ਵਿਸ਼ਾਲ ਅਤੇ ਇਤਿਹਾਸਕ ਹੋ ਨਿਬੜੀ ਕੈਲੀਫੋਰਨੀਆ ਵਿੱਚ ਕਿਸਾਨ ਪੱਖੀ ਰੈਲੀ

ਵਿਸ਼ਾਲ ਅਤੇ ਇਤਿਹਾਸਕ ਹੋ ਨਿਬੜੀ ਕੈਲੀਫੋਰਨੀਆ ਵਿੱਚ ਕਿਸਾਨ ਪੱਖੀ ਰੈਲੀ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਅੱਜ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖ ਢੰਗਾਂ ਰਾਹੀਂ ਅਮਰੀਕਨ ਪੰਜਾਬੀਆਂ ਨੇ ਦਿੱਲੀ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ ਦੇ ਪੱਖ ਵਿੱਚ ਕਾਰ ਟਰੱਕ ਰੋਡ ਸ਼ੋਅ, ਮੁਜਾਹਰੇ, ਕੌਂਸਲੇਟਾਂ ਅੱਗੇ ਪ੍ਰਦਰਸ਼ਨ ਕੀਤੇ ਤੇ ਜਿਸ ਵਿੱਚ ਹਜਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।

ਕਿਸਾਨੀਂ ਕਾਨੂੰਨ ਦੇ ਵਿਰੁੱਧ ਵਿੱਚ ਸ਼ਾਂਤਮਈ ਪ੍ਰਦਰਸ਼ਨ ਵਿਚ ਲੋਕਾਂ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ। ਸੈਕਰਾਮੈਂਟੋ ਦੇ 49 ਟਰੱਕ ਪਲਾਜਾ ਤੋਂ ਭਾਰੀ ਗਿਣਤੀ ਚ ਓਕਲੈਂਡ ਨੂੰ ਕਾਰ ਟਰੱਕ ਕਾਫਲਾ ਰਵਾਨਾ ਹੋਇਆ ਤੇ ਉਸਤੋਂ ਬਾਦ ਸੈਨਫਰਾਂਸਿਸਕੋ ਭਾਰਤੀ ਕੌਸ਼ਲੇਟ ਦੇ ਅੱਗੋਂ ਦੀ ਗੁਜਰਦਾ ਹੋਇਆ ਸੰਪੰਨ ਹੋਇਆ ਤੇ ਭਾਰਤੀ ਕੌਂਸਲੇਟ ਆਗੇ ਮੁਜਾਹਰਾਕਾਰੀਆਂ ਤੇ ਕਿਸਾਨਾਂ ਦੇ ਹਤੈਸ਼ੀਆਂ ਨੇ ਜੰਮ ਕੇ ਪ੍ਰਦਰਸ਼ਨ ਵੀ ਕੀਤਾ ਤੇ ਭਾਰਤੀ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ, ਵੱਖ ਵੱਖ ਥਾਵੀਂ ਬੁਲਾਰਿਆਂ ਨੇ ਕਿਹਾ ਕਿ ਇਹ ਖੇਤੀਬਾੜੀ ਸਮੂਹ ਅਤੇ ਕਿਸਾਨ ਦੇ ਜੀਵਨ ਨੂੰ ਖਤਮ ਕਰਨਾ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਹੋ ਰਿਹਾ ਹੈ। ਸੈਂਨ ਫਰਾਂਸਿਸਕੋ ਤੋਂ ਇਲਾਵਾ ਇੰਡੀਅਨਐਪਲਿਸ, ਓਕਲੈਂਡ, ਨਿਉ ਜਰਸੀ ਤੇ ਹੋਰ ਕਈ ਅਮਰੀਕਾ ਦੇ ਸ਼ਹਿਰਾਂ ਵਿੱਚ ਮੁਜਾਹਰੇ ਕਰਨ ਦੀ ਖਬਰਾਂ ਹਨ। 

