ਕਾਸ਼ ਮੈਂ ਹਿੰਦੂ ਨਾ ਹੁੰਦੀ

ਕਾਸ਼ ਮੈਂ ਹਿੰਦੂ ਨਾ ਹੁੰਦੀ
ਦਰਬਾਰ ਸਾਹਿਬ, ਅੰਮ੍ਰਿਤਸਰ

ਅੰਜੂਜੀਤ ਸ਼ਰਮਾ ਜਰਮਨੀ
ਗੱਲ ਪਿਛਲੇ ਦਿਨਾਂ ਦੀ ਆ ਮੈਂ ਇਟਲੀ ਗਈ ਹੋਈ ਸੀ। 2 ਸਤੰਬਰ ਦੀ ਮੇਰੀ ਇਟਲੀ ਤੋਂ ਵਾਪਸੀ ਸੀ।ਮਾਰਕੋ ਪੋਲੋ ਏਅਰ ਪੋਰਟ ਤੇ ਪੁਹੰਚੇ, ਕਾਫੀ ਦੇਰ ਇੰਤਜਾਰ ਕਰਨ ਮਗਰੋਂ ਪਤਾ ਲੱਗਾ ਕੇ ਫਲਾਈਟ ਕੈਂਸਲ ਹੈ ।ਅਗਲੇ ਦਿਨ ਦੀ ਫਲਾਈਟ ਹੋਵੇਗੀ।ਅਸੀਂ ਸਾਰੇ ਪ੍ਰੇਸ਼ਾਨ ਹੋਏ ਬੌਡਿੰਗ ਲਾਈਨ ਵਿੱਚ ਖੜੇ ਸੀ।ਜਦ ਸਾਨੂੰ ਇਹ ਖਬਰ ਦਿੱਤੀ ਗਈ।

ਜਿੰਨੀ ਦੇਰ ਸਾਡੇ ਤੀਕਰ ਫਲਾਈਟ ਲੇਟ ਹੋਣ ਦੀ ਕੋਈ ਜਾਣਕਾਰੀ ਨਹੀਂ ਪੁੱਜੀ ਸੀ ।ਅਸੀਂ ਸਭ ਬੌਡਿੰਗ ਲਾਈਨ ਵਿੱਚ ਖੜੇ ਖੜੇ ਪ੍ਰੇਸ਼ਾਨ ਹੋ ਰਹੇ ਸੀ।ਮੈਨੂੰ ਲੱਗਾ ਜਿਵੇਂ ਮੈਂ ਕੱਲੀ ਹੀ ਜਰਮਨੀ ਜਾਣ ਵਾਲੀ ਹਾਂ ,ਕਿਉਂਕਿ ਮੇਰੇ ਅੱਗੇ ਪਿੱਛੇ ਸਾਰੇ ਜਿਆਦਾ ਤਰ ਇਟਾਲੀਅਨ ਜਾਂ ਅੰਗਰੇਜੀ ਬੋਲ ਰਹੇ ਸੀ।ਜਰਮਨ ਭਾਸ਼ਾ ਵਾਲਾ ਕੋਈ ਨਹੀਂ ਸੀ।ਖੈਰ ਜਦ ਸਾਨੂੰ ਪਤਾ ਲੱਗਾ ਹੁਣ ਅਸੀਂ ਬੱਸ ਰਾਹੀ Bolognese Hotel ਜਾਣਾ ਹੈ ਤਾਂ ,ਇੱਕ ਦਮ ਮੈਨੂੰ ਬਹੁਤ ਸਾਰੀਆਂ ਜਰਮਨ ਜੁਬਾਨ ਬੋਲਦੀਆਂ ਜੁਬਾਨਾਂ ਸੁਣਾਈ ਦਿੱਤੀਆਂ ।ਅਸੀਂ ਸਭ ਇੱਕ ਪਾਸੇ ਇੱਕਠੇ ਹੋ ਗਏ।ਅਸੀਂ ਸਭ ਇਸ ਤਰ੍ਹਾਂ ਮਿਲ ਰਹੇ ਸੀ ਜਿਵੇਂ ਧਰਤੀ ਹੇਠਲੇ ਬੌਲਦ ਨੇ ਸਿੰਗ ਹਿਲਾਏ ਹੋਣ ਤੇ ਅਸੀਂ ਪਰਾਂ ਪਰਾਂ ਡਿੱਗੇ ਹੋਈਏ।ਅਤੇ ਫਿਰ ਧਰਤੀ ਨੇ ਗੋਲ ਗੋਲ ਘੁੰਮ ਕੇ ਸਾਨੂੰ ਸਭ ਨੂੰ ਇੱਕ ਥਾਂ ਹੀ ਕੱਠੇ ਕੀਤਾ ਹੋਵੇ।ਅਸੀਂ ਸਭ ਖੁਸ਼ ਸੀ ਕੇ ਸਭ ਇੱਕ ਹੀ ਵਤਨ ਵਾਸੀ ਤੇ ਇੱਕ ਭਾਸ਼ਾਈ ਹਾਂ।

ਇੰਨੇ ਨੂੰ ਤਿੰਨ ਜਰਮਨ ਔਰਤਾ ਜਿੰਨਾ ਦੀ ਉਮਰ 65 ਤੋਂ 75 ਦੇ ਦਰਿਮਿਆਨ ਹੋਵੇਗੀ।ਸੀ ਬੜੀ ਸ਼ੁਗਲੀ ਬਹੁਤ ਹੱਸ ਰਹੀਆਂ ਸਨ।ਸਾਨੂੰ ਏਅਰ ਪੋਰਟ ਤੇ 4-5 ਘੰਟੇ ਬੈਠਣਾ ਪਿਆ ਫਿਰ ਦੁਬਾਰਾ ਸਭ ਨੇ ਸਮਾਨ ਵਾਪਸ ਲੈ ਕੇ ਫਿਰ ਹੋਟਲ ਜਾਣਾ ਸੀ।ਇਸ ਸਮੇਂ ਦੌਰਾਨ ਮੇਰੀ ਉਨਾ ਨਾਲ ਦੋਸਤੀ ਹੋ ਗਈ।ਉਨਾਂ ਨੂੰ ਹੁਣ ਪਤਾ ਲੱਗ ਚੁੱਕਾ ਸੀ ਕੇ ਮੈਂ ਇੰਡੀਅਨ ਹਾਂ ।

ਉਨ੍ਹਾਂ ਵਿੱਚੋਂ ਇੱਕ ਔਰਤ ਨੇ ਮੇਰਾ ਘੁੱਟ ਕੇ ਹੱਥ ਫੜ ਲਿਆ ਤੇ ਕਹਿੰਦੀ ਤੈਨੂੰ ਪਤਾ ਮੈਂ 5 ਸਾਲ ਇੰਡੀਆ ਰਹੀ ਹਾਂ ।ਮੇਰਾ ਝੱਟ ਉਹਦੇ ਨਾਲ ਰਿਸ਼ਤਾ ਗੰਢ ਹੋ ਗਿਆ।ਤੂੰ ਇੰਡੀਆ ਕਿਥੇ ਦੀ ਰਹਿਣ ਵਾਲੀ ਆਂ ?ਉਸ ਨੇ ਮੈਥੋਂ ਇਸ ਤਰਾਂ ਪੁੱਛਿਆ ਜਿਵੇਂ ਉਹ ਸਾਰੇ ਇੰਡੀਆ ਨੂੰ ਜਾਣਦੀ ਹੋਵੇ।ਮੈਂ ਉਸ ਨੂੰ ਕਿਹਾ ਮੈਂ ਪੰਜਾਬ ਦੀ ਹਾਂ ।ਮੈਂ ਜਲੰਧਰ ਦਾ ਨਾਂ ਲੈ ਕੇ ਕਿਹਾ ਮੈਂ ਉਹਦੇ ਨੇੜੇ ਫਗਵਾੜੇ ਦੀ ਹਾਂ ।ਉਹਨੇ ਮੇਰੇ ਵੱਲ ਦੇਖ ਕੇ ਕਿਹਾ,ਮੈਂ 1984 ਦਾ ਸਾਰਾ ਦੌਰ ਦੇਖਿਆ ਹੈ।ਮੈਂ ਉਨਾਂ ਦਿਨਾਂ ਵਿੱਚ ਪੰਜਾਬ ਹੀ ਸੀ ਤੇ ਮੇਰਾ ਘਰਵਾਲਾ ਜਰਮਨੀ ਦਾ ਪੱਤਰਕਾਰ ਸੀ।

ਮੈਂ ਆਪਣੀ ਗੱਲ ਕਰਾਂ ਤਾਂ ਮੈਂ 84 ਦੇ ਦੌਰ ਵਿੱਚ ਅੱਠਵੀ ਦੇ ਪੇਪਰ ਦਿੱਤੇ ਸਨ ਅਤੇ ਜੂਨ ਮਹੀਨੇ ਦੀਆਂ ਛੁੱਟੀਆਂ ਸਨ।ਮੇਰੇ ਸਾਹਮਣੇ ਉਹ ਸਾਰਾ ਵਰਤਾਰਾ ਆ ਗਿਆ ਜੋ ਉਸ ਵੇਲੇ ਪੰਜਾਬ ਝੱਲ ਰਿਹਾ ਸੀ।ਉਸ ਨੇ ਮੇਰਾ ਹੱਥ ਫੜਿਆ ਤੇ ਮੇਰੇ ਲਾਗੇ ਹੋ ਕੇ ਕਹਿੰਦੀ ।ਮੈਂ ਹੁਣ ਵੀ ਜਦ ਉਹ ਸਮਾਂ ਯਾਦ ਕਰਦੀ ਹਾਂ ਮੇਰੇ ਸ਼ਰੀਰ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਮੇਰਾ ਘਰ ਵਾਲਾ ਪੱਤਰਕਾਰ ਹੋਣ ਦੇ ਨਾਤੇ ਹਰ ਖਬਰ ਜਰਮਨੀ ਨੂੰ ਦੇ ਰਿਹਾ ਸੀ।ਅਸੀਂ ਦੇਖਿਆ ਕਿਸ ਤਰਾਂ ਸਿੱਖਾਂ ਦਾ ਕਤਲ ਕੀਤਾ। ਉਹ ਲਗਾਤਾਰ ਦੱਸਦੀ ਜਾ ਰਹੀ ਸੀ।ਤੇ ਮੈਂ ਚੁੱਪ ਚਾਪ ਖੜੀ ਉਸ ਜਰਮਨ ਔਰਤ ਦੀ ਜੁਬਾਨੀ ਪੁਰਾਣੇ ਦਰਦ ਦੀ ਦਾਸਤਾਨ ਸੁਣ ਰਹੀ ਸੀ।

