ਢੱਡਰੀਆਂ ਵਾਲਾ ਖਿਲਾਫ ਬੋਲਣ 'ਤੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ

ਢੱਡਰੀਆਂ ਵਾਲਾ ਖਿਲਾਫ ਬੋਲਣ 'ਤੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ

ਬਾਬਾ ਬਕਾਲਾ ਸਾਹਿਬ: ਪੰਜਾਬ ਪੁਲਸ ਵੱਲੋਂ ਬੀਤੇ ਕੁੱਝ ਦਿਨਾਂ 'ਚ ਪੰਜਾਬ ਭਰ 'ਚ ਸੋਸ਼ਲ ਮੀਡੀਆ ਪੋਸਟਾਂ ਦੇ ਹਵਾਲੇ ਨਾਲ ਕਈ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੀ ਇਸ ਕਾਰਵਾਈ ਨੂੰ ਬੋਲਣ ਦੀ ਅਜ਼ਾਦੀ 'ਤੇ ਹਮਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਪਰ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ। ਅਜੀਤ ਅਖਬਾਰ ਦੀ ਖਬਰ ਮੁਤਾਬਕ ਅੱਜ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੀ ਪੁਲਸ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖ਼ਿਲਾਫ਼ ਫੇਸਬੁੱਕ ਤੇ ਵੀਡੀਉ ਵਾਇਰਲ ਕਰਨ ਵਾਲੇ ਢਾਡੀ ਭਾਈ ਜਸਵੀਰ ਸਿੰਘ ਮਾਨ ਪੁੱਤਰ ਦੇਸਾ ਸਿੰਘ, ਵਾਸੀ ਪਿੰਡ ਬਲਸਰਾਏ, ਤਹਿਸੀਲ ਬਾਬਾ ਬਕਾਲਾ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਪੁਲਿਸ ਵੱਲੋਂ 11 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਢੱਡਰੀਆਂ ਵਾਲਾ ਵੱਲੋਂ ਪੁਲਿਸ ਦੇ ਹੱਕ ਵਿਚ ਨਿੱਤਰਨ 'ਤੇ ਉਕਤ ਢਾਡੀ ਜਸਬੀਰ ਸਿੰਘ ਮਾਨ ਵੱਲੋਂ ਢੱਡਰੀਆਂ ਵਾਲਾ ਦੇ ਖ਼ਿਲਾਫ਼ ਫੇਸਬੁੱਕ ਤੇ ਵੀਡੀਉ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ ਢਾਡੀ ਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਥਾਣਾ ਬਿਆਸ ਵਿਖੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਪੁਲਿਸ ਨੇ ਭਾਈ ਮਾਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਮੈਡੀਕਲ ਕਰਾਉਣ ਉਪਰੰਤ ਐੱਸ.ਡੀ.ਜੇ.ਐਮ. ਬਾਬਾ ਬਕਾਲਾ ਸਾਹਿਬ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਕਿ ਜੱਜ ਨੇ ਭਾਈ ਮਾਨ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।