ਅਕਾਲ ਤਖ਼ਤ ਸਾਹਿਬ ਤੋਂ ਆਏ ਖਾਲਿਸਤਾਨ ਦੇ ਸੁਨੇਹੇ ਦੀ ਇਤਿਹਾਸਕ ਮਹੱਤਤਾ

ਅਕਾਲ ਤਖ਼ਤ ਸਾਹਿਬ ਤੋਂ ਆਏ ਖਾਲਿਸਤਾਨ ਦੇ ਸੁਨੇਹੇ ਦੀ ਇਤਿਹਾਸਕ ਮਹੱਤਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਇਸ ਵਾਰ ਕੋਰੋਨਾਵਾਇਰਸ ਦੀ ਮਹਾਂਮਾਰੀ ਦੀ ਆੜ ਵਿਚ ਸਰਕਾਰੀ ਤੰਤਰ ਲਈ ਘੱਲੂਘਾਰਾ ਜੂਨ 1984 ਦੇ ਸ਼ਹੀਦੀ ਯਾਦਗਾਰੀ ਹਫਤੇ ਵਿਚ ਹੋਣ ਵਾਲੇ ਸਮਾਗਮਾਂ 'ਤੇ ਪਾਬੰਦੀਆਂ ਲਾਉਣੀਆਂ ਸੁਖਾਲੀਆਂ ਹੋ ਗਈਆਂ ਸੀ। ਪਹਿਲਾਂ ਵਰ੍ਹਿਆਂ ਤੋਂ ਚੱਲੇ ਆਉਂਦੇ 5 ਜੂਨ ਵਾਲੇ ਘੱਲੂਘਾਰਾ ਯਾਦਗਾਰੀ ਮਾਰਚ ਦੀ ਦਲ ਖਾਲਸਾ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ, ਜਿਸ ਦੇ ਚਲਦਿਆਂ ਜਥੇਬੰਦੀ ਦੇ ਸਿਰਫ 5 ਸਿੰਘ ਹੱਥਾਂ ਵਿਚ ਅਜ਼ਾਦੀ ਦੇ ਸੁਨੇਹੇ ਫੜ੍ਹੀ ਮਾਰਚ ਕਰਦੇ ਅਕਾਲ ਤਖ਼ਤ ਸਾਹਿਬ ਪਹੁੰਚੇ ਤੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਕੀਤੀ। 

ਪੰਜਾਬ ਸਰਕਾਰ ਨੇ 5 ਜੂਨ ਨੂੰ ਹੀ ਚਿੱਟ ਕੱਪੜੀਏ ਪੁਲਸ ਮੁਲਾਜ਼ਮਾਂ ਦੀ ਡਾਰ ਦਰਬਾਰ ਸਾਹਿਬ ਕੰਪਲੈਕਸ ਵਿਚ ਬਠਾ ਦਿੱਤੀ ਸੀ। 6 ਜੂਨ ਸਵੇਰੇ ਤੱਕ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਬੰਦ ਕਰ ਦਿੱਤੇ ਗਏ ਤੇ ਸੰਗਤ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸਾਲਾਂ ਦੀ ਪਰੰਪਰਾ ਮੁਤਾਬਕ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸਿੱਖ ਸੰਗਤਾਂ ਸ਼ਹੀਦਾਂ ਦੀ ਅਰਦਾਸ ਵਿਚ ਸ਼ਾਮਲ ਹੋਣ ਲਈ ਪਹੁੰਚੀਆਂ ਸਨ ਪਰ ਉਹਨਾਂ ਨੂੰ ਪੁਲਸ ਦੇ ਇਹਨਾਂ ਨਾਕਿਆਂ 'ਤੇ ਰੋਕ ਲਿਆ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਆਗੂਆਂ ਅਤੇ ਪੰਜਾਬ ਪੁਲਸ ਦਰਮਿਆਨ ਖਿੱਚ-ਧੂਹ ਵੀ ਹੋਈ। 

ਪੁਲਸ ਵੱਲੋਂ ਲਾਈਆਂ ਗਈਆਂ ਇਹਨਾਂ ਪਾਬੰਦੀਆਂ ਬਾਰੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੇ ਬਿਲਕੁਲ ਚੁੱਪ ਧਾਰੀ ਹੋਈ ਸੀ। ਇਸ ਕਾਰਨ ਸਿੱਖ ਸੰਗਤਾਂ ਵਿਚ ਇਹਨਾਂ ਖਿਲਾਫ ਪਹਿਲਾਂ ਹੀ ਬਣੀ ਹੋਈ ਨਰਾਜ਼ਗੀ ਹੋਰ ਵਧ ਰਹੀ ਸੀ। 

