ਜੋ ਬੋਲੇ ਸੋ ਨਿਹਾਲ: “ਗਾਥਾ ਗੂੜ ਅਪਾਰੰ....”

ਜੋ ਬੋਲੇ ਸੋ ਨਿਹਾਲ: “ਗਾਥਾ ਗੂੜ ਅਪਾਰੰ....”

― ਗੁਰਤੇਜ ਸਿੰਘ

ਜੋਜ਼ਫ਼ ਸਟੈਲਿਨ ਅਤੇ ਮਾਓ ਜ਼ੇ ਤੁੰਗ ਸੋਵੀਅਤ ਯੂਨੀਅਨ ਅਤੇ ਚੀਨ ਦੇ ਵੱਡੇ ਸਿਆਸੀ ਆਗੂ ਹੋਏ ਹਨ। ਇਹਨਾਂ ਨੇ ਕਾਰਲ ਮਾਰਕਸ ਦੇ ਮਨੁੱਖਤਾ ਲਈ ਸਿਰਜੇ ਵੱਡੇ ਸੁਪਨਿਆਂ ਨੂੰ ਸੰਸਾਰ ਦੀ ਧਰਾਤਲ ਉੱਤੇ ਉਤਾਰਨਾ ਸੀ। ਇਹਨਾਂ ਉਹ ਸੁਰਗ ਦਾ ਨਕਸ਼ਾ ਜਿਸ ਵਿੱਚ 'ਹਰ ਇੱਕ ਬੰਦਾ ਸ਼ਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ’ ਹੋਵੇ, ਧਰਤੀ ਉੱਤੇ ਵਾਹੁਣਾ ਸੀ। ਅਨੇਕਾਂ ਬੋਲੀਆਂ ਵਿੱਚ ਹਿੰਦੋਸਤਾਨ ਵਿੱਚ ਤਕਰੀਬਨ ਮੁਫ਼ਤ ਵੰਡੇ ਜਾਂਦੇ ਸੋਵੀਅਤ ਰਸਾਲੇ ਵਿੱਚ ਦਿਓ-ਕੱਦ ਜੋੜੇ ਦੀ ਤਸਵੀਰ ਜ਼ਰੂਰ ਹੁੰਦੀ ਸੀ। ਔਰਤ ਦੇ ਹੱਥ ਵਿੱਚ ਕਣਕ ਦੀਆਂ ਬੱਲੀਆਂ ਅਤੇ ਮਰਦ ਦੇ ਹੱਥ ਦਾਤ-ਨੁਮਾ ਦਾਤਰੀ ਹੁੰਦੀ ਸੀ। ਬਰਾਬਰਤਾ, ਖ਼ੁਸ਼ਹਾਲੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਹੁੰਦੀ ਸੀ। ਇਹੋ ਜਿਹੇ ਮੁਜੱਸਮੇ ਵੇਖ ਕੇ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੋਹਣ ਸਿੰਘ ਜੋਸ਼ ਤੇ ਸੰਤ ਸਿੰਘ ਸੇਖੋਂ ਆਦਿ ਨੇ ਸਿੱਖਾਂ ਦੀ ਬੌਧਿਕ ਅਗਵਾਈ ਦੇ ਪਰ ਕੱਟ ਕੇ, ਉਸ ਨੂੰ ਸਾਮਵਾਦੀ ਦਲਦਲ ਵਿੱਚ ਧੱਕ ਕੇ ਸਿੱਖ ਕੌਮ ਨੂੰ ਦਿਸ਼ਾਹੀਣ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਚੰਗੇ ਭਲ਼ੇ ਨਿੱਤ ਨੇਮੀ, ਅੰਮ੍ਰਿਤਧਾਰੀ, ਗ਼ਦਰੀ ਬਾਬਿਆਂ ਨੂੰ ਵੀ ਤਰਾਸ਼ ਕੇ ਕੌਮਿਊਨਿਜ਼ਮ ਦੇ ਚੌਖਟੇ ਵਿੱਚ ਕੱਸ ਦਿੱਤਾ ਸੀ।

ਇਹ ਤਾਂ ਸਰਬੀਆ ਵਿੱਚ ਦਫ਼ਨਾਏ ਲੱਖਾਂ ਲੋਕਾਂ ਦੀਆਂ ਕਬਰਾਂ ਅਤੇ ਚੀਨ ਦੀ 'ਅਗਾਂਹ ਨੂੰ ਵੱਡੀ ਛਾਲ' ਇਨਕਲਾਬ ਵਿੱਚ ਕਤਲ ਕੀਤਿਆਂ ਦੀਆਂ ਗਿਣਤੀਆਂ ਦੇ ਬਾਅਦ ਪਤਾ ਲੱਗਿਆ ਕਿ ਚੀਨ, ਰੂਸ ਨੇ ਕਿਹੋ ਜਿਹਾ ਸੁਰਗ ਸਾਜਿਆ ਸੀ। ਮਾਓ ਨੇ 1958 ਤੋਂ 1962 ਤੱਕ 450 ਤੋਂ 600 ਲੱਖ ਨਿਹੱਥੇ, ਨਿਮਾਣੇ, ਨਿਤਾਣੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਨ੍ਹਾਂ ਵਿੱਚ ਹੂਨਾਨ ਸੂਬੇ ਦਾ ਇੱਕ ਭੁੱਖ ਦਾ ਸਤਾਇਆ ਬੱਚਾ ਵੀ ਸੀ ਜਿਸ ਨੇ ਇੱਕ ਮੁੱਠੀ ਅਨਾਜ ਚੋਰੀ ਕਰ ਲਿਆ ਸੀ ਅਤੇ ਉਸ ਦੇ ਬਾਪ ਨੂੰ ਮਜਬੂਰ ਕਰ ਕੇ ਉਸ ਨੂੰ ਜਿਊਂਦੇ ਨੂੰ ਦਫ਼ਨ ਕਰਵਾ ਦਿੱਤਾ ਸੀ। ਇੱਕ ਉਹ ਵੀ ਸੀ ਜਿਸ ਨੂੰ ਇੱਕ ਆਲੂ ਪੁੱਟਣ ਦੀ ਸਜ਼ਾ ਵਜੋਂ ਗਰਮ ਲੋਹੇ ਨਾਲ ਦਾਗ਼ ਦਿੱਤਾ ਸੀ। ਸਟੈਲਿਨ ਨੇ 400 ਲੱਖ ਕੂਲਕ ਲੋਕਾਂ ਨੂੰ ਨਕਲੀ ਕਾਲ ਪਾ ਕੇ ਭੁੱਖਿਆਂ ਮਾਰ ਦਿੱਤਾ ਸੀ। ਇਹ ਸਾਰੇ ਇਹਨਾਂ ਦੇ ਆਪਣੇ ਦੇਸ਼-ਵਾਸੀ ਸਨ।

ਧੰਨ ਹਨ ਸਾਡੇ ਆਗੂ ਜਿਹੜੇ ਅਜੇ ਵੀ ਸਮਰਾਜਵਾਦ ਦੇ ਗੁਣਗਾਣ ਦਾ ਰਿਆਜ਼ ਮੁਕਤ-ਕੰਠ ਕਰ ਰਹੇ ਹਨ।

