ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਕਿਸਾਨਾਂ ਦੇ ਹੱਕ 'ਚ ਲੰਡਨ ਵਿੱਚ ਕੀਤਾ ਗਿਆ ਵੱਡਾ ਰੋਸ ਪ੍ਰਦਰਸ਼ਨ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਕਿਸਾਨਾਂ ਦੇ ਹੱਕ 'ਚ ਲੰਡਨ ਵਿੱਚ ਕੀਤਾ ਗਿਆ ਵੱਡਾ ਰੋਸ ਪ੍ਰਦਰਸ਼ਨ

"ਦਸ ਹਜਾਰ ਦੇ ਕਰੀਬ ਕਾਰਾਂ, ਜੀਪਾਂ, ਟਰੈਕਟਰਾਂ, ਟਰੱਕਾਂ ਅਤੇ ਮੋਟਰਸਾਈਕਲਾਂ ਨੇ ਲੰਡਨ ਵਿੱਚ ਦਿੱਤੀ ਇਤਿਹਾਸਕ ਦਸਤਕ"

ਲੰਡਨ- ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਹਿਮਾਇਤ ਵਿੱਚ ਬੀਤੇ ਐਤਵਾਰ ਲੰਡਨ ਸਥਿਤ ਭਾਰਤੀ ਦੂਤਘਰ (ਅੰਬੈਸੀ ) ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਭਾਰਤ ਵਿੱਚ ਵਸਦੇ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਰੋਸ ਪ੍ਰਦਰਸ਼ਨ ਪੰਜਾਬ ਸਮੇਤ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਕਾਲੇ ਕਨੂੰਨ ਰੱਦ ਕਰਵਾਉਣ ਲਈ ਵਿੱਢੇ ਗਏ ਅੰਦੋਲਨ ਦਾ ਪੂਰਾ ਸਮਰਥਨ ਕਰਦਿਆਂ, ਆਪਣੇ ਕਿਸਾਨ ਭਰਾਵਾਂ ਦੀ ਅਵਾਜ਼ ਅੰਤਰਰਾਸ਼ਟਰੀ ਪੱਧਰ ਤੇ ਬੁਲੰਦ ਕਰਨ ਅਤੇ ਕਿਸਾਨਾਂ ਦੇ ਹੱਕੀ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਕੀਤਾ ਗਿਆ। ਇਸ ਵਿਚ ਯੂ,ਕੇ ਭਰ ਦੇ ਵੱਖ ਵੱਖ ਸ਼ਹਿਰਾਂ ਤੋਂ ਕਿਸਾਨਾਂ ਦੇ ਹਮਦਰਦਾਂ ਪੁੱਜ ਸ਼ਮੂਲੀਅਤ ਕੀਤੀ। ਸਮੁੱਚੇ ਮੁਜਾਹਰਾਕਾਰੀਆਂ ਵਲੋਂ ਜਿੱਥੇ ਕਿਸਾਨਾਂ ਦੇ ਹੱਕ ਵਿੱਚ ਜਬਰਦਸਤ ਨਾਹਰੇਬਾਜੀ ਕੀਤੀ ਗਈ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਰਪੋਰੇਟ ਘਰਾਣਿਆਂ ਖਾਸਕਰ ਅੰਬਾਨੀ ,ਅਡਾਨੀ ਦੇ ਖਿਲਾਫ ਰੱਜ ਕੇ ਵਿਰੋਧਮਈ ਅਵਾਜ਼ ਬੁਲੰਦ ਕੀਤੀ ਗਈ। ਹਰ ਪਾਸੇ ਨੀਲੀਆਂ, ਕੇਸਰੀ ਅਤੇ ਹਰੀਆਂ ਦਸਤਾਰਾਂ ਅਤੇ ਚੁੰਨੀਆਂ ਦਾ ਹੜ੍ਹ ਨਜ਼ਰ ਆ ਰਿਹਾ ਸੀ। ਇਸੇ ਦੌਰਾਨ ਹੀ ਯੂ.ਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਨੌਜਵਾਨਾਂ ਨੇ ਕਾਰ ਰੈਲੀਆਂ ਸ਼ਰੂ ਕੀਤੀਆਂ ਜਿਹਨਾਂ ਦੀ ਸਮਾਪਤੀ ਭਾਰਤੀ ਅੰਬੈਸੀ ਮੂਹਰੇ ਕੀਤੀ ਗਈ। ਅੰਦਾਜਨ ਦਸ ਹਜਾਰ ਦੇ ਕਰੀਬ ਕਾਰਾਂ, ਜੀਪਾਂ, ਟਰੱਕਾਂ, ਟਰੈਕਟਰਾਂ, ਮੋਟਰਸਾਈਕਲਾਂ ਨੇ ਲੰਡਨ ਵਿੱਚ ਪੁੱਜਣਾ ਕੀਤਾ। 
 

