ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਦੀ ਤਿਆਰੀ; ਐੱਸਡੀਐੱਮ ਦੀ ਸ਼ਿਕਾਇਤ 'ਤੇ ਮਾਮਲਾ ਦਰਜ

ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਦੀ ਤਿਆਰੀ; ਐੱਸਡੀਐੱਮ ਦੀ ਸ਼ਿਕਾਇਤ 'ਤੇ ਮਾਮਲਾ ਦਰਜ

ਬਟਾਲਾ: ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੇ ਪੀੜਤ ਲੋਕਾਂ ਦੀ ਖਬਰਸਾਰ ਲੈਣ ਲਈ ਬਟਾਲਾ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਬਟਾਲਾ ਸਰਕਾਰੀ ਹਸਪਤਾਲ ਵਿੱਚ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨੂੰ ਧਮਕਾਉਣ, ਬਦਸਲੂਕੀ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। 

ਦੱਸ ਦਈਏ ਕਿ 5 ਸਤੰਬਰ ਨੂੰ ਵਾਪਰੀ ਘਟਨਾ ਦੇ ਅਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਬਟਾਲਾ ਦੇ ਐੱਸਡੀਐੱਮ ਬਲਬੀਰ ਰਾਜ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸਿਟੀ ਬਟਾਲਾ ਦੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਖਿਲਾਫ ਮਾਮਲਾ ਦਰਜ ਕੀਤਾ ਹੈ। 

ਆਪਣੀ ਸ਼ਿਕਾਇਤ ਵਿੱਚ ਬਲਬੀਰ ਰਾਜ ਸਿੰਘ ਨੇ ਕਿਹਾ ਹੈ ਕਿ 4 ਸਤੰਬਰ ਨੂੰ ਬਟਾਲਾ ਸ਼ਹਿਰ 'ਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਦੀ ਘਟਨਾ ਤੋਂ ਬਾਅਦ 5 ਸਤੰਬਰ ਨੂੰ ਬਾਅਦ ਦੁਪਹਿਰ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਫਸਰਾਂ ਦੀ ਬੈਠਕ ਹੋ ਰਹੀ ਸੀ ਜਿਸ ਵਿੱਚ ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ, ਐੱਸਐੱਮਓ ਬਟਾਲਾ ਡਾ. ਸੰਜੀਵ ਭੱਲਾ ਅਤੇ ਹੋਰ ਅਫਸਰ ਸ਼ਾਮਿਲ ਸਨ। 

ਸ਼ਿਕਾਇਤਕਰਤਾ ਮੁਤਾਬਿਕ ਇਸ ਮੌਕੇ ਉੱਥੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ 20 ਸਾਥੀਆਂ ਸਮੇਤ ਜ਼ਬਰਦਸਤੀ ਅੰਦਰ ਦਾਖਲ ਹੋ ਗਏ ਅਤੇ ਮ੍ਰਿਤਕ ਸਤਨਾਮ ਸਿੰਘ ਵਾਸੀ ਕੋਟ ਖਾਲਸਾ ਦੀ ਸ਼ਨਾਖਤ ਨੂੰ ਲੈ ਕੇ ਅਫਸਰਾਂ ਦੀ ਹਾਜ਼ਰੀ ਵਿੱਚ ਡੀਸੀ ਨੂੰ ਅਫਸ਼ਬਦ ਕਹੇ। ਉਹਨਾਂ ਦੋਸ਼ ਲਾਇਆ ਕਿ ਵਿਧਾਇਕ ਨਾਲ ਆਏ ਸਾਥੀਆਂ ਨੇ ਮੋਬਾਈਲ ਵਿੱਚ ਵੀਡੀਓ ਬਣਾ ਕੇ ਉਸ ਦੀ ਕੱਟਵੱਢ ਕਰਕੇ ਉਸਨੂੰ ਵਾਇਰਲ ਕਰ ਦਿੱਤਾ, ਜਿਸ ਨਾਲ ਡੀਸੀ ਦਾ ਅਕਸ ਖਰਾਬ ਹੋਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਸਿਟੀ ਬਟਾਲਾ ਨੇ ਮਾਮਲਾ ਦਰਜ ਕਰਕੇ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਵੀ ਭੇਜੀਆਂ ਹਨ।