ਪੂਰਨ ਆਜ਼ਾਦੀ ਲਈ ਖਾਲਸਾ ਪੰਥ ਅਕਾਲ ਤਖਤ ਸਾਹਿਬ ਨਾਲ ਜੁੜੇ- ਜਥੇਦਾਰ ਹਰਪ੍ਰੀਤ ਸਿੰਘ

ਪੂਰਨ ਆਜ਼ਾਦੀ ਲਈ ਖਾਲਸਾ ਪੰਥ ਅਕਾਲ ਤਖਤ ਸਾਹਿਬ ਨਾਲ ਜੁੜੇ- ਜਥੇਦਾਰ ਹਰਪ੍ਰੀਤ ਸਿੰਘ

ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸ਼੍ਰੋਮਣੀ ਕਮੇਟੀ ਵੱਲੋਂ ਸਤਿਕਾਰ ਨਾਲ ਮਨਾਇਆ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ -ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਭਾਈ ਕਮਲਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਪਾਵਨ ਹੁਕਮਨਾਮਾ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ।ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਈ: ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਜੀ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਆਜ਼ਾਦ ਹੋਂਦ ਹਸਤੀ ਦ੍ਰਿੜ ਕਰਵਾਈ। ਸੰਨ 1757,1762 ਅਤੇ ਫਿਰ 1764 ਵਿਚ ਤਿੰਨ ਵਾਰ ਮੁਗਲਾਂ ਨੇ ‘ਸੱਚਾ ਦਰਬਾਰ’ ਢਾਹ ਦਿੱਤਾ ਪਰ ਤਿੰਨ ਵਾਰ ਹੀ ਮੁੜ ਕੇ ਉਸਾਰਿਆ ਗਿਆ।ਇੰਦਰਾ ਸਰਕਾਰ ਦੌਰਾਨ ਜੂਨ 84 ਵਿਚ ਅਕਾਲ ਤਖਤ ਸਾਹਿਬ ਤੋਪਾਂ ਟੈਕਾਂ ਨਾਲ ਢਾਹਿਆ ਗਿਆ ,ਹੁਣ ਵੀ ਜਦੋਂ ਸਿੱਖਾਂ ਨੂੰ ਕੋਈ ਅਨਿਆਂ ਹੁੰਦਾ ਜਾਪਦਾ ਹੈ ਉਹ ਜ਼ਬਰ ਦਾ ਟਾਕਰਾ ਕਰਨ ਲਈ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਕੇ ਗੁਰੂ ਗਰੰਥ ਸਾਹਿਬ ਤੋਂ ਸ਼ਕਤੀ ਪ੍ਰਾਪਤ ਕਰਦੇ ਹਨ। ਅਕਾਲ ਤਖ਼ਤ ਉਸ ਇਤਿਹਾਸਕ ਵਿਦਰੋਹ ਦੀ ਪੈਦਾਵਾਰ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਵਿਚੋਂ ਪ੍ਰਗਟ ਹੋਇਆ। ਦਰਬਾਰ ਸਾਹਿਬ ਕੌਮ ਦੀ ਇਬਾਦਤਗਾਹ ਹੈ, ਅਕਾਲ ਤਖ਼ਤ ਉਸ ਇਬਾਦਤਗਾਹ ਦੀ ਚੌਕੀ ਹੈ।

ਅਕਾਲ ਤਖ਼ਤ ਅਸਲ ਵਿਚ ਭਗਤੀ ਤੇ ਸ਼ਕਤੀ ਦੇ ਸੰਤੁਲਨ, ਤਿਆਗ ਅਤੇ ਤੇਗ਼ ਦੇ ਫਲਸਫੇ ਦਾ ਨਾਂ ਹੈ।ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀਂ ਹੈ ,ਸਗੋਂ ਸਿੱਖ ਧਰਮ ਅੰਦਰ ਸੱਚਾ ਸੁੱਚਾ ਸੰਕਲਪ ਹੈ । ਛੇਵੇਂ ਪਾਤਸ਼ਾਹ ਜੀ ਵੱਲੋਂ ਸਾਜੇ ਇਸ ਤਖ਼ਤ ਨੇ ਸਿੱਖ ਕੌਮ ਨੂੰ ਆਪਣੀ ਸਥਾਪਨਾ ਦੇ ਸਮੇਂ ਤੋਂ ਲੈ ਕੇ ਹਮੇਸ਼ਾ ਅਗਵਾਈ ਦਿੱਤੀ ਅਤੇ ਬਿਖੜੇ ਸਮਿਆਂ ਵਿੱਚ ਵੀ ਇੱਥੋਂ ਅਗਵਾਈ ਲੈ ਕੇ ਸਿੱਖ ਕੌਮ ਨੇ ਬੁਲੰਦੀਆਂ ਹਾਸਲ ਕੀਤੀਆਂ। ਉਹਨਾਂ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੂਰਨ ਆਜ਼ਾਦੀ ਮਿਲੇ ਤਾਂ ਇਸ ਮਹਾਨ ਤਖ਼ਤ ਨਾਲ ਜੁੜਨਾ ਪਵੇਗਾ। ਉਹਨਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਇਕ ਨਿਸ਼ਾਨ ਕੇ ਇਕ ਨਿਸ਼ਾਨ ਇੱਕ ਵਿਧਾਨ ਦੀ ਦੀ ਏਕਤਾ ਲਈ ਪ੍ਰਮੁੱਖਤਾ ਲਈ ਰਹੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਥੱਲੇ ਇਕੱਤਰ ਹੋਵੋ ਅਤੇ ਪੰਥ ਦੀ ਚਡ਼੍ਹਦੀ ਕਲਾ ਲਈ ਫਿਰ ਜੋੜ ਯਤਨ ਕਰਨੇ ਚਾਹੀਦੇ ਹਨ।