ਉਸ ਨੇ ਮੇਰੇ ਕੋਲ ਹਿੰਦੂਆਂ ਦੀ ਰੱਜ ਕੇ ਬਦਖੋਹੀ ਕੀਤੀ ਤੇ ਕਰਨ ਮਗਰੋਂ ਮੈਨੂੰ ਕਹਿੰਦੀ ਤੂੰ ਤੇ ਹਿੰਦੂ ਨਹੀ ਹੈ ਨਾ?ਮੈਂ ਆਪਣਾ ਸਿਰ ਨਾਹ ਵਿੱਚ ਹਿੱਲਾ ਦਿੱਤਾ ਤੇ ਦਿਲ ਵਿੱਚ ਕਿਹਾ ਕਾਸ਼!ਨਾ ਹੁੰਦੀ। ਉੁਸ ਨੇ ਹੱਸ ਕੇ ਆਪਣੇ ਦਿਲ ਤੇ ਹੱਥ ਰੱਖ ਦੀ ਨੇ ਕਿਹਾ ,ਮੈਂ ਸੋਚਿਆ ਕੀਤੇ ਤੂੰ ਹਿੰਦੂ ਨਾ ਹੋਵੇ।ਮੈਂ ਉਸ ਨੂੰ ਕਿਹਾ ,84 ਦਾ ਦੁੱਖ ਪੰਜਾਬ ਦੇ ਹਰ ਹਿੰਦੂ ਤੇ ਸਿੱਖ ਨੂੰ ਹੈ ਅਤੇ ਸਭ ਇਸ ਦੀ ਲਪੇਟ ਵਿੱਚ ਆਏ ਸਨ। ਕਿਉਂਕਿ ਹਰਿਮੰਦਰ ਸਾਹਿਬ ਸਾਡਾ ਸਭ ਦਾ ਸਾਂਝਾ ਹੈ। ਉਸ ਦੀ ਬੇਅੱਦਬੀ ਹਰ ਹਿੰਦੂ ਹਰ ਸਿੱਖ ਦੀ ਬੇਅੱਦਬੀ ਹੈ ।

ਫਿਰ ਉਹ ਕਿਹੜੇ ਹਿੰਦੂ ਸਨ ਜਿੰਨਾ ਨੇ ਇੰਨਾ ਕਤਲੋ ਗਾਰਤ ਕੀਤਾ।ਉਸ ਨੇ ਪੱਤਰਕਾਰ ਦੀ ਘਰਵਾਲੀ ਹੋਣ ਦੇ ਨਾਤੇ ਮੇਰੇ ਤੋਂ ਉਹ ਸਵਾਲ ਪੁੱਛਿਆ ਜਿਸ ਦਾ ਉੱਤਰ ਮੇਰੇ ਕੋਲ ਨਹੀਂ ਸੀ ਪਰ ਹਾਂ ਮੈਂ ਸ਼ਰਮਿੰਦਾ ਜਰੂਰ ਸੀ । ਇਸ ਦਾਗ ਨੂੰ ਲੈ ਕੇ ਮੇਰਾ ਦਿਲ ਕਰੇ ਮੈਂ ਆਪਣੀ ਮਾਂ ਨੂੰ ਕਹਾਂ ਤੂੰ ਮੇਰੀ ਗਵਾਹੀ ਭਰ ਦੇ ਕਿ ਤੂੰ ਮੈਨੂੰ ਹਿੰਦੂ ਨਹੀਂ ਜਨਮਿਆ ।ਮੇਰਾ ਦਿਲ ਕਰੇ ਮੈਂ ਉਹ ਹਰ ਪਹਿਚਾਣ ਪੱਤਰ ਨਾਂ ਨਿਸ਼ਾਨ ਸਾੜ ਸੁਆਹ ਕਰ ਦੇਵਾਂ ਜਿਹੜੇ ਮੇਰੀ ਪਹਿਚਾਣ ਦੱਸਦੇ ਨੇ।ਇਸ ਜਨਮ ਵਿੱਚ ਬਸ ਇੱਕੋ ਇੱਕ ਅਰਦਾਸ ਹੈ ਕਿ
“ਹੇ ਰੱਬ ਜੀ ਅਗਲੇ ਜਨਮ ਵਿੱਚ ਮੈਨੂੰ ਕਦੇ ਹਿੰਦੂ ਨਾ ਬਣਾਈ”