ਭਾਰਤੀ ਸੀਆਰਪੀਐਫ ਨੇ ਕਸ਼ਮੀਰੀ ਨੌਜਵਾਨ ਨੂੰ ਰਾਹ ਜਾਂਦਿਆਂ ਮਾਰੀ ਗੋਲੀ

ਭਾਰਤੀ ਸੀਆਰਪੀਐਫ ਨੇ ਕਸ਼ਮੀਰੀ ਨੌਜਵਾਨ ਨੂੰ ਰਾਹ ਜਾਂਦਿਆਂ ਮਾਰੀ ਗੋਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤੀ ਪ੍ਰਬੰਧ ਹੇਠਲੇ ਕਸ਼ਮੀਰ ਵਿਚ ਭਾਰਤੀ ਸੀਆਰਪੀਐਫ ਨੇ ਇਕ ਕਸ਼ਮੀਰੀ ਨੌਜਵਾਨ ਨੂੰ ਸੜਕ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਕਤਲ ਤੋਂ ਬਾਅਦ ਲੋਕ ਸੜਕਾਂ 'ਤੇ ਉਤਰ ਆਏ ਅਤੇ ਲੋਕਾਂ ਤੇ ਭਾਰਤੀ ਫੌਜੀਆਂ ਦਰਮਿਆਨ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ।

ਇਹ ਕਤਲ ਸ਼੍ਰੀਨਗਰ ਸ਼ਹਿਰ ਦੇ ਬਾਹਰਵਾਰ ਇਕ ਸੜਕ 'ਤੇ ਹੋਇਆ। ਹਾਸਲ ਜਾਣਕਾਰੀ ਮੁਤਾਬਕ ਇਹ ਨੌਜਵਾਨ ਆਪਣੀ ਕਾਰ ਵਿਚ ਜਾ ਰਿਹਾ ਸੀ ਜਦੋਂ ਸੀਆਰਪੀਐਫ ਨੇ ਇਸ ਦੇ ਗੋਲੀ ਮਾਰੀ। 

ਸੀਆਰਪੀਐਫ ਦਾ ਕਹਿਣਾ ਹੈ ਕਿ ਉਹਨਾਂ ਨੇ ਗੱਡੀ ਨੂੰ ਰੋਕਣ ਦਾ ਦੋ ਵਾਰ ਇਸ਼ਾਰਾ ਕੀਤਾ ਸੀ ਪਰ ਗੱਡੀ ਨਾ ਰੁਕਣ ਕਰਕੇ ਹਮਲੇ ਦਾ ਖਦਸ਼ਾ ਹੋਣ 'ਤੇ ਗੋਲੀ ਚਲਾਈ ਗਈ। 

ਅਖਬਾਰਾਂ ਵਿਚ ਚਸ਼ਮਦੀਦ ਫਿਰਦੌਸਾ ਦੇ ਛਪੇ ਬਿਆਨਾਂ ਮੁਤਾਬਕ ਫੌਜੀਆਂ ਦੇ ਕਹਿਣ 'ਤੇ ਨੌਜਵਾਨ ਨੇ ਕਾਰ ਰੋਕ ਲਈ ਸੀ ਅਤੇ ਉਸ ਨੇ ਬਾਹਰ ਆ ਕੇ ਫੌਜੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਮਗਰੋਂ ਜਦੋਂ ਉਹ ਕਾਰ ਵਿਚ ਮੁੜ ਬੈਠਣ ਲੱਗਿਆ ਤਾਂ ਉਸ ਦੇ ਪਿੱਠ ਪਿੱਛਿਓਂ ਗੋਲੀ ਮਾਰੀ ਗਈ। 

ਕਤਲ ਹੋਏ ਨੌਜਵਾਨ ਦੇ ਪਿਤਾ ਗੁਲਾਮ ਨਬੀ ਸ਼ਾਹ ਨੇ ਕਿਹਾ ਕਿ ਫੌਜੀਆਂ ਨੇ ਬਿਨ੍ਹਾ ਕਿਸੇ ਗੱਲੋਂ ਉਸ ਦੇ ਪੁੱਤ ਦਾ ਕਤਲ ਕੀਤਾ ਹੈ। 

ਕਤਲ ਦੀ ਖਬਰ ਇਲਾਕੇ ਵਿਚ ਫੈਲਣ ਮਗਰੋਂ ਸੈਂਕੜੇ ਲੋਕ ਭਾਰਤ ਖਿਲਾਫ ਨਾਅਰੇ ਮਾਰਦੇ ਸੜਕਾਂ 'ਤੇ ਆ ਗਏ। ਅਜ਼ਾਦੀ ਦੇ ਨਾਅਰੇ ਮਾਰਦੇ ਇਹਨਾਂ ਲੋਕਾਂ ਦੀ ਭਾਰਤੀ ਫੌਜ ਨਾਲ ਝੜਪ ਹੋ ਗਈ। ਲੋਕਾਂ ਵੱਲੋਂ ਭਾਰਤੀ ਫੌਜੀਆਂ ਖਿਲਾਫ ਪੱਥਰਬਾਜ਼ੀ ਕੀਤੀ ਗਈ ਤੇ ਫੌਜ ਵੱਲੋਂ ਪੈਲੇਟ ਬੰਦੂਕਾਂ ਦੀ ਵਰਤੋਂ ਕੀਤੀ ਗਈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।