ਸਿੱਖ ਪਿਓ-ਪੁੱਤ ਨੂੰ ਥਾਣੇ 'ਚ ਨੰਗਾ ਕਰਕੇ ਜ਼ਲੀਲ ਕਰਨ ਦੇ ਮਾਮਲੇ 'ਚ ਹਾਈ ਕੋਰਟ ਸਖਤ, ਡੀਜੀਪੀ ਨੂੰ ਕਾਰਵਾਈ ਦੇ ਹੁਕਮ

ਸਿੱਖ ਪਿਓ-ਪੁੱਤ ਨੂੰ ਥਾਣੇ 'ਚ ਨੰਗਾ ਕਰਕੇ ਜ਼ਲੀਲ ਕਰਨ ਦੇ ਮਾਮਲੇ 'ਚ ਹਾਈ ਕੋਰਟ ਸਖਤ, ਡੀਜੀਪੀ ਨੂੰ ਕਾਰਵਾਈ ਦੇ ਹੁਕਮ
ਪੀੜਤ ਜਗਪਾਲ ਸਿੰਘ (ਖੱਬੇ); ਦੋਸ਼ੀ ਬਲਜਿੰਦਰ ਸਿੰਘ (ਸੱਜੇ)

ਅੰਮ੍ਰਿਤਸਰ ਟਾਈਮਜ਼ ਬਿਊਰੋ:

ਖੰਨਾ ਵਿਚ ਥਾਣੇਦਾਰ ਵੱਲੋਂ ਥਾਣੇ ਵਿਚ ਸਿੱਖ ਪਿਓ ਪੁੱਤ ਅਤੇ ਉਹਨਾਂ ਦੇ ਕਾਮੇ ਨੂੰ ਨੰਗਾ ਕਰਕੇ ਜ਼ਲੀਲ ਕਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਸ ਖਿਲਾਫ ਸਖਤ ਟਿੱਪਣੀਆਂ ਕੀਤੀਆਂ। ਅਦਾਲਤ ਨੇ ਕਿਹਾ ਕਿ ਡੀਜੀਪੀ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰਦਿਆਂ ਉਹਨਾਂ ਨੂੰ ਵੀ ਸ਼ਰਮ ਆ ਰਹੀ ਹੈ। 

ਜੱਜ ਨਿਰਮਲਜੀਤ ਕੌਰ ਨੇ ਕਿਹਾ ਕਿ ਪਟੀਸ਼ਨ ਅਤੇ ਨਾਲ ਲੱਗੇ ਦਸਤਾਵੇਜ਼ਾਂ ਤੋਂ ਜੋ ਸਾਹਮਣੇ ਆਇਆ ਹੈ, ਉਸ ਨਾਲ ਸਾਡਾ ਸਿਰ ਸ਼ਰਮ ਨਾਲ ਝੁਕ ਰਿਹਾ ਹੈ ਕਿ ਅਸੀਂ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ ਜਿੱਥੇ ਅਜਿਹੀਆਂ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ ਕਿ ਇਕ ਪੁਲਸ ਅਫਸਰ ਬਲਜਿੰਦਰ ਸਿੰਘ ਇਕ ਪ੍ਰਭਾਵਸ਼ਾਲੀ ਬੰਦੇ ਰਾਜਵੀਰ ਸਿੰਘ ਦੇ ਕਹਿਣ 'ਤੇ ਅਜਿਹੇ ਘਟੀਆ ਕੰਮ ਕਰਦਾ ਹੈ। 

ਜੱਜ ਨੇ ਕਿਹਾ ਕਿ 18 ਅਪ੍ਰੈਲ ਨੂੰ ਡੀਜੀਪੀ ਵੱਲੋਂ ਮਾਮਲੇ ਦੀ ਜਾਂਚ ਲਈ ਆਈਜੀ ਲੁਧਿਆਣਾ ਰੇਂਜ, ਜਸਕਰਨ ਸਿੰਘ ਦੀ ਅਗਵਾਈ ਵਿਚ ਇਕ ਜਾਂਚ ਟੀਮ ਬਣਾਈ ਸੀ, ਪਰ ਅਜੇ ਤਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜੱਜ ਨੇ ਸਰਕਾਰ, ਡੀਜੀਪੀ, ਇੰਸਪੈਕਟਰ ਅਤੇ ਹੋਰ ਸ਼ਾਮਲ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। 

ਇਹ ਪਟੀਸ਼ਨ ਪੀੜਤ ਜਗਪਾਲ ਸਿੰਘ ਅਤੇ ਹੋਰਾਂ ਵੱਲੋਂ ਵਕੀਲ ਡੀਐਸ ਸੋਬਤੀ ਅਤੇ ਗੁਨਿੰਦਰ ਸਿੰਘ ਬਰਾੜ ਰਾਹੀਂ ਦਾਖਲ ਕੀਤੀ ਗਈ ਸੀ। ਜੱਜ ਨੇ ਡੀਜੀਪੀ ਨੂੰ ਮਾਮਲੇ ਦੀ ਜਾਂਚ ਲਈ ਲੋੜ ਪੈਣ 'ਤੇ ਸਿੱਟ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਜੱਜ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਤਕ ਜਾਂਚ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।