ਮਾਇਆਵਤੀ ਦੀ ਮਾਇਆ ਭਾਜਪਾ ਦੀ ਰਾਜਨੀਤੀ ਦੇ ਹਿਤ ਵਿਚ

ਮਾਇਆਵਤੀ ਦੀ ਮਾਇਆ ਭਾਜਪਾ ਦੀ ਰਾਜਨੀਤੀ ਦੇ ਹਿਤ ਵਿਚ

ਭਾਜਪਾ ਤਾਂ ਬਸਪਾ ਦੀ ਵਰਤੋਂ ਵੋਟਾਂ ਪਾੜਨ ਲਈ ਕਰਨਾ ਚਾਹੁੰਦੀ ਏ

*ਸੀ ਬੀ ਆਈ ਤੇ ਈ ਡੀ ਤੋਂ ਡਰਦੀ ਨਹੀਂ ਜੁੜ ਰਹੀ ਇੰਡੀਆ ਗੱਠਜੋੜ ਨਾਲ

‘ਇੰਡੀਆ’ ਗੱਠਜੋੜ ਦੀ ਮੁੰਬਈ ਮੀਟਿੰਗ ਤੋਂ ਐਨ ਪਹਿਲਾਂ ਬਸਪਾ ਪ੍ਰਮੁੱਖ ਮਾਇਆਵਤੀ ਦਾ ਇਹ ਬਿਆਨ ਆਇਆ ਹੈ ਕਿ ਉਸ ਦੀ ਪਾਰਟੀ ਨਾ ‘ਇੰਡੀਆ’ ਨਾਲ ਗੱਠਜੋੜ ਕਰੇਗੀ ਤੇ ਨਾ ‘ਐਨ ਡੀ ਏ’ ਨਾਲ। ਇਹ ਹਕੀਕਤ ਹੈ ਕਿ ਬਸਪਾ ਕੋਲ ਉੱਤਰ ਪ੍ਰਦੇਸ਼ ਵਿੱਚ ਹਾਲੇ ਵੀ 15 ਫ਼ੀਸਦੀ ਦੇ ਕਰੀਬ ਦਲਿਤ ਵੋਟ ਹੈ। ਇਸ ਤੋਂ ਇਲਾਵਾ ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟਰ ਵਿੱਚ ਵੀ ਉਸ ਦਾ ਜਨ ਅਧਾਰ ਹੈ। ਇੱਕ ਗੱਲ ਸਾਫ਼ ਹੈ ਕਿ ਭਾਜਪਾ ਨੇ ਕਦੇ ਨਹੀਂ ਕਿਹਾ ਕਿ ਉਹ ਬਸਪਾ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ। ਭਾਜਪਾ ਤਾਂ ਬਸਪਾ ਦੀ ਵਰਤੋਂ ਵੋਟਾਂ ਪਾੜਨ ਲਈ ਕਰਨਾ ਚਾਹੁੰਦੀ ਹੈ। ਇਹ ਪਿਛਲੇ ਤਜਰਬੇ ਤੋਂ ਵੀ ਸਾਫ਼ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੇ 100 ਮੁਸਲਿਮ ਉਮੀਦਵਾਰ ਖੜ੍ਹੇ ਕਰਕੇ ਸਮਾਜਵਾਦੀ ਪਾਰਟੀ ਦੀਆਂ ਕੱਟੀਆਂ ਸਨ, ਜਿਸ ਦਾ ਫਾਇਦਾ ਭਾਜਪਾ ਨੂੰ ਹੋਇਆ ਸੀ। ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਉਹ ਘਰੋਂ ਹੀ ਨਹੀਂ ਸੀ ਨਿਕਲੀ। ਸਿੱਟੇ ਵਜੋਂ ਉਸ ਦੀਆਂ ਪੱਕੀਆਂ ਵੋਟਾਂ ਵੀ ਭਾਜਪਾ ਨੂੰ ਪੈ ਗਈਆਂ ਸਨ ਤੇ ਬਸਪਾ ਦੀ ਵੋਟ ਫੀਸਦੀ 30 ਫ਼ੀਸਦੀ ਤੋਂ ਘਟ ਕੇ 12 ਫ਼ੀਸਦੀ ’ਤੇ ਆ ਗਈ ਸੀ। ਲੋਕ ਸਭਾ ਦੀਆਂ 2019 ਦੀਆਂ ਚੋਣਾਂ ਬਸਪਾ ਨੇ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਲੜੀਆਂ ਸਨ, ਸਿੱਟੇ ਵਜੋਂ ਉਸ ਦੇ 10 ਤੇ ਸਪਾ ਦੇ 5 ਉਮੀਦਵਾਰ ਲੋਕ ਸਭਾ ਵਿੱਚ ਪੁੱਜ ਗਏ ਸਨ। ਇਸ ਚੋਣ ਤੋਂ ਬਾਅਦ ਹੀ ਮਾਇਆਵਤੀ ਨੇ ਭਾਜਪਾ ਦੀ ਬੀ ਟੀਮ ਵਾਂਗ ਵਿਚਰਨਾ ਸ਼ੁਰੂ ਕਰ ਦਿੱਤਾ ਸੀ। ਇਹ ਸਚਾਈ ਹੈ ਕਿ ਮਾਇਅਵਾਤੀ ਵਿਰੁੱਧ ਸੀ ਬੀ ਆਈ ਤੇ ਈ ਡੀ ਕੋਲ ਅਜਿਹੀਆਂ ਫਾਈਲਾਂ ਹਨ, ਜਿਹੜੀਆਂ ਉਸ ਨੂੰ ਜੇਲ੍ਹ ਪੁਚਾ ਸਕਦੀਆਂ ਹਨ। ਮਾਇਆਵਤੀ ਬਹਾਨਾ ਭਾਵੇਂ ਇਹ ਲਾ ਰਹੀ ਹੈ ਕਿ ਉਸ ਦੀਆਂ ਵੋਟਾਂ ਦੂਜਿਆਂ ਨੂੰ ਪੈ ਜਾਂਦੀਆਂ ਹਨ, ਪਰ ਦੂਜਿਆਂ ਦੀਆਂ ਬਸਪਾ ਨੂੰ ਨਹੀਂ ਪੈਂਦੀਆਂ, ਪਰ ਸਚਾਈ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਕਰ ਉਹ ਸਪਾ ਨਾਲ ਸਮਝੌਤਾ ਨਾ ਕਰਦੀ ਤਾਂ ਉਸ ਦੇ 10 ਸਾਂਸਦ ਨਹੀਂ ਸਨ ਬਣਨੇ। ਇਹ ਗੱਲ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਸਾਬਤ ਕਰ ਦਿੱਤੀ ਸੀ, ਜਦੋਂ ਇਕੱਲਿਆਂ 403 ਸੀਟਾਂ ਲੜ ਕੇ ਉਸ ਦੇ ਪੱਲੇ ਇੱਕ ਪਈ ਸੀ।

