ਸੰਗੀਨ ਦੋਸ਼ਾਂ ਵਿਚ ਫਸੇ ਜਥੇਦਾਰ ਇਕਬਾਲ ਸਿੰਘ ਨੇ ਪਹਿਲਾਂ ਅਸਤੀਫਾ ਦੇ ਕੇ ਫੇਰ ਵਾਪਿਸ ਲਿਆ

ਸੰਗੀਨ ਦੋਸ਼ਾਂ ਵਿਚ ਫਸੇ ਜਥੇਦਾਰ ਇਕਬਾਲ ਸਿੰਘ ਨੇ ਪਹਿਲਾਂ ਅਸਤੀਫਾ ਦੇ ਕੇ ਫੇਰ ਵਾਪਿਸ ਲਿਆ
ਗਿਆਨੀ ਇਕਬਾਲ ਸਿੰਘ

ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਹੁਣ ਆਪਣੇ ਫੈਂਸਲੇ ਤੋਂ ਮੋੜਾ ਪਾਉਂਦਿਆਂ ਅਸਤੀਫਾ ਵਾਪਿਸ ਲੈਣ ਦਾ ਐਲਾਨ ਕੀਤਾ ਹੈ। ਗਿਆਨੀ ਇਕਬਾਲ ਸਿੰਘ ਖਿਲਾਫ ਲੰਬੇ ਸਮੇਂ ਤੋਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਅਤੇ ਗੈਰ ਇਖਲਾਕੀ ਰਿਸ਼ਤਿਆਂ ਸਬੰਧੀ ਗੰਭੀਰ ਦੋਸ਼ ਲਗਦੇ ਆ ਰਹੇ ਸਨ।

ਸਿੱਖ ਕੌਮ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਈ ਗਈ ਗੰਧਲ ਦਾ ਨਿਤਾਰਾ ਸਮੁੱਚੀ ਕੌਮ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਬੀਤੇ ਕੁਝ ਵਰ੍ਹਿਆਂ ਦੌਰਾਨ ਸਿੱਖ ਕੌਮ ਦੇ ਸਰਬਉੱਚ ਰਾਜਨੀਤਕ ਸਥਾਨ ਤਖ਼ਤ ਸਾਹਿਬਾਨ ਦੇ ਮੁੱਖ ਸੇਵਾਦਾਰ ਜਥੇਦਾਰਾਂ ਦੀ ਕਾਰਜਸ਼ੈਲੀ ਅਤੇ ਫੈਂਸਲਿਆਂ ਨੇ ਕੌਮ ਦੇ ਪੱਲੇ ਵੱਡੀ ਨਮੋਸ਼ੀ ਪਾਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਤੌਰ ਸੇਵਾਵਾਂ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਵਲੋਂ ਕੀਤੇ ਗਲਤ ਫੈਂਸਲਿਆਂ ਨੇ ਜਿੱਥੇ ਤਖ਼ਤ ਸਾਹਿਬ ਦੀ ਸਾਖ਼ ਨੂੰ ਵੱਡੀ ਢਾਹ ਲਾਉਣ ਦਾ ਮਾਹੌਲ ਸਿਰਜਿਆ ਸੀ, ਹੁਣ ਅਜਿਹਾ ਹੀ ਮਾਹੌਲ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਣ ਰਿਹਾ ਹੈ। 

3 ਫਰਵਰੀ ਨੂੰ ਗਿਆਨੀ ਇਕਬਾਲ ਸਿੰਘ ਦੀ ਦੂਜੀ ਪਤਨੀ ਬਲਜੀਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕਰਕੇ ਲਿਖਤੀ ਰੂਪ ਵਿਚ ਸ਼ਿਕਾਇਤ ਦਰਜ ਕਰਵਾ ਕੇ ਗਿਆਨੀ ਇਕਬਾਲ ਸਿੰਘ ਖਿਲਾਫ ਧੋਖਾਧੜੀ ਅਤੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਾਏ। ਲਿਖਤੀ ਸ਼ਿਕਾਇਤ ਵਿਚ ਉਨ੍ਹਾਂ ਲਿਖਿਆ ਕਿ 2003 ਵਿਚ ਇਕਬਾਲ ਸਿੰਘ ਨੇ ਉਨ੍ਹਾਂ ਨੂੰ ਇਹ ਝੂਠ ਬੋਲ ਕੇ ਵਿਆਹ ਕਰਵਾਇਆ ਕਿ ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। 

