ਭਾਰਤ ਨੇ ਗੁਆਚਿਆ ਲੈਂਡਰ "ਵਿਕਰਮ" ਚੰਨ ਦੇ ਧਰਾਤਲ 'ਤੇ ਲੱਭਣ ਦਾ ਦਾਅਵਾ ਕੀਤਾ

ਭਾਰਤ ਨੇ ਗੁਆਚਿਆ ਲੈਂਡਰ

ਨਵੀਂ ਦਿੱਲੀ: ਭਾਰਤ ਦੀ ਪੁਲਾੜ ਖੋਜ ਸੰਸਥਾ ਇਸਰੋ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਚੰਨ 'ਤੇ ਭੇਜੇ ਗਏ "ਚੰਦਰਯਾਨ-2" ਦੇ ਲੈਂਡਰ ਦਾ ਥਹੁ-ਪਤਾ ਲੱਗ ਗਿਆ ਹੈ। ਇਸਰੋ ਦੇ ਚੇਅਰਮੈਨ ਕੇ.ਸ਼ਿਵਨ ਨੇ ਦੱਸਿਆ ਕਿ "ਚੰਦਰਯਾਨ-2" ਦੇ ਲੈਂਡਰ 'ਵਿਕਰਮ' ਨੂੰ ਚੰਨ ਦੇ ਧਰਾਤਲ 'ਤੇ ਦੇਖਿਆ ਗਿਆ ਹੈ ਪਰ ਇਸ ਦੀ ਚੰਨ 'ਤੇ ਲੈਂਡਿੰਗ 'ਹਾਰਡ' ਹੋਈ ਹੈ ਭਾਵ ਇਹ ਇੱਕ ਹਾਦਸੇ ਵਜੋਂ ਚੰਨ 'ਤੇ ਜਾ ਡਿੱਗਿਆ ਹੈ। ਇਸ ਹਾਰਡ ਲੈਂਡਿਗ ਨਾਲ ਲੈਂਡਰ ਨੂੰ ਹੋਏ ਨੁਕਸਾਨ ਦਾ ਫਿਲਹਾਲ ਅੰਦਾਜ਼ਾ ਨਹੀਂ ਲੱਗਿਆ ਹੈ ਕਿਉਂਕਿ ਲੈਂਡਰ ਨਾਲ ਇਸਰੋ ਦਾ ਕੋਈ ਵੀ ਸੰਪਰਕ ਨਹੀਂ ਰਿਹਾ ਹੈ। 

ਇਸਰੋ ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਹੱਥੋਂ ਲੰਘ ਗਿਆ ਹੈ 'ਤੇ ਇਹ ਸੰਪਰਕ ਹੋਣ ਦੀ ਸੰਭਾਵਨਾ ਲਗਭਗ ਨਾ ਦੇ ਬਰਾਬਰ ਹੈ। 

ਦੱਸ ਦਈਏ ਕਿ ਭਾਰਤ ਆਪਣੇ ਇਸ ਪੁਲਾੜ ਪ੍ਰੋਗਰਾਮ ਨੂੰ ਵੱਡੀ ਕਾਮਯਾਬੀ ਵਜੋਂ ਪੇਸ਼ ਕਰ ਰਿਹਾ ਸੀ ਤੇ ਰਾਜਨੀਤਕ ਤੌਰ 'ਤੇ ਮੋਦੀ ਇਸ ਕਾਮਯਾਬੀ ਦਾ ਸਿਹਰਾ ਲੈਣ ਦੀ ਪੂਰੀ ਤਿਆਰੀ ਕਰ ਚੁੱਕੇ ਸਨ ਪਰ ਐਨ ਆਖਰੀ ਮੌਕੇ 'ਤੇ ਭਾਰਤ ਦਾ ਇਹ ਪੁਲਾੜ ਪ੍ਰੋਗਰਾਮ ਫੁੱਸ ਹੋ ਗਿਆ ਤੇ ਭਾਰਤ ਨੇ ਪੁਲਾੜ ਵਿੱਚ ਕਬਾੜ ਸੁੱਟਣ 'ਚ ਇੱਕ ਹੋਰ ਯੋਗਦਾਨ ਪਾ ਦਿੱਤਾ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਵੀਅਤ ਯੂਨੀਅਨ (ਹੁਣ ਟੁੱਟ ਚੁੱਕਿਆ ਹੈ), ਅਮਰੀਕਾ ਅਤੇ ਚੀਨ ਨੇ ਚੰਨ 'ਤੇ ਸੋਫਟ ਲੈਂਡਿੰਗ ਕੀਤੀ ਸੀ ਤੇ ਭਾਰਤ ਇਸ ਦੌੜ ਵਿੱਚ ਲੱਗਿਆ ਹੋਇਆ ਹੈ।