ਸਿੱਖ ਬੀਬੀ ਨੂੰ ਮੋਗਾ ਪੁਲਸ ਵੱਲੋਂ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣਾ ਸਿੱਖ ਕੌਮ ਲਈ ਸਹਿਣ ਤੋਂ ਪਰੇ: ਮਾਨ

ਸਿੱਖ ਬੀਬੀ ਨੂੰ ਮੋਗਾ ਪੁਲਸ ਵੱਲੋਂ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣਾ ਸਿੱਖ ਕੌਮ ਲਈ ਸਹਿਣ ਤੋਂ ਪਰੇ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਦਿਨੀਂ 14 ਅਗਸਤ ਨੂੰ ਮੋਗਾ ਦੇ ਡੀਸੀ ਦਫਤਰ 'ਤੇ ਕੁੱਝ ਨੌਜਵਾਨਾਂ ਵੱਲੋਂ ਸਿੱਖ ਨਿਸ਼ਾਨ ਸਾਹਿਬ ਝੁਲਾਉਣ ਦੇ ਮਾਮਲੇ 'ਚ ਪੁਲਸ ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ। ਸਿਮਰਨਜੀਤ ਸਿੰਘ ਮਾਨ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ, "ਸਾਨੂੰ ਅਤਿ ਭਰੋਸੇਯੋਗ ਪਾਰਟੀ ਵਸੀਲਿਆ ਤੋਂ ਜਾਣਕਾਰੀ ਮਿਲੀ ਹੈ ਕਿ ਜੋ ਬੀਤੇ 14 ਅਗਸਤ ਨੂੰ ਮੋਗਾ ਜਿ਼ਲ੍ਹੇ ਦੇ ਪਿੰਡ ਪੱਖੋਵਾਲ ਦੇ ਨੌਜ਼ਵਾਨਾਂ ਨੇ ਮੋਗਾ ਜਿ਼ਲ੍ਹਾ ਕੰਪਲੈਕਸ ਵਿਖੇ ਖ਼ਾਲਸਾਈ ਝੰਡਾ ਝੁਲਾਇਆ ਸੀ, ਉਨ੍ਹਾਂ ਦੀ ਇਕ ਨੌਜ਼ਵਾਨ ਭੈਣ ਬੀਬਾ ਹਰਵਿੰਦਰ ਕੌਰ, ਉਸਦੇ ਛੋਟੇ ਭਰਾ ਅਤੇ 5 ਹੋਰ ਸਿੱਖ ਨੌਜ਼ਵਾਨਾਂ ਨੂੰ ਚੁੱਕ ਕੇ ਮੋਗਾ ਸੀ.ਆਈ.ਏ. ਸਟਾਫ਼ ਵਿਚ ਰੱਖਕੇ ਤਸੱਦਦ ਢਾਹਿਆ ਜਾ ਰਿਹਾ ਹੈ। ਜੋ ਕਿ ਪੁਲਿਸ ਦੀ ਮਨੁੱਖਤਾ ਵਿਰੋਧੀ ਗੈਰ-ਕਾਨੂੰਨੀ ਅਤਿ ਸ਼ਰਮਨਾਕ ਅਮਲ ਹੈ।"

ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਪੁਲਸ ਕਾਰਵਾਈ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਉਥੇ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਤੇ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੰਜਾਬ ਦੀ ਨੌਜ਼ਵਾਨੀ ਵਿਸ਼ੇਸ਼ ਤੌਰ ਤੇ ਬੀਬੀਆਂ ਨਾਲ ਇਸ ਤਰ੍ਹਾਂ ਦੁਰਵਿਹਾਰ ਕਰਨ ਅਤੇ ਤਸ਼ੱਦਦ ਢਾਹੁਣ ਦੇ ਦੁੱਖਦਾਇਕ ਅਮਲਾਂ ਨੂੰ ਬਿਲਕੁਲ ਵੀ ਸਹਿਣ ਨਹੀਂ ਕਰੇਗੀ। 

ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਤੇ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਇਸ ਬੇਕਸੂਰ ਬੀਬੀ ਅਤੇ ਫੜੇ ਗਏ ਨੌਜ਼ਵਾਨਾਂ ਨੂੰ ਤੁਰੰਤ ਰਿਹਾਅ ਕਰਕੇ ਸਿੱਖ ਕੌਮ ਵਿਚ ਉੱਠ ਰਹੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾਵੇ, ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਹੁਕਮਰਾਨ ਤੇ ਪ੍ਰਸ਼ਾਸ਼ਨ ਜਿ਼ੰਮੇਵਾਰ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ 74 ਸਾਲਾਂ ਤੋਂ ਤਿਰੰਗੇ ਨੂੰ ਸਲਿਊਟ ਕਰਦੇ ਆ ਰਹੇ ਹਾਂ, ਜੇਕਰ ਸਿੱਖ ਨੌਜ਼ਵਾਨਾਂ ਨੇ ਸਿੱਖ ਕੌਮ ਦੀ ਤਰਜਮਾਨੀ ਕਰਦੇ ਹੋਏ ਇਸ ਵਾਰੀ ਖਾਲਸਾਈ ਝੰਡਾ ਝੁਲਾ ਦਿੱਤਾ ਹੈ, ਤਾਂ ਕੱਟੜਵਾਦੀਆਂ ਦੇ ਢਿੱਡੀ ਪੀੜ੍ਹਾ ਪੈਣੀਆ ਕਿਉਂ ਸੁਰੂ ਹੋ ਗਈਆ ਹਨ?