ਕਸ਼ਮੀਰ ਵਿੱਚ ਵੱਧਦੀ ਹਿੰਸਾ, ਤੇ ਪੈੜਾਂ 'ਚ ਰੁਲਦੇ ਚੂਰੋ-ਚੂਰ ਹੋਏ ਪਰਿਵਾਰ

ਕਸ਼ਮੀਰ ਵਿੱਚ ਵੱਧਦੀ ਹਿੰਸਾ, ਤੇ ਪੈੜਾਂ 'ਚ ਰੁਲਦੇ ਚੂਰੋ-ਚੂਰ ਹੋਏ ਪਰਿਵਾਰ

ਪਰਿਵਾਰ ਭਾਵੇਂ ਪੁਲਿਸ ਮੁਲਾਜ਼ਮਾਂ ਦੇ ਹੋਣ, ਚਾਹੇ ਕਸ਼ਮੀਰੀ ਲੜਾਕਿਆਂ ਦੇ, ਨੇੜਲੇ ਦਿਨਾਂ ਵਿਚ ਹੋਈਆਂ ਹਿੰਸਕ ਗਤੀਵਿਧੀਆਂ ਤੋਂ ਇਹ ਤਾਂ ਸਾਫ ਹੈ ਕਿ ਉਹਨਾਂ ਦੇ ਦੁੱਖਾਂ ਦਾ ਅੰਤ ਅਜੇ ਨੇੜੇ-ਤੇੜੇ ਕਿਤੇ ਨਹੀਂ। 19 ਫਰਵਰੀ ਦੀ ਸਵੇਰ, ਕੇਂਦਰੀ ਕਸ਼ਮੀਰ, ਬੁਡਗਾਮ ਜ਼ਿਲੇ ਦੇ ਖੀਰੀਗੁੰਡ ਪਿੰਡ ਵਿੱਚ, ਆਪਣੇ ਘਰ ਬੈਠਾ 'ਅਬਦੁਲ ਸਾਲਮ ਨਜਰ' ਕੱਪ ਵਿੱਚ ਚਾਹ ਪਾ ਰਿਹਾ ਸੀ, ਜਦੋਂ ਉਸ ਨੇ ਆਪਣੇ ਪੁੱਤਰ ਦੇ ਦਿਹਾਂਤ ਦੀ ਖਬਰ ਸੁਣੀ। 'ਦਾ ਵਾਇਰ' ਨਾਲ ਗੱਲ ਕਰਦਿਆਂ ਉਹਨਾਂ ਕਿਹਾ, "ਇੰਝ ਲੱਗਿਆ ਜਿਵੇਂ ਦੁੱਖਾਂ ਦਾ ਪਹਾੜ ਮੇਰੇ ਉੱਪਰ ਟੁੱਟ ਪਿਆ ਹੋਵੇ"।

ਉਹਨਾਂ ਦੇ ਪੁੱਤ ਮੁਹੰਮਦ ਅਤਲਾਫ ਨੇ, ਚਾਰ ਸਾਲ ਪਹਿਲਾਂ ਵੀਹ ਸਾਲਾਂ ਦੀ ਉਮਰ ਵਿੱਚ, ਹਾਈ ਸਕੂਲ ਦੀ ਸਿੱਖਿਆ ਖਤਮ ਕਰਨ ਉਪਰੰਤ ਘਰ ਦੀ ਮਾਲੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਜੰਮੂ-ਕਸ਼ਮੀਰ ਪੁਲਿਸ ਬਲ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। 

ਨਜਰ ਮੁਤਾਬਿਕ, 18 ਫਰਵਰੀ ਦੀ ਰਾਤ, ਅਬਦੁਲ ਸਾਲਮ, ਮਨਜ਼ੂਰ ਅਹਿਮਦ ਅਤੇ ਇੱਕ ਹੋਰ ਸਾਥੀ ਸਮੇਤ ਮਿਲੀਟੈਂਟਾਂ ਦੀ ਖੋਜ ਵਿੱਚ ਇੱਥੋਂ ਤੀਹ ਕਿਲੋਮੀਟਰ ਦੂਰ ਬੀਰਵਾਹ ਵਿਖੇ ਜਾ਼ਨੀਗਾਮ ਪਿੰਡ ਵਿੱਚ ਇੱਕ ਤਲਾਸ਼ੀ ਮੁਹਿੰਮ ਲਈ ਪਹੁੰਚੇ ਸਨ। 

ਅਚਾਨਕ, ਕਿਤਿਉਂ ਨਿਕਲ ਕੇ ਲੜਾਕਿਆਂ ਨੇ ਉਹਨਾਂ 'ਤੇ ਗੋਲੀਆਂ ਦੀ ਵਾਛੜ ਕੀਤੀ ਤੇ ਫਿਰ ਸੰਘਣੇ ਹਨੇਰੇ ਵਿੱਚ ਗਾਇਬ ਹੋ ਗਏ। ਮਨਜ਼ੂਰ ਅਹਿਮਦ ਦਾ ਬਚਾਅ ਰਿਹਾ, ਪਰ ਅਤਲਾਫ ਗੰਭੀਰ ਫੱਟੜ੍ਹ ਹੋ ਗਿਆ।

