਿਹਾ,‘‘ਨਫ਼ਰਤ ਅਤੇ ਵੰਡ ਦੀ ਸਿਆਸਤ ਕਰਕੇ ਮਾਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਵਰਗੇ ਲੋਕਾਂ ਦਾ ਕਸ਼ਮੀਰ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਭਾਜਪਾ ਦੇ ਸ਼ਾਸਨ ’ਚ ਹਿੰਸਾ ਵੱਧ ਗਈ ਹੈ। ਉਹ (ਭਾਜਪਾ) ਆਖ ਰਹੇ ਹਨ ਕਿ ਖਾੜਕੂਵਾਦ ਖ਼ਤਮ ਹੋ ਗਿਆ ਹੈ ਪਰ ਅਸਲੀਅਤ ਇਹ ਹੈ ਕਿ ਹਰੇਕ ਪਿੰਡ ’ਚੋਂ 10 ਤੋਂ 15 ਨੌਜਵਾਨ ਖਾੜਕੂਆਂ ਨਾਲ ਰਲ ਰਹੇ ਹਨ।’’ 

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਖ ਰਹੀ ਹੈ ਕਿ ਕੋਈ ਸਾਡੀ ਇਕ ਇੰਚ ਧਰਤੀ ਲੈ ਕੇ ਦਿਖਾਏ ਜਦਕਿ ਚੀਨ ਨੇ 100 ਸਕੁਏਅਰ ਕਿਲੋਮੀਟਰ ਧਰਤੀ ’ਤੇ ਕਬਜ਼ਾ ਕੀਤਾ ਹੋਇਆ ਹੈ। ‘ਊਹ ਦੂਹਰਾ ਮਾਪਦੰਡ ਕਿਉਂ ਅਪਣਾ ਰਹੇ ਹਨ?’’ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਦੋਵੇਂ ਪਾਸੇ ਸਾਡੇ ਅਪਣੇ ਹਨ ਅਤੇ ਜੇਕਰ ਖਿੱਤੇ ’ਚ ਸ਼ਾਂਤੀ ਬਹਾਲ ਹੋ ਜਾਂਦੀ ਹੈ ਤਾਂ ਚੀਨ ਵੀ ਅੱਖਾਂ ਦਿਖਾਊਣਾ ਬੰਦ ਕਰ ਦੇਵੇਗਾ। -ਪੀਟੀਆਈ

ਭਾਰਤੀ ਝੰਡੇ ਦੇ ਮਸਲੇ 'ਤੇ ਟਿੱਪਣੀ ਕਰਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਝੰਡੇ ਨਾਲ ਤਿਰੰਗਾ ਵੀ ਫੜੇਗੀ। ਸਾਬਕਾ ਮੁੱਖ ਮੰਤਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜਦੋਂ ਤੱਕ ਜੰਮੂ ਕਸ਼ਮੀਰ ਦੇ ਰੁਤਬੇ ਨੂੰ ਬਹਾਲ ਨਹੀਂ ਕਰ ਦਿੱਤਾ ਜਾਂਦਾ, ਉਨ੍ਹਾਂ ਦੀ ਚੋਣਾਂ ਲੜਨ ਅਤੇ ਭਾਰਤੀ ਝੰਡਾ ਫੜਨ ’ਚ ਕੋਈ ਦਿਲਚਸਪੀ ਨਹੀਂ ਹੈ। ਆਰਐੱਸਐੱਸ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਨਿੱਕਰਾਂ ਵਾਲੇ ਜਿਥੇ ਬੈਠਦੇ ਹਨ, ਉਥੇ ਉਹ ਤਿਰੰਗਾ ਨਹੀਂ ਲਹਿਰਾਉਂਦੇ ਪਰ ਉਹ ਸਾਨੂੰ ਭਾਰਤੀ ਝੰਡੇ ਬਾਰੇ ਸਿਖਾ ਰਹੇ ਹਨ।