ਸਿਲੀਕਾਨ ਵੈਲੀ ਵਿਖੇ ਸਜਿਆ ਧਾਰਮਿਕ ਕਵੀ ਦਰਬਾਰ

ਸਿਲੀਕਾਨ ਵੈਲੀ ਵਿਖੇ ਸਜਿਆ ਧਾਰਮਿਕ ਕਵੀ ਦਰਬਾਰ

ਸੈਂਟਾ ਕਲਾਰਾ (ਪ੍ਰਮਿੰਦਰ ਸਿੰਘ ਪ੍ਰਵਾਨਾ): ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵਲੋਂ 'ਛੋਟਾ ਘੱਲੂਘਾਰਾ' ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸਿਲੀਕੋਨ ਵੈਲੀ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਵਾਨਾ ਵਲੋਂ ਮੰਚ ਸੰਭਾਲਦਿਆਂ ਇਤਿਹਾਸ 'ਤੇ ਰੋਸ਼ਨੀ ਪਾਈ ਗਈ ਕਿ ਛੋਟਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ 17 ਮਈ, 1746 ਨੂੰ ਵਾਪਰਿਆ ਇਕ ਖੂਨੀ ਦੁਖਾਂਤ ਹੈ। ਮੁਗਲ ਗਵਰਨਰ ਲਖਪਤ ਰਾਏ ਦਾ ਭਰਾ ਸਿੱਖਾਂ ਨਾਲ ਹੋਈ ਝੜਪ ਵਿਚ ਮਾਰਿਆ ਗਿਆ ਤਾਂ ਉਸ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਖਾਧੀ। ਕਾਹਨੂੰਵਾਨ ਛੰਬ ਵਿਚ ਉਸ ਨੇ ਸਿੱਖਾਂ ਨੂੰ ਘੇਰ ਕੇ ਸ਼ਹੀਦ ਕੀਤਾ। 7000 ਸਿੰਘ ਮੌਕੇ 'ਤੇ ਸ਼ਹੀਦ ਹੋਏ ਜਦਕਿ 3000 ਸਿੰਘਾਂ ਨੂੰ ਲਾਹੌਰ ਦੇ ਨਾਖਾਸ ਚੌਕ ਵਿਚ ਸ਼ਹੀਦ ਕੀਤਾ ਗਿਆ।

ਧਾਰਮਿਕ ਕਵੀ ਦਰਬਾਰ ਦੇ ਦੌਰ ਵਿਚ ਗੁਰਦਿਆਲ ਸਿੰਘ ਨੂਰਪੁਰੀ, ਤਰਸੇਮ ਸਿੰਘ ਸੁੰਮਨ, ਜਸਦੀਪ ਸਿੰਘ ਫਰੀਮੌਂਟ, ਪ੍ਰਮਿੰਦਰ ਸਿੰਘ ਪ੍ਰਵਾਨਾ ਆਦਿ ਕਵੀ ਸ਼ਾਮਲ ਹੋਏ, ਜਿਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਕਵੀਆਂ ਦਾ ਸਨਮਾਨ ਕੀਤਾ ਗਿਆ। ਸੰਗਤਾਂ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਸਫ਼ਲ ਰਿਹਾ।