 ਇਸੇ ਹੀ ਦਿਨ, ਸ਼੍ਰੀਨਗਰ ਦੇ ਬਰਜੁਲੂਆ ਜਿਲੇ ਵਿੱਚ ਮਿਲੀਟੈਂਟਾਂ ਨੇ ਦੋ ਹੋਰ ਪੁਲਿਸ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਦੋਵੇਂ ਹੀ ਮਾਰੇ ਗਏ। ਸ਼ੋਪੀਆਂ ਵਿਖੇ, ਅੱਧੀ ਰਾਤ ਤੋਂ ਸਵੇਰ ਤੱਕ ਚੱਲੀ ਹਥਿਆਰਬੰਦ ਲੜਾਈ ਵਿੱਚ ਤਿੰਨ ਮਿਲੀਟੈਂਟਾਂ ਨੂੰ ਫੌਜ ਵੱਲੋਂ ਮਾਰ ਸੁੱਟਿਆ ਗਿਆ, ਜੋ ਕਿ 'ਅਲ ਬਦਰ' ਨਾਂ ਦੇ ਗਰੁੱਪ ਨਾਲ ਤਾਲੋਕਾਤ ਰੱਖਦੇ ਸਨ।

ਸ਼ੁੱਕਰਵਾਰ ਦੇ ਖੂਨੀ ਘਟਨਾਕ੍ਰਮ ਤੋਂ ਦੋ ਦਿਨ ਪਹਿਲਾਂ ਹੀ  ਮਿਲੀਟੈਂਟਾਂ ਵੱਲੋਂ  22 ਸਾਲਾ ਅਕਾਸ਼ ਮਹਿਰਾ ਦਾ ਕਤਲ ਕਰ ਦਿੱਤਾ ਗਿਆ, ਜੋ ਕਿ ਇੱਕ ਹੋਟਲ ਕਾਰੋਬਾਰੀ ਦਾ ਪੁੱਤ ਸੀ। ਇਹ ਇਸ ਸਾਲ ਦੀ ਦੂਜੀ ਘਟਨਾ ਹੈ, ਜਿਸ ਵਿੱਚ ਕਸ਼ਮੀਰ ਵਿੱਚ ਕੰਮ ਕਰ ਰਹੇ ਬਾਹਰਲੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। 

ਗਰਮੀ ਰੁੱਤ ਬਰੂਹਾਂ ਤੇ ਹੈ ਪਰ ਕਸ਼ਮੀਰ ਵਿੱਚ ਵੱਧ ਰਿਹਾ ਹਿੰਸਾ ਦਾ ਸੇਕ, ਪਿੱਛੇ ਭਿਆਨਕ ਮਨੁੱਖੀ ਕਸ਼ਟਾਂ ਦੀਆਂ ਪੈੜਾਂ ਛੱਡ ਰਿਹਾ ਹੈ।  ਫਲਸਰੂਪ, ਘਾਟੀ ਵਿੱਚ ਨਿਗਰਾਨੀ ਵਧਾਉਣ ਦੀਆਂ ਕੋਸ਼ਿਸ਼ਾਂ ਵਜੋਂ ਖਿੱਤੇ ਨੂੰ ਹਥਿਆਰਬੰਦ ਸੁਰੱਖਿਆ ਦੀ ਚਾਦਰ ਵਿੱਚ ਲਪੇਟਣ ਦੀਆਂ ਕਨਸੋਆਂ ਵਿੱਚ ਵਾਧਾ ਹੋ ਰਿਹਾ ਹੈ।
 
ਸ਼ਨੀਵਾਰ ਨੂੰ ਕਸ਼ਮੀਰ ਪੁਲਿਸ ਦੇ ਉੱਚ ਅਧਿਕਾਰੀ ਵਿਜੇ ਕੁਮਾਰ ਨੇ ਹੋਰ ਅਫਸਰਾਂ ਨਾਲ ਇੱਕ ਮੀਟਿੰਗ ਰੱਖੀ।  ਆਪਣਾ ਰਸਮੀ ਬਿਆਨ ਜ਼ਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਦੂਹਰਾ ਕੀਤਾ ਜਾ ਰਿਹਾ ਹੈ ਅਤੇ "ਰਾਸ਼ਟਰ- ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਤੇ ਨਜ਼ਰ" ਨੂੰ ਹੋਰ ਤੇਜ਼ ਕੀਤਾ ਜਾਵੇਗਾ। 

ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੀ ਕੁਮਾਰ ਨੇ ਮੁੱਖ-ਧਾਰਾ ਦੇ ਆਗੂਆਂ ਵੱਲੋਂ 'ਨੌਜ਼ਵਾਨਾਂ ਨੂੰ ਭੜਕਾਉਣ' ਕਰਕੇ ਚਿਤਾਵਨੀ ਦਿੰਦਿਆਂ ਕਿਹਾ, "ਕੋਈ ਕਿੰਨਾ ਵੀ ਵੱਡਾ ਆਗੂ ਕਿਉਂ ਨਾ ਹੋਵੇ, ਅਸੀਂ ਫਾਈਲਾਂ ਤਿਆਰ ਕੀਤੀਆਂ ਨੇ, ਹਰ ਸਰਗਰਮੀ 'ਤੇ ਸਾਡੀ ਨਜ਼ਰ ਹੈ। ਜੇਕਰ ਕੋਈ ਵੀ ਵੱਖਵਾਦੀ ਨਾਹਰਾ ਜਾਂ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਐਕਟ ਮੜ੍ਹ ਦਿੱਤਾ ਜਾਵੇਗਾ।" ਇਹ ਉਹਨਾਂ ਦਾ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵੱਲ ਇਸ਼ਾਰਾ ਸੀ।

