ਵੱਡੇ ਢੀਂਡਸੇ ਦੀ ਨਿੱਕੇ ਢੀਂਡਸੇ ਨੂੰ ਸਲਾਹ, ਬਾਦਲ ਦਲ ਵੱਲੋਂ ਨਾ ਲੜੇ ਲੋਕ ਸਭਾ ਚੋਣ

ਵੱਡੇ ਢੀਂਡਸੇ ਦੀ ਨਿੱਕੇ ਢੀਂਡਸੇ ਨੂੰ ਸਲਾਹ, ਬਾਦਲ ਦਲ ਵੱਲੋਂ ਨਾ ਲੜੇ ਲੋਕ ਸਭਾ ਚੋਣ
ਸੁਖਦੇਵ ਸਿੰਘ ਢੀਂਡਸਾ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਬੀਤੇ ਸਮੇਂ ਦੌਰਾਨ ਚੱਲਿਆ ਅੰਦਰੂਨੀ ਬਗਾਵਤਾਂ ਦਾ ਦੌਰ ਰੁਕ ਨਹੀਂ ਰਿਹਾ ਤੇ ਪਾਰਟੀ ਤੋਂ ਅਸਤੀਫਾ ਦੇ ਕੇ ਵੱਖ ਹੋਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਆਪਣੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਲਾਹ ਦਿੱਤੀ ਹੈ ਕਿ ਉਹ  ਪਾਰਟੀ ਟਿਕਟ ਉੱਤੇ ਲੋਕ ਸਭਾ ਚੋਣਾਂ ਨਾ ਲੜਨ।

ਸ਼੍ਰੋਮਣੀ ਅਕਾਲੀ ਦਲ ਬਾਦਲ ਸੰਗਰੂਰ ਲੋਕ ਸਭਾ ਸੀਟ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਉਣ ਜਾ ਰਿਹਾ ਹੈ ਤੇ ਅਜਿਹੇ ਵਿਚ ਸੁਖਦੇਵ ਸਿੰਘ ਢੀਂਡਸਾ ਦਾ ਇਹ ਬਿਆਨ ਪਾਰਟੀ ਲਈ ਨਵੀਂਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। 

ਢੀਂਡਸਾ ਨੇ ਕਿਹਾ ਕਿ ਉਹ ਕਈ ਵਾਰ ਇਹ ਗੱਲ ਦੋਹਰਾ ਚੁੱਕੇ ਹਨ ਕਿ ਉਨ੍ਹਾਂ ਦੇ ਤੇ ਪਾਰਟੀ ਲੀਡਰਸ਼ਿਪ ਵਿਚਾਲੇ ਬੁਨਿਆਦੀ ਮਤਭੇਦ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਰੁੱਧ ਆਮ ਜਨਤਾ ਵਿੱਚ ਡਾਢਾ ਰੋਹ ਪਾਇਆ ਜਾ ਰਿਹਾ ਹੈ, ਇਸੇ ਲਈ ਉਹ ਪਰਮਿੰਦਰ ਸਿੰਘ ਨੂੰ ਵੀ ਆਖਣਗੇ ਕਿ ਉਹ ਪਾਰਟੀ ਟਿਕਟ ਉੱਤੇ ਲੋਕ ਸਭਾ ਚੋਣਾਂ ਨਾ ਲੜਨ।

ਗੌਰਤਲਬ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਇਸ ਸਾਲ ਜਨਵਰੀ ਮਹੀਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਸੀ। ਢੀਂਡਸਾ ਨੇ ਕਿਹਾ ਕਿ ਉਹ ਅੱਜ ਵੀ ਆਪਣੀ ਗੱਲ 'ਤੇ ਖੜ੍ਹੇ ਹਨ। ਢੀਂਡਸਾ ਨੇ ਸੁਖਬੀਰ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਸੀ; ਤਾਂ ਜੋ ਪਾਰਟੀ ਵਿਰੁੱਧ ਲੋਕ–ਰੋਹ ਕੁਝ ਹੱਦ ਤੱਕ ਠੰਢਾ ਪੈ ਸਕੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