ਅੱਜ ਬਸਪਾ ਆਪਣੇ ਸਭ ਤੋਂ ਬੁਰੇ ਦਿਨਾਂ ਵਿੱਚੋਂ ਗੁਜ਼ਰ ਰਹੀ ਹੈ। ਉੱਤਰ ਪ੍ਰਦੇਸ਼ ਦੀਆਂ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੇ 206 ਸੀਟਾਂ ਜਿੱਤ ਕੇ ਆਪਣੇ ਦਮ ਉੱਤੇ ਸਰਕਾਰ ਬਣਾਈ ਸੀ, ਪਰ ਅੱਜ ਉਸ ਦਾ ਯੂ ਪੀ ਵਿੱਚ ਇੱਕ ਵਿਧਾਇਕ ਹੈ।

ਭਾਵੇਂ ਮਾਇਆਵਤੀ ਅੱਜ ‘ਇੰਡੀਆ’ ਗੱਠਜੋੜ ਨੂੰ ‘ਐਨ ਡੀ ਏ’ ਬਰਾਬਰ ਰੱਖ ਰਹੀ ਹੈ, ਪਰ ਉਹ ਜਾਣਦੀ ਹੈ ਕਿ ਬਸਪਾ ਨੇ ਜੇਕਰ ਮੁੜ ਆਪਣੇ ਪੈਰਾਂ ਉੱਤੇ ਖੜ੍ਹੀ ਹੋਣਾ ਹੈ, ਤਾਂ ਉਸ ਲਈ ਇੱਕੋ-ਇੱਕ ਰਾਹ ਹੈ ਕਿ ਉਹ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਹੋ ਜਾਵੇ, ਪਰ ਸੀ ਬੀ ਆਈ ਤੇ ਈ ਡੀ ਦਾ ਡੰਡਾ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਹੈ।

ਇਹ ਐਵੇਂ ਨਹੀਂ ਹੋ ਰਿਹਾ ਕਿ ਮਾਇਆਵਤੀ ਦੇ ਬਿਆਨਾਂ ਨੂੰ ਕੋਈ ਤਰਜੀਹ ਹੀ ਨਹੀਂ ਦੇ ਰਿਹਾ। ਨਾ ਕਾਂਗਰਸ ਬੋਲੀ ਹੈ ਤੇ ਸਮਾਜਵਾਦੀ ਪਾਰਟੀ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਇਹੋ ਲੱਭਦਾ ਹੈ ਕਿ ਮਾਇਆਵਤੀ ਲੋਕ ਸਭਾ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੀ ਹੈ। ਮਾਇਆਵਤੀ ਦੀ ਇਸੇ ਮਜਬੂਰੀ ਕਾਰਨ ‘ਇੰਡੀਆ’ ਦੇ ਆਗੂਆਂ ਨੇ ਵੀ ਉਸ ਬਾਰੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਮਾਇਆਵਤੀ ਇਹ ਵੀ ਜਾਣਦੀ ਹੈ ਕਿ ਜੇਕਰ ਉਸ ਨੇ ਭਾਜਪਾ ਨਾਲ ਹੁਣ ਕੋਈ ਸੌਦਾ ਮਾਰਿਆ ਤਾਂ ਇਹ ਉਸ ਲਈ ਆਤਮਘਾਤੀ ਹੋਵੇਗਾ। ਅਸਲ ਵਿੱਚ ਇੱਕੋ ਬਿਆਨ ਵਾਰ-ਵਾਰ ਦੁਹਰਾ ਕੇ ਮਾਇਆਵਤੀ ਆਪਣੀ ਹੋਂਦ ਦਾ ਅਹਿਸਾਸ ਕਰਾ ਰਹੀ ਹੈ। ਇਹ ਹੈਰਾਨੀ ਨਹੀਂ ਹੋਵੇਗੀ, ਜੇਕਰ ਚੋਣ ਐਲਾਨ ਤੋਂ ਬਾਅਦ ਉਹ ਖੁਦ ਚਲ ਕੇ ‘ਇੰਡੀਆ’ ਗੱਠਜੋੜ ਦੇ ਘਰ ਆ ਜਾਵੇ।

 

-