ਕਰਮਨ ਯੂਨੀਫਾਈਡ ਸਕੂਲ ਵੱਲੋਂ ਸੰਗੀਤ ਸਿਖਲਾਈ ਕੈਂਪ ਲੱਗਾ

ਕਰਮਨ ਯੂਨੀਫਾਈਡ ਸਕੂਲ ਵੱਲੋਂ ਸੰਗੀਤ ਸਿਖਲਾਈ ਕੈਂਪ ਲੱਗਾ

ਫਰਿਜ਼ਨੋ (ਕੁਲਵੰਤ ਧਾਲੀਆਂ): ਫਰਿਜ਼ਨੋ ਨਜ਼ਦੀਕੀ ਕਰਮਨ ਸ਼ਹਿਰ ਦੇ ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ” ਵੱਲੋਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੰਗੀਤ ਨਾਲ ਵੀ ਜੋੜਿਆ ਜਾਂਦਾ ਹੈ। ਇਸੇ ਲੜੀ ਅਧੀਨ ਵਿੱਦਿਅਕ ਸਾਲ ਦੇ ਆਖਰੀ ਦਿਨਾਂ ਵਿੱਚ ਬੱਚਿਆਂ ਨੂੰ ਇਲੈਕਟ੍ਰੋਨਿਕ, ਵੀਡੀਉ ਗੇਮਾਂ ਅਤੇ ਫੋਨਾਂ ਤੋਂ ਦੂਰ 'ਸਕੋਆ ਵੈਲੀ' ਦੇ ਪਹਾੜਾਂ ਦੀਆਂ ਵਾਦੀਆਂ ਵਿਚਕਾਰ ਡੰਨਲੋਪ ਦੇ ਇਲਾਕੇ ਵਿਚ ਤਿੰਨ ਦਿਨਾ ਸੰਗੀਤ ਸਿਖਲਾਈ ਕੈਂਪ ਲਾਇਆ ਗਿਆ। ਇਸ ਵਿੱਚ 70 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਅਤੇ ਇਸ ਕੈਂਪ ਦਾ ਸਮੁੱਚਾ ਖਰਚ ਸਕੂਲ ਵੱਲੋਂ ਅਦਾ ਕੀਤਾ ਗਿਆ।

ਇਥੇ ਬੱਚਿਆਂ ਨੇ ਗਿਟਾਰ, ਆਟੋਹਾਰਪ, ਬੰਸਰੀ-ਅਲਗੋਜੇ, ਡਰੰਮ ਅਤੇ ਹੋਰ ਬਹੁਤ ਸਾਰੇ ਸੰਗੀਤ ਨਾਲ ਸਬੰਧਤ ਸਾਜ਼ਾਂ ਦਾ ਗਿਆਨ ਪ੍ਰਾਪਤ ਕੀਤਾ। ਇਸ ਕੈਂਪ ਦੀ ਖਾਸ ਗੱਲ ਇਹ ਵੀ ਰਹੀ ਕਿ ਬੱਚਿਆਂ ਨੂੰ ਵਿਹਲੇ ਸਮੇਂ ਦੌਰਾਨ ਪਹਾੜਾਂ 'ਤੇ ਹਾਈਕਿੰਗ ਕਰਨਾ, ਸਥਾਨਿਕ ਪੂਲ ਵਿੱਚ ਤੈਰਨਾ ਅਤੇ ਸਵਾਦਲੇ ਖਾਣਿਆਂ ਦਾ ਅਨੰਦ ਲੈਣਾ ਬਹੁਤ ਚੰਗਾ ਲੱਗਾ। ਆਖਰੀ ਦਿਨ ਕੈਂਪ ਦੀ ਸਮਾਪਤੀ 'ਤੇ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਸੰਗੀਤ ਕੈਂਪ ਦੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਆਪਣੇ-ਆਪਣੇ ਗਰੁੱਪਾਂ ਵਿਚ ਸਟੇਜ ਤੋਂ ਸੰਗੀਤ ਦਾ ਖੁੱਲਾ ਪ੍ਰਦਰਸ਼ਨ ਕੀਤਾ। ਸਮੁੱਚੇ ਕੈਂਪ ਦੌਰਾਨ ਪੰਜਾਬੀ ਭਾਈਚਾਰੇ ਵਿੱਚੋਂ ਇਕਲੌਤੇ ਬੱਚੇ ਅੰਮ੍ਰਿਤਾ ਕੌਰ ਉੱਭੀ ਨੇ ਭਾਗ ਲਿਆ ਅਤੇ ਸੰਗੀਤ ਪ੍ਰੋਗਰਾਮ ਦੌਰਾਨ ਸਫਲ ਪ੍ਰਦਰਸ਼ਨ ਕੀਤਾ। 

ਇਸ ਕੈਂਪ ਦੇ ਮੁੱਖ ਪ੍ਰਬੰਧਕ ਮਿਸਟਰ ਮਾਈਕਲ ਮਿਊਲਰ ਅਤੇ ਸਹਿਯੋਗੀਆ ਦੁਆਰਾ ਸਮੁੱਚੇ ਪ੍ਰਬੰਧ ਸੁਰੱਖਿਅਤ ਅਤੇ ਸਲਾਹੁਣਯੋਗ ਸਨ। ਕੈਂਪ ਦੀ ਸਫਲਤਾ ਲਈ ਕਰਮਨ ਸਕੂਲ ਬੋਰਡ ਵਧਾਈ ਦਾ ਪਾਤਰ ਹੈ। ਅੰਤ ਘਰ ਨੂੰ ਵਾਪਸੀ 'ਤੇ ਸਾਰੇ ਬੱਚਿਆਂ ਨੂੰ ਇਕ-ਇਕ ਗਿਟਾਰ ਦਿੱਤੀ ਗਈ। ਬੱਚਿਆਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਅਤੇ ਜ਼ਿੰਦਗੀ ਅੰਦਰ ਇਸ ਤਜਰਬੇ ਦੀਆਂ ਯਾਦਾਂ ਹਮੇਸਾ ਸਿਖਿਆਦਾਇਕ ਰਹਿਣਗੀਆਂ।