ਕਿੱਥੋਂ ਆ ਰਹੀ ਹੈ ਪੰਜਾਬ ਵਿਚ ਜ਼ਹਿਰਲੀ ਸ਼ਰਾਬ; ਕਾਂਗਰਸੀ ਐਮ.ਐਲ.ਏ ਦੀ ਫੈਕਟਰੀ 'ਤੇ ਉੱਠੀਆਂ ਉਂਗਲਾਂ

ਕਿੱਥੋਂ ਆ ਰਹੀ ਹੈ ਪੰਜਾਬ ਵਿਚ ਜ਼ਹਿਰਲੀ ਸ਼ਰਾਬ; ਕਾਂਗਰਸੀ ਐਮ.ਐਲ.ਏ ਦੀ ਫੈਕਟਰੀ 'ਤੇ ਉੱਠੀਆਂ ਉਂਗਲਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਇਸ ਜ਼ਹਿਰ ਦੇ ਵਪਾਰ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵਪਾਰ ਦਾ ਵੱਡਾ ਮਾਫੀਆ ਪੰਜਾਬ ਵਿਚ ਸਰਗਰਮ ਹੈ ਜੋ ਲਗਭਗ ਹਰ ਸਰਕਾਰ ਮੌਕੇ ਆਪਣੇ ਕਾਲੇ ਧੰਦੇ ਬੇਖੌਫ ਕਰਦਾ ਹੈ। ਸਰਕਾਰ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਹੋਵੇ। ਪਰ ਹੁਣ ਸੈਂਕੜੇ ਤੋਂ ਉੱਤੇ ਬੰਦੇ ਮਰਨ ਤੋਂ ਬਾਅਦ ਜਦੋਂ ਸੱਤਾਧਾਰੀ ਕਾਂਗਰਸ ਦੇ ਕਈ ਉੱਚ ਆਗੂਆਂ ਉੱਤੇ ਵਿਰੋਧੀ ਧਿਰਾਂ ਇਸ ਕਾਲੇ ਧੰਦੇ ਵਿਚ ਸ਼ਾਮਲ ਹੋਣ ਦਾ ਦੋਸ਼ ਲਾ ਰਹੀਆਂ ਹਨ ਤਾਂ ਕਾਂਗਰਸ ਦੇ ਹੀ ਆਗੂ ਸ਼ਰੇਆਮ ਇਹਨਾਂ ਮੌਤਾਂ ਪਿੱਛੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਨਾਂ ਲੈ ਰਹੇ ਹਨ। 

ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ
20 ਦਿਨ ਪਹਿਲਾਂ ਇਲਾਕੇ ਅੰਦਰ ਜ਼ਹਿਰੀਲੀ ਸ਼ਰਾਬ ਕਾਂਡ ਕਾਰਨ ਚਰਚਾ ਵਿੱਚ ਆਏ ਪੰਡੋਰੀ ਗੋਲਾ ਵਿੱਚ ਦੋ ਹੋਰ ਜਣਿਆਂ ਦੀ ਬੀਤੇ 24 ਘੰਟਿਆਂ ਦੌਰਾਨ ਕਥਿਤ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਦੇ ਦੋ ਹੋਰ ਵਿਅਕਤੀਆਂ ਨੂੰ ਇਥੋਂ ਦੇ ਸਿਵਲ ਹਸਪਤਾਲ ਅੰਦਰ ਸਿਹਤ ਵਿਭਾਗ ਦੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ। ਬੀਤੇ ਦਿਨ ਮਾਰੇ ਗਏ ਪਿੰਡ ਦੇ ਵਾਸੀ ਦਿਲਬਾਗ ਸਿੰਘ ਦੀ ਮਾਤਾ ਕੁਲਦੀਪ ਕੌਰ ਨੇ ਥਾਣਾ ਸਦਰ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਆਪਣੇ ਲੜਕੇ ਦੀ ਸ਼ਰਾਬ ਪੀਣ ਨਾਲ ਹੋਈ ਦੱਸੀ ਹੈ, ਜਿਸ ਤਹਿਤ ਪੁਲੀਸ ਨੇ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ। ਦਿਲਬਾਗ ਸਿੰਘ ਤੋਂ ਇਲਾਵਾ ਬੀਤੀ ਅੱਧੀ ਰਾਤ ਨੂੰ ਪਿੰਡ ਦਾ ਵਾਸੀ ਹੀਰਾ ਸਿੰਘ ਵੀ ਇਥੋਂ ਦੇ ਸਿਵਲ ਹਸਪਤਾਲ ਅੰਦਰ ਦਮ ਤੋੜ ਗਿਆ। ਉਸ ਨੇ ਮੰਗਲਵਾਰ ਨੂੰ ਘਬਰਾਹਟ ਤੋਂ ਇਲਾਵਾ ਆਪਣੀਆਂ ਅੱਖਾਂ ਦੀ ਰੋਸ਼ਨੀ ਜਾ ਰਹੀ ਹੋਣ ਦੀ ਸ਼ਿਕਾਇਤ ਕੀਤੀ ਸੀ।

