ਲੁਧਿਆਣਾ 'ਚ ਪ੍ਰਵਾਸੀ ਮਜ਼ਦੂਰਾਂ ਨੇ ਤੋੜਿਆ ਕਰਫਿਊ; ਪੁਲਸ ਨੇ ਪਿਆਰ ਭਰੀ ਕਾਰਵਾਈ ਨਾਲ ਮਾਹੌਲ ਸ਼ਾਂਤ ਕਰਵਾਇਆ

ਲੁਧਿਆਣਾ: ਪੰਜਾਬ ਦੇ ਸਭ ਤੋਂ ਵੱਧ ਪ੍ਰਵਾਸੀ ਅਬਾਦੀ ਵਾਲੇ ਸ਼ਹਿਰ ਲੁਧਿਆਣਾ ਵਿਚ ਅੱਜ ਸਵੇਰੇ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਭੀੜ ਕਰਫਿਊ ਨੂੰ ਤੋੜ ਕੇ ਸੜਕਾਂ 'ਤੇ ਇਕੱਠੀ ਹੋ ਗਈ। ਸਥਾਨਕ ਸ਼ੇਰਪੁਰ ਇਲਾਕੇ ਦੇ ਵਿਚ ਉਸ ਵੇਲੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਵਿਖਾਈ ਦਿੱਤੀਆਂ ਜਦੋਂ ਸੈਂਕੜਿਆਂ ਦੀ ਤਾਦਾਦ 'ਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਸੜਕ 'ਤੇ ਉੱਤਰ ਆਏ। 

ਮਜ਼ਦੂਰਾਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਸੜਕ 'ਤੇ ਉੱਤਰਨਾ ਪੈ ਰਿਹਾ ਹੈ। ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਸਥਾਨਕ ਕੌਂਸਲਰ ਬੀਤੀ ਰਾਤ ਜੋ ਰਾਸ਼ਨ ਲੈ ਕੇ ਆਇਆ ਸੀ ਉਸ ਨੂੰ ਪਹਿਲਾਂ ਹੀ ਰੱਜੇ ਪੁੱਜੇ ਲੋਕਾਂ ਨੂੰ ਦੇ ਦਿੱਤਾ ਗਿਆ ਜਿਸ ਕਰਕੇ ਇਹ ਪੂਰਾ ਵਿਵਾਦ ਹੋਇਆ। 

ਉਧਰ ਇਹ ਸੂਚਨਾ ਮਿਲਦਿਆਂ ਹੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬੜੇ ਪਿਆਰ ਨਾਲ ਮਾਮਲਾ ਸ਼ਾਂਤ ਕਰਵਾਇਆ ਅਤੇ ਮਜ਼ਦੂਰ ਵਰਗ ਦੇ ਆਗੂਆਂ ਤੋਂ ਵੱਖ ਵੱਖ ਲਿਸਟਾਂ ਲਈਆਂ ਅਤੇ ਉਨ੍ਹਾਂ ਨੂੰ ਰਾਸ਼ਨ ਪਹੁੰਚਾਉਣ ਦਾ ਭਰੋਸਾ ਦਿੱਤਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।