ਬਿਮਾਰੀ ਦੂਰ ਕਰੀਏ ਬਿਮਾਰੀ ਦੇ ਲੱਛਣ ਆਪੇ ਦੂਰ ਹੋ ਜਾਣੇ
ਲੰਘੇ ਦਿਨ ਭਾਈ ਧਿਆਨ ਸਿੰਘ ਮੰਡ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ
ਜਿਸ ਵਿੱਚ ਪਹਿਲਾਂ ਆਪਸੀ ਏਕਾ ਕਰਨ ਦੀ ਗੱਲ ਕਹੀ ਗਈ ਅਤੇ ਫਿਰ ਪੰਥਕ ਫਰਜ ਨਿਭਾਉਣ ਦੀ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ ਗਾਹੇ-ਬਗਾਹੇ ਵੱਖ-ਵੱਖ ਜਥੇਬੰਦੀਆਂ ਜਾਂ ਸਖਸ਼ੀਅਤਾਂ ਵੱਲੋਂ ਏਕਤਾ ਕਰਨ ਦੀ ਗੱਲ ਕੀਤੀ ਜਾਂਦੀ ਹੈ। ਕਈ ਦਫ਼ਾ ਯਤਨ ਵੀ ਕੀਤੇ ਜਾਂਦੇ ਹਨ, ਜਥੇਬੰਦੀਆਂ ਭੰਗ ਕਰਕੇ ਜਾਂ ਇਕੱਠੀਆਂ ਕਰਕੇ ਜਾਂ ਅਜਿਹੇ ਹੋਰ ਤਰੀਕੇ ਵਰਤ ਕੇ ਪਰ ਸਫਲਤਾ ਨਹੀਂ ਮਿਲਦੀ। ਬਤੌਰ ਸਿੱਖ ਸਾਨੂੰ ਇਹ ਗੱਲ ਜਰੂਰ ਮਹਿਸੂਸ ਕਰਨੀ ਚਾਹੀਦੀ ਹੈ ਸਿੱਖ ਲਈ ਏਕਤਾ ਦੇ ਮਾਅਨੇ ਕੀ ਹਨ? ਸਿੱਖ ਲਈ ਏਕਤਾ ਮਹਿਜ ਕੋਈ ਜਥੇਬੰਦੀ ਬਣਾਉਣਾ ਜਾਂ ਭੰਗ ਕਰਨਾ ਨਹੀਂ ਹੈ, ਬਲਕਿ ਸਿੱਖ ਲਈ ਏਕਤਾ ਦਾ ਪੈਮਾਨਾ ਸਿਧਾਂਤ ਹੈ। ਸਾਨੂੰ ਆਪਣੀ ਊਰਜਾ ਅਸਲ ਬਿਮਾਰੀ ’ਤੇ ਲਾਉਣੀ ਚਾਹੀਦੀ ਹੈ ਨਾ ਕਿ ਬਿਮਾਰੀ ਦੇ ਲੱਛਣਾਂ ’ਤੇ।
ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਅਸਲ ਤਰੀਕਾਕਾਰ, ਆਪਣੀ ਰਵਾਇਤ ਤੋਂ ਆਪਣੇ ਸਿਧਾਂਤਾਂ ਨੂੰ ਦੂਰੀ ਬਣਾਈ ਹੈ ਜਿਸ ਕਰਕੇ ਸਾਡੀ ਊਰਜਾ ਏਕਤਾ ਕਰਨ, ਜਥੇ/ਜਥੇਬੰਦੀਆਂ ਭੰਗ ਕਰਨ ਜਾਂ ਬਣਾਉਣ ਵਿੱਚ ਲੱਗ ਰਹੀ ਹੈ। ਗੁਰੂ ਪਾਤਿਸਾਹ ਨੇ ਸਾਨੂੰ ਅਗਵਾਈ ਦਾ ਤਰੀਕਾਕਾਰ ਦਿੱਤਾ ਹੈ, ਸਾਡੀ ਫੈਸਲੇ ਕਰਨ ਦੀ ਇੱਕ ਰਵਾਇਤ ਹੈ, ਆਗੂ ਚੁਣਨ ਦੀ ਇੱਕ ਰਵਾਇਤ ਹੈ। ਇਸ ਰਵਾਇਤ ਵੱਲ ਨੂੰ ਮੋੜਾ ਪਾਏ ਬਿਨਾਂ ਅਸੀਂ ਜੋ ਮਰਜੀ ਕਰੀ ਜਾਈਏ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਾਂਗੇ।