ਦਿਨੋਂ ਦਿਨ ਬਦਤਰ ਹੁੰਦੇ ਸੁਰੱਖਿਆ ਹਾਲਾਤ 
ਪਿਛਲੇ ਇੱਕ ਸਾਲ ਵਿੱਚ ਸ੍ਰੀਨਗਰ ਸ਼ਹਿਰ ਵਿੱਚ ਸੁਰੱਖਿਆ ਹਾਲਾਤ ਬਦਤਰ ਹੋ ਗਏ  ਹਨ‌। ਖੳਸਹਮਰਿ ੌਸ਼ੀਂਠ ਅਨੁਸਾਰ, "ਜਨਵਰੀ 2020 ਤੋਂ ਲੈ ਕੇ ਫਰਵਰੀ 2021 ਤੱਕ ਕਸ਼ਮੀਰ ਵਿੱਚ 10 ਹਥਿਆਰਬੰਦ ਝੜਪਾਂ ਅਤੇ 24 ਹਮਲੇ ਹੋ ਚੁੱਕੇ ਹਨ। ਇਸੇ ਸਮੇਂ ਦੌਰਾਨ ਨੌਂ ਸੈਨਿਕ ਅਤੇ ਚਾਰ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ ਨਾਲ ਹੀ ਸੱਤ ਨੌਜਵਾਨਾਂ ਨੂੰ ਰੰਗਰੂਟੀ ਲਈ ਮਿਲੀਟੈਂਟਾਂ ਵੱਲੋਂ ਚੁੱਕਿਆ ਗਿਆ।

ਹਾਲਾਂਕਿ ਮਾਹਿਰ ਇਸਨੂੰ ਕੋਈ 'ਲਹਿਰ' ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਉਹ ਇਹਨਾਂ ਘਟਨਾਵਾਂ ਨੂੰ ਮਿਲੀਟੈਂਸੀ ਦੇ ਘੱਟ ਜਾਣ ਦੇ ਰੁਝਾਨਾਂ ਵਿੱਚ ਹੀ ਨਿੱਕੀ ਉਥਲ-ਪੁਥਲ ਦੱਸ ਰਹੇ ਹਨ।

"ਇਹ ਇੱਕਾ-ਦੁੱਕਾ ਘਟਨਾਵਾਂ ਨੇ, ਸਮੁੱਚਾ ਰੁਝਾਨ ਦੇਖੀਏ ਤਾਂ ਮਿਲੀਟੈਂਟ ਸਰਗਰਮੀ ਲਗਾਤਾਰ ਘੱਟ ਰਹੀ ਹੈ" ਅੱਤਵਾਦ ਮਾਹਿਰ ਅਤੇ ਛੋਨਸਟਟਿੁਟੲ ੋਡ ਚੋਨਡਲਚਿਟ ਮੳਨੳਗੲਮੲਨਟ, ਨਵੀਂ ਦਿੱਲੀ ਦੇ ਡਾਇਰੈਕਟਰ, ਅਜੇ ਸਾਹਨੀ ਨੇ ਇਹਨਾਂ ਸ਼ਬਦਾਂ ਨਾਲ ਪ੍ਰਤੀਕਿਰਿਆ ਦਿੱਤੀ।

ਇਸਦੇ ਬਾਵਜੂਦ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਡਾਇਰੈਕਟਰ ਜਨਰਲ, ਏ.ਪੀ. ਮਹੇਸ਼ਵਰੀ ਦੇ ਦਿੱਤੇ ਡਾਟੇ ਅਨੁਸਾਰ, ਘਰੇਲੂ ਮੰਤਰਾਲੇ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਦਿਖਾਇਆ ਕਿ ਸਾਲ 2020 ਵੀ ਇੱਕ ਹਿੰਸਾ ਭਰਿਆ ਸਾਲ ਰਿਹਾ। ਜਿਸ ਵਿੱਚ 2019 ਦੇ 103, 2019 ਦੇ 77 ਦੇ ਮੁਕਾਬਲਤਨ 2020 ਵਿੱਚ ਲੜਾਕਿਆਂ ਅਤੇ ਫੌਜ ਵਿਚਾਲੇ ਹਥਿਆਰ-ਬੰਦ ਮੁੱਠ-ਭੇੜਾਂ ਦੀ ਗਿਣਤੀ 111 ਰਹੀ ਹੈ। ਗ੍ਰਨੇਡ ਦੁਆਰਾ ਹਮਲਿਆਂ ਦੀ ਗਿਣਤੀ ਵੀ 2020 (37) ਵਿੱਚ , 2019 (16) ਅਤੇ 2018 (27) ਦੇ ਮੁਕਾਬਲੇ ਵੱਧ ਰਹੀ। 

