ਅਮਰੀਕਾ ਵਿਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੀ ਪੁਸਤਕ

ਅਮਰੀਕਾ ਵਿਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੀ ਪੁਸਤਕ

ਅੰਮ੍ਰਿਤਸਰ ਟਾਈਮਜ਼

ਸੈਨ ਜੋਸੇ :ਗੁਰਦਵਾਰਾ ਸਾਹਿਬ San Jose ਵਿਖੇ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਰਿਲੀਜ਼ ਕਰ ਦਿੱਤੀ ਗਈ ਹੈ । ਜਿਸ ਨੂੰ ਸੰਗਤ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ । ਕਿਤਾਬ ਰਿਲੀਜ਼ ਸਮੇਂ ਲਹਿੰਬਰ ਸਿੰਘ ਤੋਂ ਇਲਾਵਾ ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋਂ ਸ: ਸੁਖਦੇਵ ਸਿੰਘ ਬੈਨੀਵਾਲ, ਸ: ਕੁਲਜੀਤ ਸਿੰਘ ਨਿੱਜਰ ਅਤੇ ਲਖਵੀਰ ਸਿੰਘ ਹੁਰਾਂ ਕਿਤਾਬ ਬਾਰੇ  ਵਡਮੁਲੇ ਵਿਚਾਰ ਪੇਸ਼ ਕੀਤੇ ਗਏ । ਲਹਿੰਬਰ ਸਿੰਘ ਨੇ ਕਿਹਾ ਕਿ ਇਹ ਪੁਸਤਕ  ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਬਾਰੇ ਮਹਤਵਪੂਰਨ ਪੁਸਤਕ ਹੈ ਜਿਸ ਵਿਚ ਬਾਬਾ ਜੀ ਦੇ ਕਿਰਦਾਰ ਉਪਰ ਝੂਠੇ ਦੋਸ਼ ਲਗਾਉਣ ਵਾਲੇ ਲੇਖਕਾਂ ਦੇ ਜੁਆਬ ਤਰਕ ਤੇ ਇਤਿਹਾਸਕ ਦਸਤਾਵੇਜਾਂ ਨਾਲ ਦਿਤੇ ਹਨ।ਪੁਸਤਕ ਵਿਚ ਦਰਸਾਇਆ ਹੈ ਕਿ ਗੰਗਾ ਜਮਨਾ ਤੋਂ ਲੈ ਕੇ ਰਾਵੀ ਤਕ ਤੇ ਸ਼ਿਵਾਲਕ ਪਹਾੜੀਆਂ ਚੋਂ ਲੈ ਕੇ ਰਾਜਸਥਾਨ ਦੀਆਂ ਹੱਦਾਂ ਤਕ ਖਾਲਸਾ ਫੌਜਾਂ ਦਾ ਦਬਦਬਾ ਪੂਰੀ ਤਰ੍ਹਾਂ ਕਾਇਮ ਹੋ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੰਘਾਂ ਦਾ ਇਹ ਵਿਸ਼ਵਾਸ ਪੱਕਾ ਹੋ ਗਿਆ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅਟੱਲ ਹਨ।

ਜਦੋਂ ਪਿਆਰ ਨਾਲ ਦਸਮ ਪਾਤਸ਼ਾਹ ਕਿਹਾ ਕਰਦੇ ਸਨ ਕਿ ਤੁਸੀਂ ਰਾਜ ਕਰੋਗੇ- ਇਹ ਵਾਕ ਸੱਚ ਹੋ ਰਹੇ ਹਨ ।ਬੇਸ਼ਕ ਉਹ ਸ਼ਹੀਦ ਹੋ ਗਿਆ ਤੇ ਬੜਾ ਘੱਟ ਸਮਾਂ ਉਸ ਨੂੰ ਹਕੂਮਤ ਕਰਨ ਦਾ ਮਿਲਿਆ ਪਰ ਪੰਜਾਬ ਦੇ ਲਤਾੜੇ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਉਸ ਨੇ ਸਵੈਮਾਣ ਅਤੇ ਆਜ਼ਾਦੀ ਦੇ ਚਰਾਗ ਬਾਲ ਦਿੱਤੇ। ਹਿੰਦੁਸਤਾਨ ਵਿੱਚ ਇਹ ਪਹਿਲੀ ਵਾਰ ਪੰਜਾਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ  ਨੇ ਕੀਤਾ ਸੀ ਕਿ ਗੁਲਾਮ ਕਿਸਾਨ ਜਿਹੜੇ ਕਿ ਮੁਜਾਰੇ ਸਨ ਤੇ ਜ਼ਮੀਨ ਵੱਡੇ ਜਿਮੀਂਦਾਰਾਂ ਦੀ ਸੀ, ਇਸ ਜ਼ਮੀਨ ਦੇ ਮਾਲਕ ਬਣਾ ਦਿੱਤੇ।੍ਬਾਬਾ ਬੰਦਾ ਸਿੰਘ ਬਹਾਦਰ ਦਾ ਐਲਾਨ ਸੀ ਜ਼ਮੀਨ ਉਸੇ ਦੀ ਹੈ ਜਿਹੜਾ ਇਸ ਨੂੰ ਵਾਹ ਰਿਹਾ ਹੈ।ਬਾਬਾ ਬੰਦਾ ਸਿੰਘ ਬਹਾਦਰ ਤਾਂ ਸ਼ਹੀਦ ਹੋ ਗਿਆ ਪਰ ਕਿਸਾਨਾਂ ਤੋਂ ਜ਼ਮੀਨ ਦੀ ਮਾਲਕੀ ਦਾ ਹੱਕ ਹਕੂਮਤ ਬਾਅਦ ਵਿੱਚ ਵੀ ਨਾ ਖੋਹ ਸਕੀ।