ਸਟੈਲਿਨ ਨੇ ਦਾਅਵਾ ਕੀਤਾ ਸੀ ਕਿ ਕੁੱਲ ਮਨੁੱਖੀ ਸਮਾਜ ਦੀ ਭਲਾਈ ਲਈ, ਅਸੂਲਾਂ ਉੱਤੇ ਟੇਕ ਰੱਖਦੀ, ਸੰਸਾਰ ਦੀ ਪਹਿਲੀ ਸਿਆਸੀ ਤਨਜ਼ੀਮ ਉਸ ਦੀ ਕੌਮਿਊਨਿਸਟ ਪਾਰਟੀ ਹੈ। ਦੁਨੀਆ ਭਰ ਦੇ ਸਮਾਜਕ ਅਤੇ ਸਿਆਸੀ ਢਾਂਚਿਆਂ ਦੇ ਵੱਡੇ ਜਾਣਕਾਰ ਆਰਨਲਡ ਟੋਇਨਬੀ ਨੇ ਇਸ ਦਾਅਵੇ ਨੂੰ ਨਕਾਰਦਿਆਂ ਨਿਰਣਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਹੀ ਅਜਿਹੀ ਪਹਿਲੀ ਸਿਆਸੀ ਤਨਜ਼ੀਮ ਹੈ। ਸਿੱਖ ਪੰਥ ਦੀ ਇਹ ਕਮਜ਼ੋਰੀ ਹੈ ਕਿ ਇਸ ਨੇ ਅਜੇ ਤੱਕ ਖ਼ਾਲਸੇ ਦੇ ਸਿਆਸੀ ਰੁਤਬੇ ਅਤੇ ਕਰਤਬ ਬਾਰੇ ਚਰਚਾ ਨਾ ਕਰ ਕੇ ਕੇਵਲ ਉਸ ਦੇ ਧਾਰਮਕ ਪੱਖ ਨੂੰ ਹੀ ਉਜਾਗਰ ਕੀਤਾ ਹੈ। ਅੱਜ, ਖ਼ਾਸ ਤੌਰ ਉੱਤੇ ਕੋਵਿਡ ਦੇ ਜ਼ਮਾਨੇ ਵਿੱਚ, ਹਰ ਕਿਸਮ ਦੇ ਸਿਆਸੀ ਪ੍ਰਬੰਧ ਢਹਿ-ਢੇਰੀ ਹੋ ਚੁੱਕੇ ਹਨ। ਲੋਕਾਂ ਦਾ ਯਕੀਨ ਮੌਜੂਦਾ ਕਿਸਮ ਦੇ ਸਿਆਸੀ ਆਗੂਆਂ ਤੋਂ ਉੱਠ ਚੁੱਕਾ ਹੈ। ਹੁਣ ਪਰਗਟ ਹੋਇਆ ਹੈ ਕਿ ਹਰ ਕਿਸਮ ਦੀ ਰਾਜ-ਪ੍ਰਣਾਲੀ ਹਾਕਮ ਜਮਾਤ ਦੀ ਲੁੱਟ, ਚਾਲੀ ਗੰਜ ਜੋੜਨ ਦੀ ਹਵਸ ਅਤੇ ਹੁਕਮ ਚਲਾਉਣ ਦੇ ਝੱਸ ਪੂਰਾ ਕਰਨ ਦਾ ਕੇਵਲ ਸਾਧਨ ਬਣ ਕੇ ਹੀ ਰਹਿ ਗਈ ਹੈ।