ਭਾਰਤ ਵਿੱਚ ਬੀ ਜੇ ਪੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਬਿੱਲਾਂ ਦਾ ਵਿਰੋਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਪੰਜਾਬ ਦੀ ਧਰਤੀ ਤੋ ਉੱਠਿਆ ਰੋਹ ਜਿੱਥੇ ਭਾਰਤ ਦੇ ਕੋਨੇ ਕੋਨੇ ਤੱਕ ਫੈਲ ਗਿਆ ਉੱਥੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪੰਜਾਬੀਆਂ ਵੱਲੋਂ ਹਰ ਸੰਭਵ ਤਰੀਕੇ ਨਾਲ ਕਿਸਾਨ ਮਾਰੂ ਬਿੱਲਾਂ ਵਿਰੁੱਧ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਂ ਕਿ ਦੁਨੀਆਂ ਦੇ ਸਾਹਮਣੇ ਭਾਰਤੀ ਹਾਕਮਾਂ ਦੀਆਂ ਕੂਟ ਨੀਤੀਆਂ ਅਤੇ ਮਾਰੂ ਬਿੱਲਾਂ ਦਾ ਪ੍ਰਗਟਾਵਾ ਕੀਤਾ ਜਾ ਸਕੇ । ਪਿਛਲੇ ਦੋ ਹਫ਼ਤਿਆਂ ਤੋ ਦਿੱਲੀ ਵਿੱਚ ਖੁੱਲ੍ਹੇ ਅਸਮਾਨ ਥੱਲੇ ਮੋਰਚੇ ਤੇ ਬੈਠੇ ਹੋਏ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੈਲੀ ਵਿੱਚ ਕੈਲੇਫੋਰਨੀਆ ਦੇ ਕੋਨੇ ਕੋਨੇ ਤੋ ਪਹੁਚੇ ਕਿਸਾਨੀ ਦਾ ਦਰਦ ਰੱਖਣ ਵਾਲੇ ਪੰਜਾਬੀਆਂ ਨੇ ਇਹ ਸਾਬਤ ਕਰ ਦਿੱਤਾ ਕਿਸਾਨ ਦਾ ਆਪਣੀ ਮਿੱਟੀ ਨਾਲ ਕਿੰਨਾ ਮੋਹ ਹੈ । ਤਕਰੀਬਨ ਦੁਪਹਿਰ ਬਾਰਾਂ ਵਜੇ ਦੇ ਕਰੀਬ ਓਕਲੈਡ ਸ਼ਹਿਰ ਤੋ ਵਿਸ਼ਾਲ ਕਾਰਾਂ ,ਮੋਟਰ ਸਾਈਕਲਾਂ ,ਟਰੱਕਾਂ ਤੇ ਟਰੈਕਟਰਾਂ ਦਾ ਕਾਫ਼ਲਾ ਤੁਰਿਆ ਜਿਹੜਾ ਦੇਰ ਰਾਤ ਤੱਕ ਸੈਨ ਫਰਾਸਿਸਕੋ ਤੋ ਹੁੰਦਾ ਹੋਇਆਂ ਵਾਪਸ ਓਕਲੈਡ ਆਕੇ ਸਮਾਪਤ ਹੋਇਆਂ । 
 

ਇਸ ਰੈਲੀ ਵਿੱਚ ਸੈਕਰਾਮੈਂਟੋ, ਯੂਬਾ ਸਿਟੀ, ਸਟਾਕਟਨ, ਸੈਨਹੋਜੇ, ਫੇਅਰ ਫੀਲਡ, ਓਕਲੈਂਡ, ਫਰਿਜਨੋਂ, ਫਰੀਮਾਂਟ, ਮਿਲਪੀਟਸ, ਐਲਕ ਗਰੋਵ, ਟਰੇਸੀ, ਟਰਲੱਕ ਆਦਿ ਸ਼ਹਿਰਾਂ ਤੋਂ ਲਿਕਾਂ ਨੇ ਸਮੂਲੀਅਤ ਕੀਤੀ । ਇਸ ਰੈਲੀ ਨੂੰ ਨੇਪਰੇ ਚਾੜਨ ਵਾਲੇ ਅਮਰੀਕਾ ਦੇ ਪੰਜਾਬੀ ਨੌਜਵਾਨ ਸਨ ਜਿਹਨਾਂ ਨੇ ਕੁਝ ਹੀ ਦਿਨਾਂ ਵਿੱਚ ਦਿਨ ਰਾਤ ਇਕ ਕਰਕੇ ਇਸ ਇਤਿਹਾਸਿਕ ਰੈਲੀ ਨੂੰ ਕਾਮਯਾਬ ਕੀਤਾ । ਪ੍ਰਬੰਧਕਾਂ ਦੇ ਅੰਦਾਜ਼ੇ ਤੋ ਉਲਟ ਭਾਰੀ ਇਕੱਠ ਹੋਇਆਂ ਜਿਸ ਇਕੱਠ ਨੇ ਇਹ ਦਰਸਾ ਦਿੱਤਾ ਕਿ ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਪਹੁੰਚ ਜਾਣ ਉਹ ਆਪਣੀ ਜੰਮਣ ਭੋਇ ਦਾ ਕਰਜ਼ਾ ਨਹੀਂ ਭੁੱਲਾ ਸਕਦੇ ਉਹਨਾਂ ਦੀਆ ਆਉਣ ਵਾਲ਼ੀਆਂ
ਪੀੜੀਆਂ ਵੀ ਉਹਨਾਂ ਦੀ ਵਿਰਾਸਤ ਨੂੰ ਸੰਭਾਲ਼ਣਾ ਜਾਣਦੀਆਂ ਹਨ । 

 

ਪ੍ਰਬੰਧਕਾਂ ਨੇ ਰੈਲੀ ਵਿੱਚ ਪਹੁੰਚਣ ਵਾਲੇ ਹਰ ਵਿਆਕਤੀ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਦਿੱਲੀ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਪੂਰਨ ਵਿਸ਼ਵਾਸ ਦਿਵਾੳਦੇ ਹਾਂ ਕਿ ਬਦੇਸ਼ੀ ਬੈਠੇ ਜਿੰਨੇ ਜੋਗੇ ਵੀ ਹਾਂ ਤੁਹਾਡੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ।