ਪੀੜਤ ਪਰਿਵਾਰਾਂ ਨੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਕਰਕੇ ਕੁੰਵਰ ਵਿਜੈ ਪ੍ਰਤਾਪ ਨੂੰ ਸਿੱਟ ਵਿਚ ਮੁੜ ਬਹਾਲ ਕਰਨ ਦੀ ਮੰਗ ਕੀਤੀ

ਪੀੜਤ ਪਰਿਵਾਰਾਂ ਨੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਕਰਕੇ ਕੁੰਵਰ ਵਿਜੈ ਪ੍ਰਤਾਪ ਨੂੰ ਸਿੱਟ ਵਿਚ ਮੁੜ ਬਹਾਲ ਕਰਨ ਦੀ ਮੰਗ ਕੀਤੀ

ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵਜੋਂ ਫਾਰਗ ਕੀਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਮੁੜ ਬਹਾਲੀ ਲਈ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੇ ਪੀੜਤ ਪਰਿਵਾਰਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਪੀੜਤ ਪਰਿਵਾਰਾਂ ਨੇ ਚੋਣ ਕਮਿਸ਼ਨ ਨੂੰ ਆਈਜੀ ਨੂੰ ਵਾਪਸ ਤੋਂ ਪੁਰਾਣੇ ਅਹੁਦੇ 'ਤੇ ਲਿਆਉਣ ਦੀ ਮੰਗ ਕੀਤੀ ਹੈ।

ਬਹਿਬਲ ਕਲਾਂ ਵਿੱਚ ਹੋਈ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਕਿਹਾ ਕਿ ਆਈਜੀ ਤਫਤੀਸ਼ ਦੇ ਆਖਰੀ ਪੜਾਅ ਤਕ ਪਹੁੰਚ ਚੁੱਕਾ ਸੀ, ਜਿਸ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਹੋਣ ਦੀ ਆਸ ਨੇੜੇ ਲੱਗ ਗਈ ਸੀ। ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਐਸਆਈਟੀ ਦੇ ਸਾਰੇ ਅਫ਼ਸਰਾਂ 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਪਰ ਜੇਕਰ ਆਈਜੀ ਦੀ ਜਗ੍ਹਾ ਕੋਈ ਦੂਜਾ ਅਫਸਰ ਮਾਮਲੇ ਦੀ ਜਾਂਚ ਕਰੇਗਾ ਤਾਂ ਸਮਾਂ ਵੱਧ ਲੱਗੇਗਾ, ਜਿਸ ਕਰਕੇ ਆਈਜੀ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ।

ਕੋਟਕਪੂਰਾ ਗੋਲ਼ੀਕਾਂਡ ਦੇ ਪੀੜਤ ਅਜੀਤ ਸਿੰਘ ਨੇ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਪਹਿਲੇ ਦਿਨ ਤੋਂ ਮਾਮਲੇ ਦੀ ਗਹਿਰਾਈ ਤਕ ਆਪਣੀ ਤਫਤੀਸ਼ ਲੈ ਕੇ ਪਹੁੰਚ ਚੁੱਕੇ ਸੀ। ਅਜੀਤ ਸਿੰਘ ਨੇ ਦਾਅਵਾ ਕੀਤਾ ਕਿ ਜਿਸ ਪ੍ਰਕਾਰ ਕੁੰਵਰ ਵਿਜੈ ਪ੍ਰਤਾਪ ਦੇ ਹੱਥ ਸਬੂਤ ਸਿਆਸੀ ਲੀਡਰਾਂ ਖ਼ਿਲਾਫ਼ ਸਨ ਜਿਸ ਕਰਕੇ ਸਿਆਸੀ ਦਬਾਅ ਪੈਣ 'ਤੇ ਆਈਜੀ ਦੀ ਬਦਲੀ ਕਰਵਾ ਦਿੱਤੀ ਗਈ।

ਪੀੜਤ ਪਰਿਵਾਰਾਂ ਦੇ ਨਾਲ ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ, ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਜਗਮੋਹਨ ਸਿੰਘ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਰਾਜੂ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਉਹਨਾਂ ਮੁੱਖ ਚੋਣ ਅਫਸਰ ਨੂੰ ਇਕ ਮੰਗ ਪੱਤਰ ਦਿੰਦਿਆਂ ਕੁੰਵਰ ਵਿਜੈ ਪ੍ਰਤਾਪ ਨੂੰ ਮੁੜ ਸਿੱਟ ਵਿਚ ਨਿਯੁਕਤ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਆਈਜੀ ਦੀ ਤਬਦੀਲੀ ਕਰਨ ਨਾਲ ਚੋਣ ਕਮਿਸ਼ਨ ਦੀ ਸਾਖ 'ਤੇ ਵੱਡਾ ਸਵਾਲ ਉੱਠਿਆ ਹੈ ਅਤੇ ਜੇ ਚੋਣ ਕਮਿਸ਼ਨ ਸਿੱਖ ਮੰਗ ਵੱਲ ਧਿਆਨ ਨਹੀਂ ਦਿੰਦਾ ਤਾਂ ਪੈਦਾ ਹੋਣ ਵਾਲੀ ਬੇਭਰੋਸਗੀ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ। 

ਵਿਜੈ ਪ੍ਰਤਾਪ ਦੇ ਤਬਾਦਲੇ ਮਗਰੋਂ ਪੰਜਾਬ ਬਾਰੇ ਰਿਪੋਰਟ ਲੈਣ ਲੱਗਾ ਕਮਿਸ਼ਨ
ਪੰਜਾਬ ਪੁਲੀਸ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਬੇਅਦਬੀ ਅਤੇ ਗੋਲੀ ਕਾਂਡ ਦੀ ਤਫ਼ਤੀਸ਼ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਬਾਹਰ ਕਰਨ ਉਪਰੰਤ ਚੋਣ ਕਮਿਸ਼ਨ ਸੂਬੇ ਵਿੱਚ ਸਿਆਸੀ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਰਿਪੋਰਟਾਂ ਲੈਣ ਲੱਗਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਚੋਣ ਕਮਿਸ਼ਨ ਦੇ ਨਵੀਂ ਦਿੱਲੀ ਦਫ਼ਤਰ ਨੇ ਬੁੱਧਵਾਰ ਤੇ ਵੀਰਵਾਰ ਨੂੰ ਚੰਡੀਗੜ੍ਹ ਅਤੇ ਜਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਅਖ਼ਬਾਰਾਂ ਦੀਆਂ ਖ਼ਬਰਾਂ ਦਿੱਲੀ ਮੰਗਵਾਈਆਂ ਹਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਕਮਿਸ਼ਨ ਵੱਲੋਂ ਖ਼ੁਫੀਆ ਏਜੰਸੀਆਂ ਤੋਂ ਵੀ ਰਿਪੋਰਟ ਲਈ ਜਾ ਰਹੀ ਹੈ। ਪੁਲੀਸ ਅਧਿਕਾਰੀ ਦੇ ਤਬਾਦਲੇ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਖੜ੍ਹਾ ਦਿਖਾਈ ਦੇ ਰਿਹਾ ਹੈ ਜਦਕਿ ਸਮੁੱਚੀਆਂ ਸਿਆਸੀ ਤੇ ਪੰਥਕ ਧਿਰਾਂ ਇਸ ਪੁਲੀਸ ਅਧਿਕਾਰੀ ਦੇ ਪੱਖ ’ਚ ਨਿੱਤਰੀਆਂ ਹੋਈਆਂ ਹਨ ਤੇ ਕਮਿਸ਼ਨ ਦੇ ਫ਼ੈਸਲੇ ਦੀ ਨਿੰਦਾ ਕਰ ਰਹੀਆਂ ਹਨ। ਇਹ ਮਾਮਲਾ ਅਕਾਲੀ ਦਲ ਲਈ ਸਿਆਸੀ ਤੌਰ ’ਤੇ ਭਾਰੀ ਪੈ ਸਕਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