ਨਜਰ ਨੇ 'ਦਿ ਵਾਇਰ' ਨੂੰ ਦੱਸਿਆ ਕਿ 21 ਫਰਵਰੀ ਨੂੰ ਐਸ.ਪੀ ਅਤੇ ਐਸ.ਐਸ.ਪੀ. ਰੈਂਕ ਦੇ ਅਧਿਕਾਰੀ ਉਸ ਦੇ ਘਰ ਆਏ ਸਨ। ਨੇੜਲੇ ਪੁਲਿਸ ਸਟੇਸ਼ਨ ਦਾ ਅਧਿਕਾਰੀ ਉਹਨਾਂ ਤੋਂ ਪਹਿਲਾਂ ਘਰੇ ਆ ਚੁੱਕਿਆ ਸੀ। "ਮੇਰਾ ਪੁੱਤਰ ਘਰੇ ਇੱਕ ਮਹੀਨੇ ਬਾਅਦ ਮੁਰਦਾ ਹਾਲਤ ਵਿੱਚ ਆਇਆ ਸੀ। ਉਹ ਬਰਫ ਵਾਂਗ ਚਿੱਟਾ ਹੋ ਚੁੱਕਾ ਸੀ ਜਦੋਂ ਮੈਂ ਉਸਨੂੰ ਆਪਣੀਆਂ ਬਾਹਾਂ 'ਚ ਲਿਆ। ਇੰਝ ਲੱਗਦਾ ਸੀ ਕਿ ਉਸ ਅੰਦਰ ਲਹੂ ਦੀ ਇੱਕ ਬੂੰਦ ਨਹੀਂ ਬਚੀ। ਮੈਨੂੰ ਲੱਗਦਾ ਹੈ ਕਿ ਜੇਕਰ ਉਹ ਸਮੇਂ ਸਿਰ ਹਸਪਤਾਲ ਪਹੁੰਚ ਜਾਂਦਾ ਤਾਂ ਉਹ ਬਚ ਸਕਦਾ ਸੀ।" ਨਜਰ ਨੇ ਬਿਆਨ ਕੀਤਾ।

ਦੂਸਰੇ ਕਮਰੇ ਵਿੱਚ ਅਫਸੋਸ ਕਰਨ ਆਈਆਂ ਔਰਤਾਂ ਦੇ ਸਿਸਕਣ ਦੀ ਆਵਾਜ਼ ਨੇ ਗੱਲਬਾਤ ਰੋਕ ਦਿੱਤੀ। "ਚੰਗਾ ਹੁੰਦਾ ਜੇ ਉਹ ਮਜ਼ਦੂਰੀ ਹੀ ਕਰ ਲੈਂਦਾ" ਹੰਝੂ ਭਿੱਜੀਆਂ ਅੱਖਾਂ ਨਾਲ ਘਰੋਂ ਬਾਹਰ ਨਿਕਲਦਿਆਂ ਇੱਕ ਔਰਤ ਨੇ ਫੁਸਫੁਸਾਇਆ।

ਇੱਕ ਹੋਰ ਪਰਿਵਾਰ
ਲਗਭਗ 45 ਕਿ.ਮੀ. ਦੂਰ, ਸ਼ੋਪੀਆਂ ਦਾ ਚੱਕ ਸੰਗਰਾਮ ਪਿੰਡ, ਮੁਦਾਸਿਰ ਅਹਿਮਦ ਵਾਗੇ (26) ਦਾ ਪਰਿਵਾਰ ਵੀ ਸ਼ੋਕ ਵਿੱਚ ਡੁੱਬਿਆ ਹੋਇਆ ਸੀ। ਮੁਦਾਸਿਰ ਸ਼ੋਪੀਆਂ ਹਮਲੇ ਵਿੱਚ ਮਾਰੇ ਗਏ ਤਿੰਨ ਲੜਾਕਿਆਂ ਵਿੱਚੋਂ ਇੱਕ ਸੀ, ਜੋ ਅਜੇ ਤਿੰਨ ਦਿਨ ਪਹਿਲਾਂ ਹੀ ਉਹਨਾਂ ਨਾਲ ਰਲਿਆ ਸੀ।
 
ਪੁਲਿਸ ਨੇ ਦੂਜੇ ਦੋਹਾਂ ਦੀ ਸ਼ਨਾਖਤ ਸੋਹੇਲ ਸ਼ੇਖ, ਤੁਰਕਵਾਂਗਮ (ਸ਼ੋਪੀਆਂ) ਤੋਂ ਅਤੇ ਸ਼ਾਹਿਦ ਦਾਰ ਸੰਬੂਰਾ, ਅਵੰਤੀਪੁਰਾ ਤੋਂ, ਦੇ ਰੂਪ ਵਿੱਚ ਕੀਤੀ। ‌"ਆਤਮ-ਸਮਰਪਣ ਕਰਨ ਲਈ ਲਗਾਤਾਰ ਹੋਕਾ ਦਿੱਤਾ ਜਾ ਰਿਹਾ ਸੀ, ਪਰ ਲੁਕੇ ਹੋਏ ਅੱਤਵਾਦੀਆਂ ਨੇ ਅੱਗੋਂ ਅੰਨੇਵਾਹ ਗੋਲੀ ਚਲਾ ਦਿੱਤੀ। ਜਿਸ ਕਾਰਨ ਆਖਰ ਤਿੰਨੇ ਹੀ ਮਾਰੇ ਗਏ," ਇੱਕ ਪੁਲਿਸ ਰਿਲੀਜ਼ ਵਿੱਚ ਕਿਹਾ ਗਿਆ। 

ਸਕੂਲੋਂ ਨਿੱਕਲਿਆ ਹੋਇਆ ਅਤੇ ਚਾਰ ਭੈਣ-ਭਾਈਆਂ ਵਿੱਚੋਂ ਸਭ ਤੋਂ ਛੋਟਾ, ਵਾਗੇ, ਪੰਦਰਾਂ ਜਨਵਰੀ ਦੀ ਸ਼ਾਮ ਘਰੋਂ ਰਾਸ਼ਨ ਲੈਣ ਲਈ ਨਿੱਕਲਿਆ। ਪਰ, ਲਗਭਗ ਅੱਠ ਵਜੇ ਜਦੋਂ ਉਸਦੇ ਵੱਡੇ ਭਰਾ, ਫਿਆਜ਼ ਅਹਿਮਦ ਨੇ ਇਹ ਪੁੱਛਣ ਲਈ ਫੋਨ ਕੀਤਾ ਕਿ ਉਹ ਕਿੱਥੇ ਹੈ?, ਤਾਂ ਫੋਨ ਬੰਦ ਆ ਰਿਹਾ ਸੀ। ਸਾਰੀ ਰਾਤ ਉਸਨੇ ਨੰਬਰ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਗੇ ਦਾ ਕੋਈ ਪਤਾ ਨਾ ਲੱਗਿਆ।

ਅਗਲੇ ਦਿਨ ਵਾਗੇ ਦੇ ਇੱਕ ਦੋਸਤ ਨੇ ਅਹਿਮਦ ਤੱਕ ਪਹੁੰਚ ਕੀਤੀ ਤੇ ਕਿਹਾ ਕਿ" ਵਾਗੇ ਨੇ ਕਿਹਾ ਹੈ ਕਿ ਉਹ ਉਸਨੂੰ ਲੱਭਣ ਦੀ ਕੋਸ਼ਿਸ਼ ਨਾ ਕਰਣ," ਅਹਿਮਦ ਨੇ 'ਦਿ ਵਾਇਰ' ਨੂੰ ਦੱਸਿਆ।

ਗੁਆਂਢੀ ਪਿੰਡਾਂ ਤੋਂ ਅਫਸੋਸ ਜ਼ਾਹਿਰ ਕਰਨ ਆਇਆਂ ਨਾਲ ਭਰੇ ਹਨੇਰੇ ਕਮਰੇ ਵਿੱਚ ਬੈਠੇ ਅਹਿਮਦ ਨੇ ਦੱਸਿਆ ਕਿ ਉਹ ਨੇੜਲੇ ਪੁਲਿਸ ਸਟੇਸ਼ਨ, ਲਗਭਗ ਤਿੰਨ ਕਿ.ਮੀ. ਦੂਰ, ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਗਏ ਸੀ। 

ਦੋ ਦਿਨਾਂ ਬਾਅਦ, ਦੇਰ ਰਾਤ, ਅਹਿਮਦ ਦੇ ਫੋਨ 'ਤੇ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਪਹਿਲਾਂ ਉਸਨੂੰ ਲੱਗਿਆ ਕਿ ਉਸਦੇ ਭਰਾ ਬਾਰੇ ਖਬਰ ਲੈਣ ਲਈ ਇਹ ਕਿਸੇ ਸੈਨਾ ਅਫਸਰ ਦਾ ਫੋਨ ਹੋਵੇਗਾ। ਕਿਉਂ ਕਿ ਪਿਛਲੇ ਸਮੇਂ ਅਜਿਹੇ ਕਈ ਫੋਨ ਉਹਨੂੰ ਆ ਚੁੱਕੇ ਸੀ। ਪਰ ਜਦੋਂ ਫੋਨ ਦੁਬਾਰਾ ਆਇਆ ਤਾਂ ਉਸਨੇ ਚੁੱਕ ਲਿਆ। 
ਦੂਜੇ ਪਾਸੇ ਵਾਗੇ ਸੀ," ਭਾਈਜਾਨ! ਇਹ ਮੈਂ ਹਾਂ...ਮੁਦਾਸਿਰ" ਅਹਿਮਦ ਨੇ ਯਾਦ ਕਰਕੇ ਸ਼ਬਦ ਦੁਹਾਰਾਏ।

"ਕੁਝ ਪਲਾਂ ਲਈ ਮੈਂ ਸਮਝ ਨਾ ਸਕਿਆ ਕਿ ਕੌਣ ਹੈ... ਮੈਂ ਬਹੁਤ ਉਤੇਜਿਤ ਹੋ ਗਿਆ," ਅਹਿਮਦ ਨੇ ਕਿਹਾ। ਕੁਝ ਸਮੇਂ ਬਾਅਦ ਉਹ ਹੰਝੂਆਂ ਨਾਲ ਗੜੁੱਚ ਹੋ ਚੁੱਕਿਆ ਸੀ।

"ਅਸੀਂ ਘਿਰ ਚੁੱਕੇ ਹਾਂ। ਉਹਨਾਂ ਨੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਕੇ ਤੇਜ ਰੌਸ਼ਨੀ ਕਰ ਦਿੱਤੀ ਹੈ। ਨਿਕਲਣ ਦਾ ਕੋਈ ਰਸਤਾ ਨਹੀਂ ਹੈ।," ਵਾਗੇ ਨੇ ਅਹਿਮਦ ਨੂੰ ਕਿਹਾ।
 ਇਲਾਕੇ ਦੇ ਹਰ ਘਰ ਵਾਂਗ ਅਹਿਮਦ ਗਹਿਰੇ ਦੁੱਖ ਵਿੱਚ ਸੀ। ਉਸਨੇ ਵਾਗੇ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਵਾਗੇ ਨੇ ਜਵਾਬ ਦਿੱਤਾ," ਮੈਂ ਅਜਿਹੀਆਂ ਗੱਲਾਂ ਸੁਣਨ ਲਈ ਤੁਹਾਨੂੰ ਫੋਨ ਨਹੀਂ ਕੀਤਾ। ਮੈਨੂੰ ਦੁਆਵਾਂ ਅਤੇ ਮਾਫੀ ਦੇਣਾ।" ਐਨਾ ਕਹਿ ਕੇ ਵਾਗੇ ਨੇ ਫੋਨ ਕੱਟ ਦਿੱਤਾ। 

ਇੱਕ ਅੰਤਿਮ ਸੰਸਕਾਰ
ਅਧਿਕਾਰੀਆਂ ਨੇ ਕਿਹਾ ਕਿ ਤਿੰਨਾਂ ਦੀਆਂ ਲਾਸ਼ਾਂ ਨੂੰ ਉੱਤਰੀ ਕਸ਼ਮੀਰ ਵਿਚਲੇ ਬਾਰਾਮੂਲਾ ਦੇ ਸ਼ੀਰੀ ਇਲਾਕੇ ਵਿੱਚ ਇੱਕ ਕਬਰਿਸਤਾਨ ਵਿੱਚ ਦਫਨਾ ਦਿੱਤਾ ਗਿਆ ਹੈ, ਜੋ ਕਿ ਉਹਨਾਂ ਦੇ ਪਿੰਡ ਤੋਂ ਇੱਕ ਸੌ ਤੀਹ ਕਿ.ਮੀ. ਦੂਰ ਹੈ। ਇਹ ਪਿਛਲੇ ਸਾਲ ਘੜੀ ਗਈ ਨੀਤੀ ਦਾ ਇੱਕ ਹਿੱਸਾ ਹੈ, ਪਰ ਲੜਾਕਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਘਰਦਿਆਂ ਹਵਾਲੇ ਨਾ ਕਰਨਾ, ਕਸ਼ਮੀਰੀਆਂ ਦੇ ਗੁੱਸੇ ਨੂੰ ਹੋਰ ਲਾਂਬੂ ਲਾਉਣ ਦਾ ਕੰਮ ਕਰ ਰਿਹਾ ਹੈ। 

ਜੰਮੂ ਕਸ਼ਮੀਰ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਕਰੋਨਾ ਕਾਲ ਦੇ ਚੱਲਦਿਆਂ ਕੀਤਾ ਗਿਆ, ਪਰ ਲੋਕਾਂ ਦਾ ਕਹਿਣਾ ਹੈ ਕਿ ਖੁਦ ਪ੍ਰਸ਼ਾਸਨ ਆਪਣੇ ਜੁਝਾਰੂਆਂ ਦੀ ਮੌਤ ਵੇਲੇ ਅਜਿਹੇ ਜਾ਼ਬਤਿਆਂ ਨੂੰ ਨਹੀਂ ਮੰਨਦਾ। ਜਿਵੇਂ ਕਿ ਅਲਤਾਫ ਦੇ ਪਰਿਵਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਅੰਤਿਮ ਰਸਮਾਂ ਲਈ ਉਹਨਾਂ ਨੂੰ ਬੇਟੇ ਦੀ ਮ੍ਰਿਤਕ ਦੇਹ ਦੇ ਦਿੱਤੀ ਗਈ ਸੀ।

ਹੋਰ ਪਰਿਵਾਰਾਂ ਦੀ ਤਰ੍ਹਾਂ, ਵਾਗੇ ਦੇ ਪਰਿਵਾਰ ਨੇ ਵੀ ਇਸ ਨੀਤੀ ਨੂੰ ਬਿਨਾਂ ਬਹੁਤੀ ਵਿਰੋਧਤਾ ਦੇ ਕਬੂਲ ਕਰ ਲਿਆ।

ਹਾਲਾਤਾਂ ਦੀ ਅਧੀਨਗੀ ਮੰਨਦਿਆਂ ਉਹ ਪੁਲਿਸ ਕੰਟਰੋਲ ਰੂਮ ਸ੍ਰੀਨਗਰ ਆਪਣੇ ਲਖਤੇ ਜ਼ਿਗਰ ਦੀ ਆਖਰੀ ਝਲਕ ਦੇਖ ਕੇ ਮੁੜ ਆਏ। 

ਦੂਜੇ ਦੋ ਲੜਾਕਿਆਂ ਦੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੇ ਵੀ ਪੁਲਿਸ ਵਹੀਕਲਾਂ ਦੇ ਪਿੱਛੇ ਸ਼ੀਰੀ, ਬਾਰਾਮੁੱਲਾ ਵਿਖੇ ਪਹੁੰਚ ਕੀਤੀ ਅਤੇ ਆਖਰੀ ਰਸਮਾਂ ਵਿੱਚ ਸਿਰਕਤ ਕੀਤੀ।

"੩੦੦ ਦੇ ਲਗਭਗ ਲੋਕ ਉੱਥੇ ਪਹੁੰਚੇ ਤੇ ਫਿਰ ਅਸੀਂ ਉਹਨਾਂ ਨੂੰ ਬੇਨਾਮ ਕਬਰਾਂ ਵਿੱਚ ਲਿਟਾ ਦਿੱਤਾ। ਰਸਮਾਂ ਪੁਲਿਸ ਸਟੇਸ਼ਨ ਦੇ ਵਿਹੜੇ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹੀ ਹੋਈਆਂ," ਅਹਿਮਦ ਬੋਲਿਆ। 

ਵਾਗੇ ਦੀ ਕਹਾਣੀ ਉਸ ਵਰਗੇ ਹੀ ਹੋਰ ਬਹੁਤ ਸਾਰੇ ਨੌਜਵਾਨਾਂ ਦੀ ਕਹਾਣੀ ਹੈ, ਜੇਕਰ ਸਾਰੇ ਨਹੀਂ ਤਾਂ ਘੱਟੋ-ਘੱਟ ਉਹਨਾਂ ਦੀ, ਜਿਹਨਾਂ ਦੀ ਪ੍ਰਸ਼ਾਸਨ ਵਿਰੁੱਧ ਨਰਾਜ਼ਗੀ ਉੱਪਰ ਅਸੰਵੇਦਨਸ਼ੀਲ ਪੁਲਿਸ ਬਲਾਂ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ, ਤੇ ਉਹਨਾਂ ਦੇ ਮਿਲੀਟੈਂਟਾਂ ਨਾਲ ਮਿਲ ਜਾਣ ਦਾ ਕਾਰਨ ਬਣੇ। 

ਅਹਿਮਦ ਮੁਤਾਬਿਕ, "ਵਾਗੇ ਸ਼ਾਇਦ ਉਸ ਗੁੱਸੇ ਕਾਰਨ ਬਹੁਤ ਪ੍ਰੇਸ਼ਾਨ ਰਹਿ ਚੁੱਕਾ ਸੀ, ਜੋ ਪੁਲਿਸ ਵੱਲੋਂ 2016 ਦੇ ਅੰਦੋਲਨਕਾਰੀਆਂ ਦੇ ਮਾਰੇ ਜਾਣ ਕਾਰਨ ਉਸ ਅੰਦਰ ਪਨਪਿਆ ਸੀ, ਜਿਹਨਾਂ ਨਾਲ ਉਹ ਵੀ ਅੰਦੋਲਨ ਵਿੱਚ ਸ਼ਾਮਿਲ ਸੀ। ਪੁਲਿਸ ਨੇ ਪੱਥਰਬਾਜ਼ੀ ਕਾਰਨ ਉਸ ਤੇ ਵੀ ਮਾਮਲਾ ਦਰਜ਼ ਕੀਤਾ ਸੀ।" "ਉਹ ਮਸਲੇ ਦੀ ਗੰਭੀਰਤਾ ਸਮਝਣ ਲਈ ਬਹੁਤ ਛੋਟਾ ਸੀ। ਤੇ ਹੁਣ ਅਸੀਂ ਉਸਨੂੰ ਗਵਾ ਲਿਆ ਹੈ,"ਅਹਿਮਦ ਨੇ ਭਰੇ ਗੱਚ ਨਾਲ ਕਿਹਾ। 

ਤੇ ਇੱਕ ਹੋਰ ਪਰਿਵਾਰ 
ਵਾਗੇ ਵਾਂਗ ਹੀ, ਇੱਕ ਹੋਰ ਪਰਿਵਾਰ, 19 ਫਰਵਰੀ ਨੂੰ 50 ਸਾਲਾ ਪੁਲਿਸ ਕਾਂਸਟੇਬਲ ਮੁਹੰਮਦ ਯੂਸਫ ਬਾਜਾਰਡ ਦੇ ਮਾਰੇ ਜਾਣ ਨਾਲ, ਪੱਟਿਆ ਗਿਆ ਮਹਿਸੂਸ ਕਰ ਰਿਹਾ ਹੈ। 

ਹਮਲੇ ਦੀ ਇੱਕ ਕਲਿੱਪ, ਸੋਸ਼ਲ ਮੀਡੀਆ ਤੇ ਕਾਫੀ ਘੁੰਮ ਰਹੀ ਹੈ, ਜਿਸ ਵਿੱਚ ਤਹਿਰਾਨ (ਸਰਦੀਆਂ ਵਿੱਚ ਪਹਿਨਿਆਂ ਜਾਣ ਵਾਲਾ ਕਸ਼ਮੀਰੀ ਕੁੜਤਾ) ਪਾ ਕੇ ਇੱਕ ਆਦਮੀ ਇੱਕ ਆਟੋਮੈਟਿਕ ਰਾਈਫਲ ਵਰਗਾ ਕੁੱਝ ਕੱਢਦਾ ਹੈ ਅਤੇ ਪੁਲਿਸ ਵਾਲੇ ਤੇ ਗੋਲੀਆਂ ਚਲਾ ਕੇ ਨਿਕਲ ਜਾਂਦਾ ਹੈ। 