ਮਨੁੱਖਤਾ ਦੀ ਆਤਮਾ ਆਪਣੀਆਂ ਨਸਲਾਂ ਦੇ ਭਵਿੱਖ ਨੂੰ ਲੈ ਕੇ ਡੂੰਘੇ ਫ਼ਿਕਰ ਵਿੱਚ ਹੈ। ਅੱਜ ਦੀ ਪੀੜ੍ਹੀ ਨੇ ਧਰਮ ਨੂੰ ਅਤੇ ਸਿਆਸਤ ਨੂੰ, ਇੱਕ ਦੂਜੇ ਤੋਂ ਵਧ ਕੇ, ਆਮ ਲੋਕਾਂ ਦਾ ਹਰ ਪੱਖੋਂ ਸ਼ੋਸ਼ਣ ਕਰਦਿਆਂ ਵੇਖਿਆ ਹੈ ― ਠੀਕ ਉਵੇਂ ਜਿਵੇਂ ਸੱਚੇ ਸਾਹਿਬ ਨੇ ਸਦੀਆਂ ਪਹਿਲਾਂ ਫੁਰਮਾਇਆ ਸੀ: "ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ॥੧॥" ਜਦੋਂ ਮਨੁੱਖਤਾ ਦੀ ਉੱਤਮ ਚੇਤਨਾ ਵਿੱਚ ਲੇਖਾ-ਜੋਖਾ ਹੁੰਦਾ ਹੈ ਤਾਂ ਮਾਓ, ਹਿਟਲਰ, ਸਟੈਲਿਨ ਦਾ ਅਤੇ ਉਨ੍ਹਾਂ ਦੀਆਂ ਰਾਜ-ਪ੍ਰਣਾਲੀਆਂ ਦਾ ਕੌਡੀ ਮੁੱਲ ਨਹੀਂ ਪੈਂਦਾ। "ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ॥ ਅਢੁ ਨ ਲਹਦੜੋ ਮੁਲੁ ਨਾਨਕ ਸਾਥਿ ਨਾ ਜੁਲਈ ਮਾਇਆ॥"

“ਸਾਥਿ” ਜਾਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੀ ਸੁੱਚੀ ਘਾਲਣਾ ― ਜਿਸ ਤੋਂ ਪ੍ਰੇਰਨਾ ਲੈ ਕੇ 25 ਸਿਪਾਹੀਆਂ ਨੇ ਪੰਜ ਤੀਰਾਂ ਦੀ ਵਿਰਾਸਤ ਨਾਲ ਜ਼ਮਾਨੇ ਦੀ ਸਭ ਤੋਂ ਤਾਕਤਵਰ ਅਤੇ ਸਭ ਤੋਂ ਜ਼ਾਲਮ ਹਕੂਮਤ ਉੱਤੇ ਫ਼ਤਿਹ ਪਾਈ। ਫਿਰ ਦੁਨੀਆਂ ਦਾ ਸਭ ਤੋਂ ਪਹਿਲਾ ਲੋਕ-ਰਾਜ ਸਥਾਪਤ ਕੀਤਾ ਜਿਸ ਵਿੱਚ ਊਚ-ਨੀਚ ਦੇ ਭੇਦ-ਭਾਵ ਮਿਟ ਗਏ। ਜੁੱਤੀਆਂ ਗੰਢਣ ਵਾਲੇ ਸਿਰ ਉੱਤੇ ਕਲਗੀਆਂ ਸਜਾ ਕੇ ਰਾਜੇ ਬਣੇ। ਓਸ ਨੇ ਆਖਿਆ ਅਸੀਂ 'ਸਤਿਜੁਗ ਵਰਤਾਇਆ ਹੈ।' ਜ਼ਮਾਨੇ ਨੇ ਇੱਕ ਜ਼ੁਬਾਨ ਹੋ ਸ਼ਾਹਦੀ ਭਰੀ। ਤੇਗ਼ ਅਤੇ ਦੇਗ਼ ਪਹਿਲੀ ਵਾਰ ਨਪੀੜਿਆਂ-ਲਤਾੜਿਆਂ ਦੇ ਹੱਕ ਵਿੱਚ ਚੱਲੀ। ਬਰਕਤ ਵਾਲੀ ਨਾਨਕ ਦੀ ਤੇਗ਼ ਨੇ ਸਭ ਸਤਾਇਆਂ ਦੇ ਉੱਤੇ ਛਾਂ ਕੀਤੀ: 'ਤੇਗੇ ਨਾਨਕ ਵਾਹਬ ਅਸਤ।' ਖਰੇ ਸੌਦੇ ਵਾਲੀ ਦੇਗ਼ ਫਿਰ ਚੜ੍ਹੀ ਅਤੇ ਨਾ ਕੋਈ ਭੁੱਖਾ ਸੁੱਤਾ ਨਾ ਦੁਖੀ। ਲੋਕਾਂ ਦਾ ਕਤਲੇਆਮ ਕਰਨ ਦੀ ਬਜਾਏ, ਸਮਾਂ ਆਉਣ ਉੱਤੇ, ਹਾਕਮਾਂ ਨੇ ਆਪਣੇ ਬੱਚਿਆਂ ਦੇ ਕਾਲਜੇ ਮੂੰਹ ਪਵਾਏ ਅਤੇ ਆਪਣੇ ਸਰੀਰਾਂ ਨੂੰ ਮਨੁੱਖ-ਮਾਤਰ ਦੀ ਢਾਲ ਬਣਾਇਆ; ਸਾਰੇ ਵਾਰ ਹੱਸ-ਹੱਸ ਝੱਲੇ। ਸਾਰੀ ਸਦੀ ਇਹ ਵਰਤਾਰਾ ਰਿਹਾ।

ਰਣਜੀਤ ਸਿੰਘ ਦੇ ਸਮੇਂ ਦਾ ਖ਼ਾਲਸਾ ਰਾਜ ਜਾਂ ਖ਼ਾਲਸੇ ਦੀ ਅਗਵਾਈ ਵਿੱਚ ਲੋਕਾਂ ਦਾ ਰਾਜ, ਬੰਦਾ ਬਹਾਦਰ ਦੇ ਖ਼ਾਲਸਾ ਰਾਜ ਦਾ ਪਰਛਾਵਾਂ ਮਾਤਰ ਸੀ। ਪਰ ਦੇਗ਼ ਅਤੇ ਤੇਗ਼ ਓਸੇ ਵੇਗ ਅਤੇ ਖ਼ਲੂਸ ਨਾਲ ਚੱਲੀ। ਮੁਖੀ ਨੇ ਕਲਗ਼ੀ ਪੱਗ ਤੋਂ ਲਾਹ ਕੇ ਲਾਚਾਰ ਬੁੱਢੇ ਨੂੰ ਸਰਕਾਰੋਂ ਮਿਲੀ ਕਣਕ ਦੀ ਪੰਡ ਸਿਰ ਉੱਤੇ ਰੱਖ ਲਈ ਅਤੇ 'ਪਾਂਡੀ ਪਾਤਸ਼ਾਹ’ ਕਹਾਇਆ। ਜੰਗਲ ਦੇ ਜਾਨਵਰਾਂ ਨੂੰ ਵੀ ਧਰਵਾਸ ਮਿਲਿਆ। ਵਿਲਕਦੀ ਸ਼ੇਰਨੀ ਦੀ ਫ਼ਰਿਆਦ ਉਸ ਦੇ ਕੰਨੀਂ ਪਈ ਅਤੇ ਇਹ ਆਖ ਕੇ ਉਸ ਨੇ ਉਸ ਦੇ ਬੱਚਿਆਂ ਨੂੰ ਸਿਪਾਹੀਆਂ ਤੋਂ ਮੁਕਤ ਕਰਾਇਆ: "ਸ਼ੇਰਨੀ ਵੀ ਤਾਂ ਮਾਂ ਹੁੰਦੀ ਹੈ।" ਲੌਰਡ ਐਕਟਨ ਆਖਦਾ ਹੈ ਕਿ ਚਾਲੀ ਸਾਲਾਂ ਵਿੱਚ ਕਿਸੇ ਇੱਕ ਮਨੁੱਖ ਨੂੰ ਉਸ ਦੇ ਹੁਕਮ ਨਾਲ ਫ਼ਾਂਸੀ ਨਾ ਲੱਗੀ।