ਤੇਜ਼ ਬਰਸਾਤ ਅਤੇ ਪੁਲਸ ਦੇ ਨਾਕਿਆਂ 'ਤੇ ਖਹਿ ਬਾਜ਼ੀ ਵਿਚੋਂ ਲੰਘ ਕੇ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੀਆਂ ਸੰਗਤਾਂ ਸ਼ਹੀਦਾਂ ਦੀ ਯਾਦ ਵਿਚ ਹੋਈ ਅਰਦਾਸ 'ਚ ਸ਼ਾਮਲ ਹੋਈਆਂ। ਪਰੰਪਰਾ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੌਮ ਨੂੰ ਅਰਦਾਸ ਉਪਰੰਤ ਸੰਬੋਧਨ ਕੀਤਾ। 

ਪਰ ਇਸ ਅਰਦਾਸ ਸਮਾਗਮ ਤੋਂ ਉਪਰੰਤ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੀ ਪ੍ਰੈਸ ਕਾਨਫਰੰਸ ਨੇ ਸਾਰਾ ਮਾਹੌਲ ਬਦਲ ਦਿੱਤਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਕਿ ਸ਼ਹੀਦਾਂ ਦੀ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ 'ਤੇ ਕੀਤੀ ਜਾਂਦੀ ਖਾਲਿਸਤਾਨ ਜ਼ਿੰਦਾਬਾਦ ਦੀ ਨਾਅਰੇਬਾਜ਼ੀ ਗਲਤ ਨਹੀਂ ਹੈ ਅਤੇ ਦੁਨੀਆ ਭਰ ਵਿਚ ਵਸਦਾ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਉਹਨਾਂ ਕਿਹਾ, "ਜੇ ਸਰਕਾਰ ਸਾਨੂੰ ਖਾਲਿਸਤਾਨ ਦਵੇਗੀ ਤਾਂ ਅਸੀਂ ਲੈ ਲਵਾਂਗੇ।"

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕਿਸੇ ਵਿਅਕਤੀ ਵੱਲੋਂ ਕਈ ਸਾਲਾਂ ਬਾਅਦ ਖਾਲਿਸਤਾਨ ਦੀ ਇਸ ਤਰ੍ਹਾਂ ਖੁੱਲ੍ਹੀ ਪ੍ਰੋੜਤਾ ਕੀਤੀ ਗਈ ਹੈ। ਇਸ ਸਮੇਂ ਨਾਲ ਬੈਠੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜਦੋਂ ਜਥੇਦਾਰ ਦੇ ਜਵਾਬ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਜਵਾਬ ਨਾਲ ਸਹਿਮਤੀ ਪ੍ਰਗਟ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਇਤਿਹਾਸਕ ਮਹੱਤਤਾ
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਬਉੱਚ ਰਾਜਨੀਤਕ ਸਥਾਨ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਉੱਤੇ ਸਿੱਖਾਂ ਦੀ ਭਾਰਤੀ ਰਾਸ਼ਟਰਵਾਦੀ ਧਿਰ ਬਾਦਲ ਦਲ ਨਾਲ ਸਬੰਧਿਤ ਬੰਦੇ ਅਹੁਦੇਦਾਰ ਹਨ ਪਰ ਇਹਨਾਂ ਵੱਲੋਂ ਵੀ ਖਾਲਿਸਤਾਨ ਦੀ ਪ੍ਰੋੜਤਾ ਕਰਦਿਆਂ ਦਿੱਤੇ ਇਹ ਬਿਆਨ ਸਪਸ਼ਟ ਕਰਦੇ ਹਨ ਕਿ ਘੱਲੂਘਾਰਾ ਜੂਨ 1984 ਨੂੰ 36 ਵਰ੍ਹੇ ਬੀਤੇ ਜਾਣ ਮਗਰੋਂ ਵੀ ਦੁਨੀਆ ਭਰ ਦੇ ਸਿੱਖ ਭਾਰਤ ਅੰਦਰ ਗੁਲਾਮੀ ਮਹਿਸੂਸ ਕਰਦੇ ਹਨ ਅਤੇ ਆਪਣਾ ਅਜ਼ਾਦ ਦੇਸ਼ ਖਾਲਿਸਤਾਨ ਸਿਰਜਣ ਦੀ ਇੱਛਾ ਰੱਖਦੇ ਹਨ। 

ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਖਾਲਿਸਤਾਨ ਚਾਹੁੰਦੇ ਹਨ ਪਰ ਉਹ ਭਾਰਤ ਸਰਕਾਰ ਨੇ ਸਿੱਖਾਂ ਨੂੰ ਖੁਦ ਨਹੀਂ ਦੇਣਾ, ਇਸ ਲਈ ਯਤਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਇਹ ਤਾਂ ਮੰਨਦੇ ਹਨ ਕਿ ਦੁਨੀਆ ਭਰ ਦੇ ਸਿੱਖ ਖਾਲਿਸਤਾਨ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਿੱਖਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਕਾਰਜ ਵੀ ਕਰਨੇ ਚਾਹੀਦੇ ਹਨ।