ਬਾਜਾਰਡ, ਉੱਤਰ ਕਸ਼ਮੀਰ ਦੇ ਮਰਹਾਮਾ ਕੁਪਵਾੜਾ, ਸ਼੍ਰੀਨਗਰ ਤੋਂ 100 ਕਿ.ਮੀ. ਦੂਰ ਜੰਗਲਾਂ ਨਾਲ ਘਿਰੇ ਇੱਕ ਨਿੱਕੇ ਕਸਬੇ ਦਾ ਬਾਸ਼ਿੰਦਾ ਸੀ। ਉਸਨੇ ਡੇਢ ਮਹੀਨੇ ਦੀ ਬਿਮਾਰੀ ਕਾਰਨ ਛੁੱਟੀ ਮਗਰੋਂ ਹੁਣੇ ਹੀ ਦੁਬਾਰਾ ਨੌਕਰੀ ਸ਼ੁਰੂ ਕੀਤੀ ਸੀ। "ਰਾਤ ਦੇ ਲਗਭਗ ਇੱਕ ਵਜੇ, ਸਾਡਾ ਚਚੇਰਾ ਭਾਈ ਜੋ ਕਿ ਸੀ.ਆਰ.ਪੀ.ਐੱਫ ਵਿੱਚ ਹੈ, ਉਸਨੇ ਦੱਸਿਆ ਕਿ ਉਹ ਮਾਰਿਆ ਜਾ ਚੁੱਕਿਆ ਹੈ। ਸਾਰਾ ਪਰਿਵਾਰ ਬੁਰੀ ਤਰ੍ਹਾਂ ਸਦਮੇਂ ਵਿੱਚ ਚਲਾ ਗਿਆ," ਮੁਹੰਮਦ ਆਯੂਬ, ਜੋ ਕਿ ਬਾਜਾਰਡ ਦਾ ਸਾਲਾ ਹੈ, ਨੇ ਦੱਸਿਆ।

ਬਾਜਾਰਡ ਚਾਰ ਬੱਚਿਆਂ ਦਾ ਪਿਤਾ ਸੀ। ਉਸਦੀ ਵੀਹ ਸਾਲ ਦੀ ਨੌਕਰੀ ਸੀ, ਜਿਸ ਦੌਰਾਨ ਉਹ ਤਿੰਨ ਹਮਲਿਆਂ ਦਾ ਗਵਾਹ ਰਹਿ ਚੁੱਕਾ ਸੀ। ਖੁਸ਼ਕਿਸਮਤੀ ਨਾਲ ਉਹ ਹਰ ਵਾਰੀ ਬਚਦਾ ਰਿਹਾ ਸੀ। "ਉਹ ਜਦੋਂ ਦਾ ਭਰਤੀ ਹੋਇਆ ਸੀ, ਉਸਨੂੰ ਕਦੇ ਕੋਈ ਧਮਕੀ ਨਹੀਂ ਮਿਲੀ ਸੀ। ਆਂਢ-ਗੁਆਂਢ ਵਿੱਚ ਉਸਦੇ ਦਿਆਲੂ ਸੁਭਾਅ ਕਰਕੇ ਉਸਦਾ ਬਹੁਤ ਸਤਿਕਾਰ ਸੀ," ਆਯੂਬ ਦੱਸਦਾ ਹੈ। 

ਬਾਜਾਰਡ ਦੀ ਬੇਟੀ, ਜਿਸ ਦੇ ਉਹ ਬਹੁਤ ਜ਼ਿਆਦਾ ਨੇੜੇ ਸੀ, ਕਈ ਵਾਰ ਬੇਹੋਸ਼ ਹੋ ਚੁੱਕੀ ਹੈ, ਜਦੋਂ ਦਾ ਉਸਨੇ ਆਪਣੇ ਪਿਤਾ ਨੂੰ ਤਾਬੂਤ ਬਣਿਆਂ ਦੇਖਿਆ। 

ਆਯੂਬ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਹੱਤਿਆਵਾਂ ਨੇ ਇਲਾਕੇ ਦੇ ਹਰ ਘਰ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ। "ਇੰਝ ਲੱਗਦਾ ਹੈ ਕਿ ਇਹ ਸਿਲਸਿਲਾ ਕਦੇ ਨਹੀਂ ਰੁਕੇਗਾ ਜਦੋਂ ਤੱਕ ਸਮੱਸਿਆ ਦੀ ਜੜ੍ਹ ਫੜ ਕੇ ਠੋਸ ਕਦਮ ਨਹੀਂ ਚੁੱਕੇ ਜਾਂਦੇ," ਉਹ ਕਹਿੰਦਾ ਹੈ।

ਇਹ ਲੇਖ ਮੂਲ ਰੂਪ ਵਿਚ ਅੰਗਰੇਜ਼ੀ ਭਾਸ਼ਾ 'ਚ ਪੱਤਰਕਾਰ ਕਾਇਸਰ ਅੰਦਰਾਬੀ ਅਤੇ ਸ਼ਾਕਿਰ ਮੀਰ ਵੱਲੋਂ ਲਿਖਿਆ ਗਿਆ ਸੀ ਜਿਸ ਨੂੰ ਦਾ ਵਾਇਰ ਨੇ ਪ੍ਰਕਾਸ਼ਿਤ ਕੀਤਾ ਸੀ। ਅੰਮ੍ਰਿਤਸਰ ਟਾਈਮਜ਼ ਵੱਲੋਂ ਆਪਣੇ ਪਾਠਕਾਂ ਦੇ ਪੜ੍ਹਨ ਹਿੱਤ ਧੰਨਵਾਦ ਸਹਿਤ ਹਰਮਨਪ੍ਰੀਤ ਸਿੰਘ ਵੱਲੋਂ ਕੀਤਾ ਪੰਜਾਬੀ ਦਾ ਤਰਜ਼ਮਾ ਛਾਪਿਆ ਗਿਆ ਹੈ।