ਇੱਕੀਵੀਂ ਸਦੀ ਵਿੱਚ ਜਦੋਂ ਬੀ.ਬੀ.ਸੀ. ਨੇ ਸਭ ਤੋਂ ਵੱਧ ਜਾਣਕਾਰੀ ਰੱਖਣ ਵਾਲੇ ਕਈ ਮੁਲਕਾਂ ਦੇ ਇਤਿਹਾਸਕਾਰਾਂ ਨੂੰ ਪੁੱਛਿਆ ਤਾਂ ਸਭ ਦਾ ਨਿਰਣਾ ਸੀ ਕਿ ਬੀਤੀਆਂ ਸਦੀਆਂ ਵਿੱਚ ਸਭ ਤੋਂ ਉੱਤਮ ਰਾਜ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਹੀ ਸੀ। ਸਮੇਂ ਨੇ ਤੇਗ਼ ਦੇ ਰਾਹ ਵਿੱਚ ਕੁਝ ਰੁਕਾਵਟਾਂ ਪਾਈਆਂ ਪਰ ਖ਼ਾਲਸੇ ਦੀ ਦੇਗ਼ ਨਿਰੰਤਰ ਚੱਲਦੀ ਰਹੀ। ਮਨੁੱਖਤਾ ਦੀ ਹਰ ਮੁਸ਼ਕਲ, ਹਰ ਮਜਬੂਰੀ ਦਾ ਅਹਿਸਾਸ ਖ਼ਾਲਸੇ ਨੂੰ ਹੋਇਆ। ਇਰਾਕ, ਬੰਗਲਾ ਦੇਸ਼, ਕਸ਼ਮੀਰ, ਅਮਰੀਕਾ, ਕੈਨੇਡਾ, ਔਸਟ੍ਰੇਲੀਆ, ਨੇਪਾਲ, ਕੇਰਲਾ, ਗੁਜਰਾਤ ਆਦਿ ਜਿੱਥੇ ਵੀ ਲੋੜ ਪਈ ਗੁਰੂ ਨਾਨਕ ਦੀ ਦੇਗ਼ ਸਭ ਤੋਂ ਪਹਿਲਾਂ ਉੱਥੇ ਪਹੁੰਚੀ। ਗੁਰੂ ਰੂਪ ਵਿੱਚ ਖ਼ਾਲਸੇ ਦਾ ਬਿਰਦ ਹੈ 'ਜੋ ਬੋਲੇ ਸੋ ਨਿਹਾਲ।' ਅਰਥਾਤ ‘ਕਿਸੇ ਮੁਸ਼ਕਲ ਵਿੱਚ ਫ਼ਸੇ ਮਨੁੱਖ ਦੀ ਪੁਕਾਰ ਸੁਣ ਕੇ ਜੋ ਮਦਦ ਦਾ ਹੁੰਗਾਰਾ ਭਰਦਾ ਹੈ ਉਹ ਸੱਚੇ ਦੀ ਦਰਗਾਹ ਵਿੱਚ ਨਿਹਾਲ ਹੋਵੇਗਾ।’ ਬੋਲਣਾ ਧਰਮ ਹੈ ਕਿਉਂਕਿ ਅਕਾਲ ਦੀ ਹਰ ਮੁਹਾਜ਼ ਉੱਤੇ ਜਿੱਤ ਨੂੰ ਯਕੀਨੀ ਬਣਾਉਣਾ ਗੁਰੂ ਦਾ ਕਉਲ ਹੈ, ਖ਼ਾਲਸੇ ਦਾ ਕਰਤੱਵ ਹੈ ― 'ਸਤਿ ਸ੍ਰੀ ਅਕਾਲ।'