ਰਾਣਾ ਗੁਰਜੀਤ ਸਿੰਘ 'ਤੇ ਲੱਗ ਰਹੇ ਦੋਸ਼
ਮੋਜੂਦ ਪੰਜਾਬ ਸਰਕਾਰ ਵਿਚ ਮੰਤਰੀ ਰਹੇ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ 'ਤੇ ਹਲਕਾ ਭੁੱਲਥ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਗੰਭੀਰ ਦੋਸ਼ ਲਾਏ ਹਨ। ਰਣਜੀਤ ਸਿੰਘ ਰਾਣਾ ਨੇ ਅੰਮ੍ਰਿਤਸਰ ਟਾਈਮਜ਼ ਨਾਲ ਵੀਡੀਓ ਇੰਟਰਵਿਊ ਕਰਦਿਆਂ ਕਿਹਾ ਕਿ ਪੰਜਾਬ ਵਿਚ ਮੌਤਾਂ ਦਾ ਕਾਰਨ ਬਣੀ ਜ਼ਹਿਰੀਲੀ ਸ਼ਰਾਬ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਫੈਕਟਰੀ ਵਿਚੋਂ ਨਿੱਕਲਦੀ ਹੈ। ਇਸ ਵੀਡੀਓ ਇੰਟਰਵਿਊ ਨੂੰ ਤੁਸੀਂ ਇਹ ਲਿੰਕ ਖੋਲ੍ਹ ਕੇ ਦੇਖ ਸਕਦੇ ਹੋ।

ਕਾਂਗਰਸੀ ਐਮ.ਐਲ.ਏ ਨੇ ਸੈਨੇਟਾਈਜ਼ਰ ਦਾ ਨਾਂ ਵਰਤ ਕੇ ਪੰਜਾਬ ਵਿਚ ਵੰਡੀ ਜ਼ਹਿਰੀਲੀ ਸ਼ਰਾਬ

ਰਣਜੀਤ ਸਿੰਘ ਰਾਣਾ ਨੇ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਨੇ ਸੈਨੇਟਾਈਜ਼ਰ ਵੰਡਣ ਦੀ ਆੜ ਹੇਠ ਇਹ ਜ਼ਹਿਰੀਲੀ ਸ਼ਰਾਬ ਵੰਡੀ ਹੈ। ਉਹਨਾਂ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਜਿਹੜੇ ਟੈਂਕਰਾਂ ਨੂੰ ਸੈਨੇਟਾਈਜ਼ਰ ਦੇ ਟੈਂਕਰ ਦੱਸ ਕੇ ਫੈਕਟਰੀ ਤੋਂ ਬਾਹਰ ਕੱਢਦਾ ਸੀ ਉਹਨਾਂ ਵਿਚ ਇਕ ਹਿੱਸਾ ਹੀ ਸੈਨੇਟਾਈਜ਼ਰ ਦਾ ਹੁੰਦਾ ਸੀ, ਬਾਕੀ ਟੈਂਕ ਦੇ ਹਿੱਸਿਆਂ ਵਿਚ ਉਹ ਅਲਕੋਹਲ ਵਾਲਾ ਕੈਮੀਕਲ ਪਾਇਆ ਹੁੰਦਾ ਸੀ ਜਿਸ ਤੋਂ ਦੋ ਨੰਬਰ ਦੀ ਸ਼ਰਾਬ ਬਣਾ ਕੇ ਵੇਚੀ ਜਾਂਦੀ ਹੈ। 

ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਪੰਜਾਬ ਭਰ ਵਿਚ ਆਪਣੀ ਸ਼ਰਾਬ ਫੈਕਟਰੀ ਤੋਂ ਸੈਨੇਟਾਈਜ਼ਰ ਬਣਾ ਕੇ ਛਿੜਕਾਉਣ ਅਤੇ ਵੰਡਣ ਦਾ ਕੰਮ ਕੀਤਾ ਸੀ। ਇਸ ਲਈ ਖਾਸ ਸੈਨੇਟਾਈਜ਼ਰ ਦੀਆਂ ਬੋਤਲਾਂ ਬਣਾਈਆਂ ਗਈਆਂ ਜਿਹਨਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲੱਗੀ ਹੋਈ ਸੀ।

ਕਿਵੇਂ ਚਲਦਾ ਹੈ ਇਸ ਜ਼ਹਿਰੀਲੀ ਸ਼ਰਾਬ ਦਾ ਵਪਾਰ
ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ 100 ਫੀਸਦੀ ਅਲਕੋਹਲ ਵਾਲਾ ਕੈਮੀਕਲ ਦੋ ਨੰਬਰ ਵਿਚ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਹੈ ਜਿੱਥੇ ਕਰਿੰਦੇ ਇਕ ਤੈਅ ਮਾਪ ਵਿਚ ਇਸ ਕੈਮੀਕਲ ਅਤੇ ਪਾਣੀ ਨੂੰ ਮਿਲਾ ਕੇ ਦੋ ਨੰਬਰ ਦੀ ਸ਼ਰਾਬ ਤਿਆਰ ਕਰਦੇ ਹਨ। ਇਸ ਤਰ੍ਹਾਂ ਇਹ ਸ਼ਰਾਬ ਐਕਸਾਈਜ਼ ਵਿਭਾਗ ਦੀਆਂ ਨਜ਼ਰਾਂ ਤੋਂ ਬਚੀ ਰਹਿੰਦੀ ਹੈ ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਚੂਨਾ ਲੱਗਦਾ ਹੈ ਅਤੇ ਵਪਾਰ ਕਰਨ ਵਾਲੇ ਲੋਕ ਮੋਟੀ ਕਮਾਈ ਕਰਦੇ ਹਨ। ਪਰ ਇਹ ਸ਼ਰਾਬ ਤਿਆਰ ਕਰਨ ਵੇਲੇ ਕੀਤੀ ਛੋਟੀ ਜਿਹੀ ਅਣਗਿਹਲੀ ਵੀ ਪੀਣ ਵਾਲਿਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਅਜਿਹਾ ਹੀ ਪੰਜਾਬ ਵਿਚ ਹੋਈਆਂ ਮੌਤਾਂ ਦੇ ਮਾਮਲੇ 'ਚ ਸਾਹਮਣੇ ਆ ਰਿਹਾ ਹੈ। 

ਵਿਰੋਧੀ ਧਿਰਾਂ ਵੱਲੋਂ ਸੀਬੀਆਈ ਜਾਂਚ ਦੀ ਮੰਗ
ਭਾਵੇਂ ਕਿ ਪੰਜਾਬ ਸਰਕਾਰ ਨੇ ਬੀਤੇ ਦਿਨਾਂ ਦੌਰਾਨ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਪਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜਦੋਂ ਦੋਸ਼ੀ ਵੱਡੇ ਸਿਆਸੀ ਆਗੂ ਹੋਣ ਤਾਂ ਮੈਜਿਸਟ੍ਰੇਟ ਨਿਰਪੱਖ ਜਾਂਚ ਨਹੀਂ ਕਰ ਸਕਦਾ। ਇਸ ਲਈ ਵਿਰੋਧੀ ਧਿਰਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਮੋਜੂਦਾ ਜੱਜ ਤੋਂ ਕਰਾਉਣ ਦੀ ਮੰਗ ਕਰ ਰਹੀਆਂ ਹਨ। 