ਅਕਾਲ ਪੁਰਖ ਦੀ ਮੌਜ ਵਿੱਚ ਖਾਲਸਾ ਪ੍ਰਗਟਿਆ, ਆਪੇ ਗੁਰੁ ਚੇਲਾ ਦੇ ਅਜਬ ਦ੍ਰਿਸ਼ ਨੇ ਸਾਡੀ ਅਗਵਾਈ ਵੱਲ ਇਸ਼ਾਰਾ ਕੀਤਾ। ਗੁਰਿਆਈ ਦੇਣ ਦਾ ਵਕਤ ਆਇਆ ਤਾਂ ਗੁਰੂ ਸਾਹਿਬ ਨੇ ਗੁਰਿਆਈ ਸਾਂਝੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ। ਗੁਰ-ਜੋਤ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਵਿੱਚ ਵਿਦਮਾਨ ਹੈ ਤੇ ਦੇਹ-ਰੂਪ ਵਿੱਚ ਗੁਰੂ ਪੰਥ ਵਿੱਚ ਪਰਕਾਸ਼ਮਾਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਨ ਵਕਤ ਵੀ ਪੰਜ ਪਿਆਰਿਆਂ ਦੀ ਅਗਵਾਈ ਸੀ। ਸਾਡੀ ਅਗਵਾਈ ਦਾ ਇਹ ਤਰੀਕਾ ਗੁਰੂ ਨੇ ਸਾਨੂੰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੁੜਿਆ ਖਾਲਸਾ ਪੂਰਨ ਰੂਪ ਵਿੱਚ ਗੁਰੂ ਹੈ। ਤਦ ਹੀ ਇੱਥੇ ਹੋਏ ਫੈਸਲੇ ਨੂੰ ‘ਗੁਰਮਤਾ’ ਕਿਹਾ ਜਾਂਦਾ ਹੈ। ‘ਗੁਰਮਤਾ’ - ਗੁਰੂ ਦੀ ਮੱਤ। ਸਾਡੀ ਕੋਈ ਵੀ ਗੱਲ ਇਹਨਾਂ ਦੋ ਅਹਿਮ ਗੱਲਾਂ ਤੋਂ ਬਿਨਾਂ ਨਾ ਸ਼ੁਰੂ ਹੋ ਸਕਦੀ ਹੈ ਅਤੇ ਨਾ ਹੀ ਖਤਮ - ਸਾਡੀ ਅਗਵਾਈ ਦਾ ਤਰੀਕਾ ਅਤੇ ਸਾਡੀ ਫੈਸਲੇ ਕਰਨ ਦੀ ਰਵਾਇਤ। ਇਹਨਾਂ ’ਤੇ ਹੀ ਸਾਡਾ ਇਤਿਹਾਸ ਹੈ ਅਤੇ ਇਹਨਾਂ ਨਾਲ ਹੀ ਸਾਡਾ ਭਵਿੱਖ ਤੈਅ ਹੋਣਾ ਹੈ।
ਬੰਦਾ ਸਿੰਘ ਕੋਲ ਨਾ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ ਸਗੋਂ ਉਸ ਦੇ ਸਾਰੇ ਸਿੰਘਾਂ ਕੋਲ ਘੋੜੇ ਵੀ ਪੂਰੇ ਨਹੀਂ ਸਨ, ਸਿਰਫ ਲੰਮੇ ਨੇਜੇ, ਤੀਰ ਕਮਾਨ, ਕਿਰਪਾਨਾਂ ਆਦਿ ਹੀ ਸਨ। ਜੇਕਰ ਕੁਝ ਹੈ ਸੀ ਤਾਂ ਉਹ ਸੀ ‘ਗੁਰੂ ਦੀ ਬਖਸ਼ਿਸ਼’ ਜਿਸ ਸਦਕਾ ਸਰਹਿੰਦ ਨੂੰ ਜਾਣ ਵਕਤ ਸਿੰਘ ਆਪਣੇ ਭਾਂਡੇ, ਡੰਗਰ ਅਤੇ ਜਮੀਨਾਂ ਵੇਚ ਕੇ ਸਸ਼ਤਰ, ਘੋੜੇ ਖਰੀਦ ਜੰਗ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਜਿਹੜਾ ਵੀ ਇਲਾਕਾ ਫਤਹਿ ਕਰ ਲਿਆ ਜਾਂਦਾ ਓਥੇ ਗੁਰਦੁਆਰਾ ਸਾਹਿਬ ਬਣਾਇਆ ਜਾਂਦਾ ਅਤੇ ਖਾਲਸਾ ਪੰਚਾਇਤ ਕਾਇਮ ਕੀਤੀ ਜਾਂਦੀ। ਗੁਰੂ ਦੀ ਓਟ, ਗੁਰੂ ’ਤੇ ਭਰੋਸਾ, ਆਪਣੀ ਪ੍ਰੰਪਰਾ ਅਤੇ ਸ਼ਹਾਦਤ ਦੇ ਚਾਅ ਨਾਲ ਖਾਲਸੇ ਦਾ ਰਾਜ ਹੋਇਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੰਘ ਜੰਗਲਾਂ ਵਿੱਚ ਰਹਿਣ ਲੱਗੇ, ਓਥੇ ਕੁਝ ਵੀ ਨਹੀਂ ਸੀ, ਬਸ ਗੁਰੂ ਦਾ ਭਰੋਸਾ ਸੀ। 17-18 ਸਾਲ ਦਾ ਇਹ ਸਮਾਂ ਬਣਦਾ ਹੈ, ਇੱਕ ਪੀੜੀ ਜਵਾਨ ਹੁੰਦੀ ਹੈ, ਖਾਲਸੇ ਦੇ ਚੜ੍ਹਦੀਕਲਾ ਦੇ ਬੋਲੇ ਕਾਇਮ ਹੁੰਦੇ ਹਨ, ਛੋਲੇ ਬਦਾਮ ਬਣਦੇ ਹਨ ਅਤੇ ਮੁੱਖ ਦਰਬਾਰ ਸਾਹਿਬ ਵੱਲ ਨੂੰ ਹੁੰਦਾ ਹੈ। ਜਦੋਂ ਘਰਾਂ ਨੂੰ ਪਰਤਣਾ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਗਏ, ਓਥੋਂ ਦੀ ਸੇਵਾ ਸੰਭਾਲ ਲਈ ਉੱਦਮ ਹੋਏ, ਕਾਫੀ ਜੱਦੋ ਜਹਿਦ ਹੋਈ। ਗੁਰਮਤਾ ਅਤੇ ਸਰਬੱਤ ਖਾਲਸਾ ਲਈ ਯਤਨ ਸ਼ੁਰੂ ਹੋਏ। ਭਾਈ ਮਨੀ ਸਿੰਘ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦੇ ਸਨ, ਉਹਨਾਂ ਨੇ ਸਿੱਖਾਂ ਨੂੰ ਛੋਟੇ-ਛੋਟੇ ਜਥਿਆਂ ਦੇ ਰੂਪ ਵਿੱਚ ਜਥੇਬੰਦ ਕਰਨਾ ਸ਼ੁਰੂ ਕੀਤਾ। ਫਿਰ ਭਾਈ ਮਨੀ ਸਿੰਘ ਜੀ ਨੇ ਸਰਬੱਤ ਖਾਲਸਾ ਸੱਦਿਆ ਸੀ ਜੋ ਹਕੂਮਤ ਨੇ ਅਸਫਲ ਕਰ ਦਿੱਤਾ, ਉਹਨਾਂ ਨੇ ਇਸ ਗੱਲ ਪਿੱਛੇ ਸ਼ਹਾਦਤ ਦਿੱਤੀ। ਫਿਰ ਪੰਥ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਸਰਬੱਤ ਖਾਲਸਾ ਸੱਦਿਆ ਅਤੇ ਪੰਥ ਦੀ ਰਜਾ ਅਨੁਸਾਰ ਭਾਈ ਕਪੂਰ ਸਿੰਘ ਨੂੰ ਨਵਾਬੀ ਦੀ ਪੇਸ਼ਕਸ ਸੌਂਪੀ ਗਈ। ਫਿਰ ਨਵਾਬ ਕਪੂਰ ਸਿੰਘ ਜੀ ਦੇ ਸੱਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸਰਬੱਤ ਖ਼ਾਲਸਾ ਕੀਤਾ ਗਿਆ। ਇਸ ਵਿੱਚ ਸਮੁੱਚੇ ਦਲ ਨੂੰ 11 ਜਥਿਆਂ ਵਿੱਚ ਜਥੇਬੰਦ ਕੀਤਾ ਗਿਆ। ਫਿਰ ਰਾਖੀ ਪ੍ਰਬੰਧ ਸਥਾਪਤ ਕਰਨ ਦਾ ਗੁਰਮਤਾ ਕੀਤਾ ਗਿਆ, ਜੋ ਪ੍ਰਬੰਧ ਬਾਅਦ ਵਿੱਚ ਰਾਜ ਵਿੱਚ ਬਦਲ ਗਿਆ। ਜਦੋਂ ਮਿਸਲਾਂ ਦਾ ਰਾਜ ਸਥਿਰ ਹੋ ਗਿਆ, ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਓਹਨਾ ਕੋਲ ਹੀ ਰਹੀ ਜੋ ਦੁਨਿਆਵੀ ਅਹੁਦਿਆਂ ਦੇ ਚੱਕਰ ਵਿੱਚ ਨਹੀਂ ਸਨ, ਭਾਵ ਅਕਾਲੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਕਰਦੇ ਰਹੇ।
ਅੰਗ੍ਰੇਜਾਂ ਨੇ ਨਿੱਠ ਕੇ ਅਕਾਲ ਤਖ਼ਤ ’ਤੇ ਗੁਰਮਤਾ ਕਰਨ ਅਤੇ ਅਕਾਲੀਆਂ ਨੂੰ ਖਤਮ ਕਰਨ ਦੇ ਯਤਨ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖਾਂ ਦਾ ਫੈਸਲੇ ਲੈਣ ਦਾ ਕੇਂਦਰੀ ਸਥਾਨ ਸੀ, ਉਥੇ ਸਰਬਰਾਹ ਲਗਾ ਕੇ ਤਖਤ ਦੀ ਪੂਜਾ ਜਾਂ ਪ੍ਰਬੰਧ ਤੱਕ ਸੀਮਤ ਕਰ ਦਿੱਤਾ ਅਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਗੁਰਮਤੇ ਸੋਧਣ ਦੀ ਪਰੰਪਰਾ ਬੰਦ ਕਰਵਾ ਦਿਤੀ।
ਹੁਣ ਜਦੋਂ ਅਸੀਂ ਭਵਿੱਖ ਦੀ ਕੋਈ ਗੱਲ ਕਰਨੀ ਹੈ ਤਾਂ ਉਹ ਸਾਡੀ ਅਗਵਾਈ ਅਤੇ ਫੈਸਲੇ ਦੇ ਤਰੀਕੇ ਨਾਲ ਹੀ ਹੋਣੀ ਹੈ, ਉਸ ਤੋਂ ਬਿਨਾਂ ਗੁਰੂ ਦਾ ਥਾਪੜਾ ਸਾਡੇ ਕੋਲ ਨਹੀਂ ਹੋਵੇਗਾ। ਜਦੋਂ ਗੁਰੂ ਦਾ ਥਾਪੜਾ ਨਹੀਂ ਹੋਣਾ ਫਿਰ ਸਾਡੇ ਕੋਲ ਕੱਖ ਵੀ ਨਹੀਂ। ਭਾਈ ਧਿਆਨ ਸਿੰਘ ਮੰਡ ਅਤੇ ਗਿਆਨੀ ਹਰਪ੍ਰੀਤ ਸਿੰਘ ਦੋਵੇਂ ਹੀ ਪੰਥਕ ਰਵਾਇਤ ਅਨੁਸਾਰ ਇਹਨਾਂ ਅਹੁਦਿਆਂ ’ਤੇ ਨਹੀਂ ਗਏ ਜਿਨ੍ਹਾਂ ਅਹੁਦਿਆਂ ਦਾ ਨਾਮ ਉਹ ਆਪਣੇ ਨਾਵਾਂ ਨਾਲ ਲਿਖਦੇ ਹਨ। ਸੋ, ਜਿਹੜੀਆਂ ਵੀ ਸਖਸ਼ੀਅਤਾਂ ਏਕੇ ਲਈ ਤਤਪਰ ਹਨ ਜਾਂ ਪੰਥ ਲਈ ਦਿਲੋਂ ਕੁਝ ਕਰਨਾ ਲੋਚਦੇ ਹਨ ਉਹਨਾਂ ਨੂੰ ਜਰੂਰ ਤਿਆਗ ਦੀ ਭਾਵਨਾ ਨਾਲ ਪਹਿਲਾਂ ਸਾਡੀਆਂ ਰਵਾਇਤਾਂ ਦੀ ਬਹਾਲੀ ਲਈ ਉੱਦਮ ਕਰਨੇ ਚਾਹੀਦੇ ਹਨ ਜਿੱਥੇ ਪੰਥ ਦੇ ਸਾਰੇ ਮਸਲਿਆਂ ਦੀ ਜੜ੍ਹ ਪਈ ਹੋਈ ਹੈ, ਜੋ ਅਸਲ ਬਿਮਾਰੀ ਹੈ ਬਾਕੀ ਸਭ ਤਾਂ ਬਿਮਾਰੀ ਦੇ ਲੱਛਣ ਹਨ।
ਸੰਪਾਦਕ
Comments (0)