ਲੰਡਨ ਸ਼ਹਿਰ ਦਾ ਟ੍ਰੈਫਿਕ ਪੂਰੀ ਤਰਾਂ ਕਈ ਘੰਟੇ ਠੱਪ ਰਿਹਾ। ਰੋਸ ਮੁਜਾਹਰਾ ਦਾ ਟਾਈਮ ਭਾਵੇਂ 12 ਵਜੇ ਤੋਂ 2 ਵਜੇ ਦਾ ਸੀ ਪਰ 3 ਵਜੇ ਤੱਕ ਵੀ ਕਾਰ ਰੈਲੀਆਂ ਪੂਰੀ ਤਰਾਂ ਭਾਰਤੀ ਅੰਬੈਸੀ ਅੱਪੜ ਨਾ ਸਕੀਆਂ। ਹਰ ਪਾਸੇ ਕੇਸਰੀ ਅਤੇ ਨੀਲੇ ਝੰਡਿਆਂ ਵਾਲੀਆਂ ਕਾਰਾਂ, ਜੀਪਾਂ ਹੀ ਨਜ਼ਰ ਆ ਰਹੀਆਂ ਸਨ। ਵੱਡ ਅਕਾਰੀ ਪੋਸਟਰਾਂ ਤੇ ਜਿੱਥੇ ਨਰਿੰਦਰ ਮੋਦੀ ਨੂੰ ਕਾਤਲ ਲਿਖਿਆ ਹੋਇਆ ਸੀ ਉੱਥੇ "ਨੋ ਫਾਰਮਰ ਨੋ ਫੂਡ" ਦੇ ਬੈਨਰ ਕਾਰਾਂ 'ਤੇ ਲੱਗੇ ਹੋਏ ਸਨ। ਇਸ ਮੌਕੇ ਭਾਈ ਅਮਰੀਕ ਸਿੰਘ ਗਿੱਲ, ਭਾਈ ਹਰਦੀਸ਼ ਸਿੰਘ, ਭਾਈ ਨਿਰਮਲ ਸਿੰਘ ਸੰਧੂ, ਭਾਈ ਜਸ ਸਿੰਘ ਡਰਬੀ, ਭਾਈ ਦਵਿੰਦਰਜੀਤ ਸਿੰਘ, ਭਾਈ ਰਜਿੰਦਰ ਸਿੰਘ ਚਿੱਟੀ ਅਤੇ ਭਾਈ ਜਗਵਿੰਦਰ ਸਿੰਘ, ਭਾਈ ਪਵਿੱਤਰ ਸਿੰਘ ਖੈਰਾ ਕਾਵੈਂਟਰੀ ਨੇ ਆਖਿਆ ਕਿ ਜਿਸ ਤਰਾਂ ਕਾਰ ਰੈਲੀਆਂ ਰਾਹੀਂ ਆਪ ਮੁਹਾਰੇ ਲੋਕ ਇੱਥੇ ਪੁੱਜੇ ਹਨ, ਇਹ ਇੱਕ ਇਤਿਹਾਸਕ ਵਰਤਾਰਾ ਅਤੇ ਭਾਰਤ ਦੀ ਹਿੰਦੂਤਵੀ ਭਾਜਪਾ ਸਰਕਾਰ ਖਿਲਾਫ ਗੁੱਸੇ ਦੀ ਪ੍ਰਤੱਖ ਮਿਸਾਲ ਹੈ। 
 

ਜਿਕਰਯੋਗ ਹੈ ਕਿ ਭਾਰਤ ਦੀ ਹਿੰਦੂਤਵੀ ਕੇਂਦਰ ਸਰਕਾਰ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਕਿਸਾਨ ਵਿਰੋਧੀ ਇਹ ਕਾਲੇ ਕਨੂੰਨ ਬਣਾਏ ਹਨ। ਇਸੇ ਹੀ ਫਿਰਕੂ ਭਾਵਨਾ ਤਹਿਤ ਕਸ਼ਮੀਰ ਵਿੱਚ ਧਾਰਾ 370  ਨੂੰ ਖਤਮ ਕੀਤਾ ਗਿਆ ਅਤੇ ਵੱਖਰੇ ਸੂਬੇ ਹੋਂਦ ਵਿੱਚ ਲਿਆਂਦੇ ਹਨ। ਇਸੇ ਹੀ ਫ੍ਰਿਕਾਪ੍ਰਸਤ ਨੀਤੀ ਤਹਿਤ ਕਿਸਾਨੀ ਨੂੰ ਤਹਿਤ ਨਹਿਸ ਕਰਕੇ, ਕਿਸਾਨਾਂ ਦੀਆਂ ਜਮੀਨਾਂ ਨੂੰ ਹਥਿਆਉਣ ਵਾਸਤੇ ਇਹ ਤਿੰਨ ਕਨੂੰਨ ਲਿਆਂਦੇ ਹਨ। ਕਿੰਨੀ ਅਜੀਬ ਗੱਲ ਹੈ ਕਿ ਅਗਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾ ਦੇਵੇ ਤਾਂ ਉਸ ਵਾਸਤੇ 5 ਸਾਲ ਦੀ ਕੈਦ ਅਤੇ ਇੱਕ ਕਰੋੜ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਵਾਲਾ ਵੱਖਰਾ ਕਨੂੰਨ ਬਣਾ ਦਿੱਤਾ ਗਿਆ ਹੈ । ਜੋ ਕਿ ਕਿਸਾਨ ਭਰਾਵਾਂ ਵਾਸਤੇ ਘਿਨਾਉਣਾ ਜਬਰ ਅਤੇ ਜੁਲਮ ਹੈ।