ਪੰਜਾਬ ਪੁਲਿਸ ਦੀ ਹਿਟ ਲਿਸਟ ਉਪਰ ਨਸ਼ਾ ਤਸਕਰ ਤੇ ਗੈਂਗਸਟਰ
ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਐਸਐਸਪੀ ਨੂੰ ਸਖਤ ਆਦੇਸ਼
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਸ਼ਾ ਤਸਕਰੀ ਤੇ ਗੈਂਗਸਟਰਵਾਦ ਹੈ। ਇਹ ਵੀ ਅਹਿਮ ਹੈ ਕਿ ਨਸ਼ਾ ਤਸਕਰ ਤੇ ਗੈਂਗਸਟਰਾਂ ਦਾ ਆਪਸੀ ਗੱਠਜੋੜ ਹੈ। ਇਸ ਲਈ ਪੰਜਾਬ ਪੁਲਿਸ ਦੇ ਨਿਸ਼ਾਨੇ ਉੱਪਰ ਨਸ਼ਾ ਤਸਕਰ ਤੇ ਗੈਂਗਸਟਰ ਹਨ। ਇਸ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਮੂਹ ਐਸਐਸਪੀਜ਼ ਨੂੰ ਆਦੇਸ਼ ਦਿੱਤਾ ਹੈ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਨੇ ਪੰਜਾਬ ਪੁਲੀਸ ਦੀਆਂ ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਟਾਸਕ ਫੋਰਸ ਆਦਿ ਸਣੇ ਸਾਰੀਆਂ ਇਕਾਈਆਂ ਨੂੰ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦੇ ਨਾਲ-ਨਾਲ ਗੈਂਗਸਟਰਾਂ ਨੂੰ ਖ਼ਤਮ ਕਰਨ, ਅਮਨ-ਕਾਨੂੰਨ ਨੂੰ ਕਾਇਮ ਰੱਖਣ ਤੇ ਅਪਰਾਧ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਕੰਮ ਕਰਨ ਲਈ ਆਦੇਸ਼ ਦਿੱਤੇ।
ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀ ਨੂੰ ਹਰ ਮਾਮਲੇ ਖ਼ਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਿਤ ਕੇਸਾਂ ਵਿੱਚ ਸਾਰੇ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਸਖ਼ਤ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਪਾਰਕ ਬਰਾਮਦਗੀ ’ਤੇ ਧਿਆਨ ਕੇਂਦਰਿਤ ਤੇ ਐਨਡੀਪੀਐਸ ਕੇਸਾਂ ਵਿੱਚ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ।
ਇਸ ਦੇ ਨਾਲ ਹੀ ਐਨਡੀਪੀਐਸ ਕੇਸਾਂ ਦੇ ਸਾਰੇ ਭਗੌੜੇ ਅਪਰਾਧੀਆਂ (ਪੀਓਜ਼) ਤੇ ਜ਼ਮਾਨਤ ’ਤੇ ਭੱਜਣ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਤਰਜੀਹ ਦੇ ਆਦੇਸ਼ ਦਿੱਤੇ। ਡੀਜੀਪੀ ਨੇ ਐਸਐਸਪੀ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ’ਤੇ ਪ੍ਰਾਪਤ ਸ਼ਿਕਾਇਤਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤਾ ਜਾਵੇ।
Comments (0)