ਪੰਡੋਰੀ ਗੋਲਾ ਦੀਆਂ ਮੌਤਾਂ 'ਤੇ ਪੁਲਸ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ
ਮੁੱਢਲੇ ਤੌਰ 'ਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਚਲ ਰਹੇ ਵਿਅਕਤੀਆਂ ਅਨੁਸਾਰ ਇਹ ਘਟਨਾ ਵੀ ਜ਼ਹਿਰੀਲੀ ਸ਼ਰਾਬ ਕਾਂਡ ਨਾਲ ਜਾ ਜੁੜਦੀ ਹੈ। ਇਸ ਦੇ ਐਨ ਉਲਟ ਗੋਇੰਦਵਾਲ ਸਾਹਿਬ ਦੇ ਡੀਐੱਸਪੀ (ਅਪ੍ਰੇਸ਼ਨ) ਇਕ਼ਬਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਨੂੰ ਜ਼ਹਿਰੀਲੀ ਸ਼ਰਾਬ ਨਾਲ ਜੋੜੇ ਨੂੰ ਜਾਣ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਹੈ ਅਤੇ ਕਿਹਾ ਕਿ ਇਸ ਸਬੰਧੀ ਕੁਝ ਵੀ ਕਹਿਣ ਤੋਂ ਪਹਿਲਾਂ ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਕਰਨੀ ਹੋਵੇਗੀ। 

ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਇਸ ਪਿੰਡ ਦੇ 11 ਜਣਿਆਂ ਦੀ ਮੌਤ ਹੋ ਗਈ ਸੀ ਅਤੇ ਇਸ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਬੱਬੂ, ਕਈ ਹੋਰਨਾਂ ਖਿਲਾਫ਼ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ਾਂ ਅਧੀਨ ਕੇਸ ਕੀਤੇ ਹਨ। ਸਿਹਤ ਵਿਭਾਗ ਦੀ ਨਿਗਰਾਨੀ ਹੇਠ 35 ਸਾਲਾ ਰਾਮਪਾਲ ਸਿੰਘ ਅਤੇ ਮ੍ਰਿਤਕ ਹੀਰਾ ਸਿੰਘ ਦੇ ਭਰਾ ਧੀਰਾ ਸਿੰਘ ਨੇ ਦਿਲਬਾਗ ਸਿੰਘ ਤੇ ਹੀਰਾ ਸਿੰਘ ਦੀ ਮੌਤ ਦਾ ਕਾਰਨ ਜ਼ਹਿਰੀਲੀ ਸ਼ਰਾਬ ਹੀ ਆਖਿਆ ਹੈ। 

ਰਾਮਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਸੋਮਵਾਰ ਦੀ ਰਾਤ ਵੇਲੇ ਪਿੰਡ ਤੋਂ ਹੀ 50 ਰੁਪਏ ਦੀ ਪਊਆ ਦੇਸ਼ੀ ਸ਼ਰਾਬ ਲੈ ਕੇ ਪੀਤੀ ਸੀ ਜਦਕਿ ਧੀਰਾ ਸਿੰਘ ਨੇ ਕਿਹਾ ਕਿ ਉਸ ਨੇ ਤਾਂ ਆਪਣੇ ਭਰਾ ਹੀਰਾ ਸਿੰਘ ਵਲੋਂ ਲਿਆਂਦੀ ਸ਼ਰਾਬ ਜਿਵੇ ਹੀ ਪੀਤੀ ਤਾਂ ਉਸਨੂੰ ਸ਼ਰਾਬ ਜ਼ਹਿਰੀਲੀ ਲੱਗੀ ਜਿਸ ਕਰਕੇ ਉਸ ਨੇ ਪੀਣ ਤੋਂ ਨਾਹ ਕਰ ਦਿੱਤੀ। ਦੋਵੇਂ ਮ੍ਰਿਤਕ ਗਰੀਬ ਹਨ। 

ਦਿਲਬਾਗ ਸਿੰਘ ਦੀਆਂ ਤਿੰਨ ਲੜਕੀਆਂ ਹਨ ਤੇ ਇਕ ਲੜਕੀ ਦੋ ਹਫਤਿਆਂ ਦੀ ਹੀ ਹੈ। ਰਾਮਪਾਲ ਸਿੰਘ ਨੇ ਦੱਸਿਆ ਕਿ ਉਹ ਰੋਜ਼ ਹੀ ਪਿੰਡ ਤੋਂ ਨਾਜਾਇਜ਼ ਸ਼ਰਾਬ ਪੀਣ ਜਾਂਦਾ ਰਿਹਾ ਹੈ, ਜਿਹੜੀ ਅਜੇ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਐੱਸਐੱਸਪੀ ਧਰੁਮਨ ਨਿੰਬਾਲੇ ਨੇ ਆਪਣੇ ਸਾਥੀ ਪੁਲੀਸ ਅਧਿਕਾਰੀਆਂ ਨਾਲ ਹਸਪਤਾਲ ਹਸਪਤਾਲ ਦਾ ਦੌਰਾ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।