ਇਸ ਤੋਂ ਇਲਾਵਾ ਪਿਛਲੇ ਦਿਨੀਂ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਜਿਸ ਵਿਚ ਉਹ ਸਿਗਰਟ ਅਤੇ ਸ਼ਰਾਬ ਪੀ ਰਿਹਾ ਸੀ। ਹਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਨੇ ਉਸਨੂੰ ਬੇਦਖਲ ਕਰਨ ਦਾ ਐਲਾਨ ਕਰ ਦਿੱਤਾ ਸੀ। ਗੌਰਤਲਬ ਹੈ ਕਿ ਗੁਰਪ੍ਰਸਾਦ ਤਖ਼ਤ ਸ੍ਰੀ ਪਟਨਾ ਸਾਹਿਬ ਵਿਚ ਖਜ਼ਾਨਚੀ ਦੇ ਅਹੁਦੇ 'ਤੇ ਤੈਨਾਤ ਸੀ, ਇੱਥੋਂ ਵੀ ਉਸਨੂੰ ਬਰਖਾਸਤ ਕਰ ਦਿੱਤਾ ਗਿਆ। 

ਇਸ ਤੋਂ ਇਲਾਵਾ ਗਿਆਨੀ ਇਕਬਾਲ ਸਿੰਘ ਦੀ ਸਿੱਖ ਵਿਰੋਧੀ ਹਿੰਦੁਤਵੀ ਜਮਾਤ ਆਰ.ਐਸ.ਐਸ ਨਾਲ ਨੇੜਤਾ ਵੀ ਸਾਰੇ ਜੱਗ ਨੂੰ ਪਤਾ ਹੈ। ਗਿਆਨੀ ਇਕਬਾਲ ਸਿੰਘ ਆਰ.ਐਸ.ਐਸ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਰਹਿੰਦੇ ਹਨ। 

ਇਹਨਾਂ ਸ਼ਿਕਾਇਤਾਂ ਦੇ ਅਧਾਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਵਲੋਂ ਚੁਣੇ ਗਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥਕ ਸਮਾਗਮ ਤੋਂ ਦੂਰ ਰਹਿਣ ਲਈ ਕਹਿੰਦਿਆਂ ਲੱਗੇ ਦੋਸ਼ਾਂ ਦੀ ਜਾਂਚ ਲਈ ਇਕ ਸੱਤ ਮੈਂਬਰੀ ਕਮੇਟੀ ਬਣਾਈ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਕਮੇਟੀ ਵਲੋਂ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦੇ ਦਿੱਤੀ ਗਈ ਹੈ ਜਿਸ 'ਤੇ ਪੰਜ ਸਿੰਘਾਂ ਦੀ ਇਕੱਤਰਤਾ ਵਿਚ ਵਿਚਾਰ ਕਰਕੇ ਫੈਂਸਲਾ ਕੀਤਾ ਜਾਵੇਗਾ।

ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਗਿਆਨੀ ਇਕਬਾਲ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ 5 ਮਾਰਚ ਨੂੰ ਪ੍ਰਬੰਧਕੀ ਬੋਰਡ ਦੀ ਇਕੱਤਰਤਾ ਵਿਚ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਨਾਂ ਵਿਚਾਰਿਆ ਜਾਵੇਗਾ। ਦੂਜੇ ਪਾਸੇ ਹੁਣ ਗਿਆਨੀ ਇਕਬਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਆਪਣਾ ਅਸਤੀਫਾ ਅਤੇ ਤਖ਼ਤ ਸਾਹਿਬ ਦੀਆਂ ਚਾਬੀਆਂ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿੱਲੋਂ ਨੂੰ ਦਿੱਤੇ ਸਨ ਪਰ ਉਨ੍ਹਾਂ ਅਸਤੀਫਾ ਪ੍ਰਵਾਨ ਕਰਨ ਤੋਂ ਮਨਾ ਕਰ ਦਿੱਤਾ ਸੀ। ਗਿਆਨੀ ਇਕਬਾਲ ਸਿੰਘ ਨੇ ਕਿਹਾ, "ਮੇਰਾ ਅਸਤੀਫਾ ਨਾ-ਮਨਜ਼ੂਰ ਹੋਣ ਤੋਂ ਬਾਅਦ ਸੰਗਤਾਂ ਇਕੱਠੀਆਂ ਹੋ ਕੇ ਆਈਆਂ ਅਤੇ ਸੰਗਤ ਵਿਚੋਂ ਪੰਜ ਸਿੰਘਾਂ ਨੇ ਮੈਨੂੰ ਹੁਕਮ ਲਾ ਕੇ ਤਖ਼ਤ ਸਾਹਿਬ ਦੀਆਂ ਚਾਬੀਆਂ ਵਾਪਿਸ ਕਰ ਦਿੱਤੀਆਂ ਤੇ ਜਥੇਦਾਰ ਬਤੌਰ ਸੇਵਾਵਾਂ ਜਾਰੀ ਰੱਖਣ ਲਈ ਕਿਹਾ।"