ਅੱਜ ਹਿੰਦੋਸਤਾਨ ਨੂੰ ਉਸੇ ਗ਼ੁਲਾਮੀ ਵਿਚ ਧੱਕਣ ਦਾ ਵੱਡਾ ਯਤਨ ਧਰਮ ਅਤੇ ਸਿਆਸਤ ਕਰ ਰਹੇ ਹਨ। ਬ੍ਰਾਹਮਣ ਹਰ ਇੱਕ ਨੂੰ ਨਿਆਸਰਾ ਕਰ ਕੇ ਆਪਣੀ ਹਕੂਮਤ ਸਭਨਾਂ ਉੱਤੇ ਸਥਾਪਤ ਕਰਨ ਨੂੰ ਉਤਾਵਲਾ ਹੈ। ਚਮਨ ਨੂੰ ਅੱਗ ਲੱਗੇਗੀ ਤਾਂ ਹਰ ਆਲ੍ਹਣਾ ਰਾਖ ਹੋ ਜਾਵੇਗਾ। ਇੱਕ ਦਹਿ-ਸਦੀ ਬਾਅਦ ਇੱਕ ਵਾਰ ਫੇਰ ਦਸਤਕ ਦੇ ਰਹੀ ਬ੍ਰਾਹਮਣ ਦੀ ਗ਼ੁਲਾਮੀ ਵਿਰੁੱਧ ਆਵਾਜ਼ ਉਠਾ ਕੇ ਇਸ ਕੁਲਹਿਣੀ ਰੀਤ ਨੂੰ ਧੱਕ ਕੇ ਮਨੁੱਖਤਾ ਦੇ ਬੂਹੇ ਤੋਂ ਦੂਰ ਕਰਨਾ ਸਭਨਾਂ ਦਾ ਫ਼ਰਜ਼ ਹੈ। ਇੱਕ ਵਾਰੀ ਫੇਰ ਖ਼ਾਲਸਾਈ ਨਾਅਰਾ ਹੈ: 'ਜੋ ਬੋਲੇ ਸੋ ਨਿਹਾਲ।' ਕੀ ਸ਼ਿਵਾ ਜੀ ਦੇ ਪੈਰੋਕਾਰ, ਜਿਨ੍ਹਾਂ ਦੇ ਮੱਥੇ ਉੱਤੇ ਬ੍ਰਾਹਮਣ ਨੇ ਪੈਰ ਨਾਲ ਤਿਲਕ ਲਗਾਇਆ ਸੀ, ਨਹੀਂ ਬੋਲਣਗੇ? ਕੀ ਹਰ ਤੀਜੇ ਵਰ੍ਹੇ ਮਾਵਾਂ, ਭੈਣਾਂ, ਬੇਟੀਆਂ ਦਾ ਜੌਹਰ ਹੰਢਾਉਣ ਵਾਲੇ ਰਾਜਪੂਤ ਨਹੀਂ ਬੋਲਣਗੇ? ਕੀ ਹਿੰਦ ਦੀ ਆਤਮਾ ਦੇ ਅਸਲ ਵਾਰਸ ਅਤੇ ਸਦੀਆਂ ਤੋਂ ਬ੍ਰਾਹਮਣ ਦੇ ਸਤਾਏ ਮੂਲ ਨਿਵਾਸੀ ਨਹੀਂ ਬੋਲਣਗੇ?

ਕਾਰਲ ਮਾਰਕਸ, ਮਾਓ, ਸਟੈਲਿਨ ਦੇ ਪੈਰੋਕਾਰਾਂ ਦੇ, ਹਿਟਲਰ ਦੇ ਪੈਰੋਕਾਰਾਂ ਵਾਂਗ ਹੀ, ਹੱਥ ਮਨੁੱਖਤਾ ਦੇ ਖੂਨ ਨਾਲ ਰੰਗੇ ਹੋਏ ਹਨ। ਜੇ ਇਹਨਾਂ ਬੋਲਣਾ ਹੈ ਤਾਂ ਹਿਰਦੇ ਨੂੰ ਸ਼ੁੱਧ ਕਰ ਕੇ ਗੁਰੂ ਨਾਨਕ ਦੇ ਨਕਸ਼ੇ- ਕਦਮ ਉੱਤੇ ਚੱਲਦਿਆਂ 'ਜੋ ਬੋਲੇ ਸੋ ਨਿਹਾਲ' ਦੇ ਨਾਅਰੇ ਦਾ ਨਿੱਘ ਮਾਣਦਿਆਂ 'ਸਤਿ ਸ੍ਰੀ ਅਕਾਲ' ਫ਼ਤਹਿ ਕਰਨ ਵੱਲ ਹੀ ਮੂੰਹ ਕਰਨਾ ਪਵੇਗਾ। ਅੱਜ ਇਹੀ ਕੁੱਲ ਮਨੁੱਖਤਾ ਦਾ ਸਾਂਝਾ ਨਾਅਰਾ ਹੈ।