ਕਵਰੇਜ ਕਰਦੇ ਸਿੱਖ ਪੱਤਰਕਾਰ ਨੂੰ ਪੁਲਸ ਨੇ ਥਾਣੇ ਲਜਾ ਕੁੱਟਿਆ; ਕਕਾਰਾਂ ਦੀ ਬੇਅਦਬੀ ਕੀਤੀ

ਕਵਰੇਜ ਕਰਦੇ ਸਿੱਖ ਪੱਤਰਕਾਰ ਨੂੰ ਪੁਲਸ ਨੇ ਥਾਣੇ ਲਜਾ ਕੁੱਟਿਆ; ਕਕਾਰਾਂ ਦੀ ਬੇਅਦਬੀ ਕੀਤੀ
ਪੱਤਰਕਾਰ ਮੇਜਰ ਸਿੰਘ ਦੇ ਸ਼ਰੀਰ 'ਤੇ ਪਏ ਪੁਲਸੀਆ ਕੁੱਟ ਦੇ ਨਿਸ਼ਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਪੱਤਰਕਾਰਾਂ 'ਤੇ ਪੁਲਸ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਹਨ। ਮੋਹਾਲੀ ਵਿਚ ਪਹਿਰੇਦਾਰ ਅਖਬਾਰ ਦੇ ਸਿੱਖ ਪੱਤਰਕਾਰ ਮੇਜਰ ਸਿੰਘ ਨੂੰ ਪੁਲਸ ਨੇ ਕਵਰੇਜ ਕਰਦਿਆਂ ਚੁੱਕ ਲਿਆ ਅਤੇ ਥਾਣੇ ਲਜਾ ਬੇਹੱਦ ਕੁੱਟਮਾਰ ਕੀਤੀ ਤੇ ਕਕਾਰਾਂ ਦੀ ਬੇਅਦਬੀ ਕੀਤੀ। ਮੋਹਾਲੀ ਦੇ ਫੇਜ਼ 6 ਸਥਿਤ ਇਲਾਜ ਲਈ ਦਾਖਲ ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਨੇ ਮੰਗ ਕੀਤੀ ਕਿ ਦੋਸ਼ੀ ਏਐਸਆਈ ਓਮ ਪ੍ਰਕਾਸ਼ ਅਤੇ ਅਮਰ ਨਾਥ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਧਾਰਾ 295 ਏ ਅਧੀਨ ਮਾਮਲਾ ਦਰਜ ਕੀਤਾ ਜਾਵੇ ਅਤੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।

ਪੱਤਰਕਾਰ ਮੇਜਰ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਫੇਜ਼ 4 ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਲੜਾਈ ਹੋਈ ਸੀ, ਜਿਸ ਦੀ ਉਹ ਕਵਰੇਜ ਕਰ ਰਹੇ ਸੀ। ਇਸ ਦੌਰਾਨ ਪੁਲਸ ਦੀ ਗ੍ਰਿਫਤ ਵਿਚੋਂ ਇਕ ਬੰਦਾ ਛੁੱਟ ਕੇ ਭੱਜ ਗਿਆ। ਪੁਲਸ ਨੇ ਉਸ ਨੂੰ ਫੜਨ ਦੀ ਬਜਾਏ ਵੀਡੀਓ ਬਣਾ ਰਹੇ ਪੱਤਰਕਾਰ ਮੇਜਰ ਸਿੰਘ ਨੂੰ ਚੁੱਕਿਆ ਅਤੇ ਥਾਣੇ ਲੈ ਗਏ। ਉੱਥੇ ਥਾਣੇ ਦੇ ਬਾਹਰ ਹੀ ਏਐਸਆਈ ਓਮ ਪ੍ਰਕਾਸ਼ ਅਤੇ ਅਮਰ ਨਾਥ ਨੇ ਪੱਤਰਕਾਰ ਮੇਜਰ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਮੇਜਰ ਸਿੰਘ ਦੀ ਦਸਤਾਰ ਲਹਿ ਗਈ ਤੇ ਕੇਸਾਂ ਵਿਚ ਲਾਇਆ ਕੰਘਾ ਵੀ ਡਿਗ ਗਿਆ। ਮੇਜਰ ਸਿੰਘ ਨੇ ਦੱਸਿਆ ਕਿ ਉਹ ਇਹਨਾਂ ਦੋਵਾਂ ਨੂੰ ਦਸਤਾਰ ਅਤੇ ਕੰਘੇ ਦੀ ਬੇਅਦਬੀ ਨਾ ਕਰਨ ਦਾ ਵਾਸਤਾ ਪਾਉਂਦਾ ਰਿਹਾ ਪਰ ਇਹਨਾਂ ਦੋਵਾਂ ਨੇ ਉਸਦੀ ਕੋਈ ਗੱਲ ਨਹੀਂ ਸੁਣੀ। ਕੁੱਟਮਾਰ ਕਰਦਿਆਂ ਇਹਨਾਂ ਅਫਸਰਾਂ ਨੇ ਪੱਤਰਕਾਰ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਦਬਕੇ ਮੰਤਰੀਆਂ ਨੂੰ ਤੇ ਮੰਤਰੀਆਂ ਦੇ ਦਬਕੇ ਪੱਤਰਕਾਰਾਂ ਨੂੰ

ਇਸ ਬਾਰੇ ਜਦੋਂ ਪੁਲਸ ਦੇ ਉੱਚ ਅਫਸਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਮੌਕੇ 'ਤੇ ਪਹੁੰਚ ਕੇ ਪੱਤਰਕਾਰ ਨੂੰ ਹਵਾਲਾਤ ਵਿਚੋਂ ਬਾਹਰ ਕਢਵਾਇਆ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।