ਭਾਰਤੀ ਸੁਰੱਖਿਆ ਬਲਾਂ ਦੀ ਹਿਰਾਸਤ ਵਿਚ ਕਸ਼ਮੀਰੀ ਅਧਿਆਪਕ ਦੀ ਮੌਤ

ਭਾਰਤੀ ਸੁਰੱਖਿਆ ਬਲਾਂ ਦੀ ਹਿਰਾਸਤ ਵਿਚ ਕਸ਼ਮੀਰੀ ਅਧਿਆਪਕ ਦੀ ਮੌਤ
ਰਿਜ਼ਵਾਨ ਅਸਾਦ ਪੰਡਿਤ

ਸ਼੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸਓਜੀ) ਦੀ ਹਿਰਾਸਤ ਵਿਚ ਇਕ ਨਿਜੀ ਸਕੂਲ ਦੇ ਅਧਿਆਪਕ ਦੀ ਮੌਤ ਹੋਣ ਦੀ ਖ਼ਬਰ ਹੈ। ਸਰਕਾਰੀ ਸੂਤਰਾਂ ਮੁਤਾਬਿਕ ਮਾਰੇ ਗਏ ਨੌਜਵਾਨ ਦੀ ਪਛਾਣ ਰਿਜ਼ਵਾਨ ਅਸਾਦ ਪੰਡਿਤ, ਵਾਸੀ ਅਵੰਤੀਪੋਰਾ ਵਜੋਂ ਹੋਈ ਹੈ। 

ਰਿਜ਼ਵਾਨ ਨੂੰ ਕੁਝ ਦਿਨ ਪਹਿਲਾਂ ਭਾਰਤ ਦੀ ਕੌਮੀ ਜਾਂਚ ਅਜੈਂਸੀ (ਐਨਆਈਏ) ਵੱਲੋਂ ਖਾੜਕੂਵਾਦ ਨਾਲ ਸਬੰਧਿਤ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਤੇ ਉਸਨੂੰ ਐਸਓਜੀ ਦੇ ਕਾਰਗੋ ਕੈਂਪ ਵਿੱਚ ਰੱਖਿਆ ਗਿਆ ਸੀ। 

ਰਿਜ਼ਵਾਨ ਇਕ ਨਿਜੀ ਸਕੂਲ ਵਿਚ ਬਤੌਰ ਅਧਿਆਪਕ ਨੌਕਰੀ ਕਰਦਾ ਸੀ ਤੇ ਉਸਦੀ ਬੀਤੀ ਰਾਤ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ। ਪੁਲਿਸ ਵਿਭਾਗ ਨੇ ਸੀਆਰਪੀਸੀ ਦੀ ਧਾਰਾ 176 ਅਧੀਨ ਮੈਜਿਸਟਰੀਅਲ ਜਾਂਚ ਦੀ ਮੰਗ ਕੀਤੀ ਹੈ। 

ਰਿਜ਼ਵਾਨ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਨਾਲ ਸਾਰੇ ਕਸ਼ਮੀਰ ਵਿਚ ਇਕ ਵਾਰ ਫੇਰ ਭਾਰਤ ਖਿਲਾਫ ਗੁੱਸੇ ਦੀ ਲਹਿਰ ਜ਼ੋਰ ਫੜ੍ਹ ਗਈ ਹੈ। ਰਾਜਨੀਤਕ ਨੁਮਾਂਇੰਦਿਆਂ ਤੋਂ ਲੈ ਕੇ ਆਮ ਸ਼ਹਿਰੀ ਤਕ ਇਸ ਮੌਤ 'ਤੇ ਗੁੱਸਾ ਪ੍ਰਗਟ ਕਰ ਰਹੇ ਹਨ। 

ਅਧਿਆਪਕ ਦੀ ਮੌਤ ਸਬੰਧੀ ਮਸਜਿਦਾਂ ਦੇ ਸਪੀਕਰਾਂ ਵਿਚੋਂ ਸੁਨੇਹੇ ਦਿੰਦਿਆਂ ਬੰਦ ਦਾ ਸੱਦਾ ਦਿੱਤਾ ਗਿਆ ਜਿਸ 'ਤੇ ਸ਼੍ਰੀਨਗਰ ਦੇ ਡਾਊਨਟਾਊਨ ਇਲਾਕੇ ਵਿਚ ਇਸ ਬਜ਼ਾਰ ਬੰਦ ਹੋ ਗਏ। 

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਮੌਤ ਤੋਂ ਭੜਕੇ ਕਸ਼ਮੀਰੀ ਲੋਕਾਂ ਅਤੇ ਭਾਰਤੀ ਸੁਰੱਖਿਆ ਬਲਾਂ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਵੀ ਖ਼ਬਰ ਹੈ। ਸੜਕਾਂ 'ਤੇ ਆਵਾਜਾਈ ਵੀ ਬੰਦ ਹੋ ਗਈ ਹੈ। 

ਪ੍ਰਸ਼ਾਸਨ ਨੇ ਕਈ ਇਲਾਕਿਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। 

ਹਿਰਾਸਤ ਵਿਚ ਅਧਿਆਪਕ ਦੀ ਮੌਤ 'ਤੇ ਬਿਆਨ ਜਾਰੀ ਕਰਦਿਆਂ ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਅਤੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲ੍ਹਾ ਨੇ ਭਾਰਤ ਸਰਕਾਰ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ। 

ਕਸ਼ਮੀਰ ਦੇ ਵੱਖਵਾਦੀ ਆਗੂ ਅਤੇ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਨੇ ਕਿਹਾ ਕਿ ਇਸ ਮੌਤ ਨੇ ਇਕ ਵਾਰ ਫੇਰ ਕਸ਼ਮੀਰੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਹੈ।  

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