ਨਸ਼ਿਆਂ ਦੇ ਸ਼ਿਕਾਰ ਸਰਹੱਦੀ ਪਿੰਡਾਂ ਦੀਆਂ ਬੇਸਹਾਰਾ ਬੱਚੀਆਂ ਦੀ ਸੰਭਾਲ ਕਰ ਰਿਹਾ ਗੁਰ ਆਸਰਾ ਟਰੱਸਟ

ਨਸ਼ਿਆਂ ਦੇ ਸ਼ਿਕਾਰ ਸਰਹੱਦੀ ਪਿੰਡਾਂ ਦੀਆਂ ਬੇਸਹਾਰਾ ਬੱਚੀਆਂ ਦੀ ਸੰਭਾਲ ਕਰ ਰਿਹਾ ਗੁਰ ਆਸਰਾ ਟਰੱਸਟ
ਗੁਰ ਆਸਰਾ ਟਰੱਸਟ ਦੀਆਂ ਬੱਚੀਆਂ ਜਿਨ੍ਹਾਂ ਦੀ ਪਾਲਣਾ ਪੋਸ਼ਣਾ ਬੀਬੀ ਧਾਮੀ ਜੀ ਕਰ ਰਹੇ ਹਨ

ਬੀਤੇ ਦਿਨੀਂ 'ਪ੍ਰੋ.ਬਲਵਿੰਦਰਪਾਲ ਸਿੰਘ' ਵੱਲੋਂ ਗੁਰ ਆਸਰਾ ਟਰੱਸਟ ਮੁਹਾਲੀ ਦੇ ਚੇਅਰਮੈਨ ਬੀਬੀ ਕੁਲਬੀਰ ਕੌਰ ਧਾਮੀ ਨਾਲ ਮੁਲਾਕਾਤ ਕੀਤੀ ਗਈ, ਜੋ ਕਿ ਪਹਿਲਾਂ ਖਾੜਕੂ ਪਰਿਵਾਰ ਦੇ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਸਨ, ਹੁਣ ਉਹ ਪੰਜਾਬ ਦੇ ਸਰਹੱਦੀ ਖੇਤਰ ਦੀਆਂ ਬੱਚੀਆਂ ਦੀ ਸੰਭਾਲ ਕਰ ਰਹੇ ਹਨ, ਜਿਹਨਾਂ ਦੇ ਬਾਪ ਨਸ਼ਿਆਂ ਕਾਰਨ ਮਰ ਚੁੱਕੇ ਹਨ ਤੇ ਉਹਨਾਂ ਦੀਆਂ ਮਾਤਾਵਾਂ ਨੇ ਹੋਰ ਕਿਤੇ ਵਿਆਹ ਕਰਵਾ ਲਿਆ ਹੈ। ਇਹਨਾਂ ਬੱਚਿਆਂ ਦੀ ਹਾਲਤ ਮਨੋਵਿਗਿਆਨਕ ਤੌਰ ’ਤੇ ਵੀ ਠੀਕ ਨਹੀਂ, ਜਿਹਨਾਂ ਦੀ ਸੰਭਾਲ ਬੀਬੀ ਕੁਲਬੀਰ ਕੌਰ ਧਾਮੀ ਕਰ ਰਹੇ ਹਨ। ਬੀਬੀ ਧਾਮੀ ਉਹ ਸਖਸ਼ੀਅਤ ਹਨ, ਜਿਨ੍ਹਾਂ ਨੇ ਪੰਜਾਬ ਦੇ ਸੰਤਾਪ ਦੌਰਾਨ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕੀਤੀ ਸੀ। ਇਸ ਮੁਲਾਕਾਤ ਦੇ ਪ੍ਰਮੁਖ ਅੰਸ਼ ਛਾਪੇ ਜਾ ਰਹੇ ਹਨ-


ਬੀਬੀ ਕੁਲਬੀਰ ਕੌਰ ਧਾਮੀ ਨਾਲ ਪ੍ਰੋ. ਬਲਵਿੰਦਰਪਾਲ ਸਿੰਘ ਮੁਲਾਕਾਤ ਦੌਰਾਨ  

ਸੁਆਲ-ਗੁਰ ਆਸਰਾ ਟਰੱਸਟ ਕਦੋਂ ਤੋਂ ਚਲ ਰਿਹਾ ਹੈ?
ਜੁਆਬ-ਗੁਰ ਆਸਰਾ ਟਰੱਸਟ 1997 ਤੋਂ ਹੁਣ ਤੱਕ ਸੰਗਤਾਂ ਦੇ ਸਹਿਯੋਗ ਸਦਕਾ ਬੇਸਹਾਰਾ ਅਤੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਸੇਵਾ ਸੰਭਾਲ ਤੇ ਵਿਦਿਆ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਾ ਆ ਰਿਹਾ ਹੈ। ਖਾਸ ਕਰਕੇ ਸਾਡੇ ਪਛੜੇ ਹੋਏ ਸਮਾਜ ਦੇ ਕੁਝ ਲੋਕਾਂ ਦੀ ਕੁੜੀਆਂ ਪ੍ਰਤੀ ਸੌੜੀ ਸੋਚ ਕਾਰਨ ਉਹਨਾਂ ਨੂੰ ਮਾਰ ਮੁਕਾਉਣ ਕਰਕੇ ਬੱਚੀਆਂ ਖਤਰੇ ਵਿਚ ਹਨ। ਭਵਿੱਖ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਗੁਰ ਆਸਰਾ ਪਰਿਵਾਰ ਉਹਨਾਂ ਨੂੰ ਰਿਹਾਇਸ਼, ਸਾਭ-ਸੰਭਾਲ ਤੇ ਵਿਦਿਆ ਆਦਿ ਸੰਬੰਧੀ ਸਾਰੀਆਂ ਸੇਵਾਵਾਂ ਮੁਹਈਆ ਕਰਵਾ ਰਿਹਾ ਹੈ। ਗੁਰ ਆਸਰਾ ਟਰੱਸਟ (ਆਰਫਨਜ਼ ਹੋਮ), ਸੈਕਟਰ 78, ਮੁਹਾਲੀ ਵਿਚ ਗੁਮਾਡਾ ਵਲੋਂ ਅਲਾਟ ਕੀਤੀ ਗਈ ਜਗ੍ਹਾ ਤੇ 1 ਅਪ੍ਰੈਲ 2018 ਤੋਂ ਬੱਚੀਆਂ ਸਮੇਤ ਪੂਰੇ ਪਰਿਵਾਰ ਦੀ ਰਿਹਾਇਸ਼ ਸਿਫਟ ਕਰ ਚੁੱਕਾ ਹੈ। ਪਰ ਪ੍ਰਵਾਨਿਤ ਪਲੈਨਿੰਗ ਅਨੁਸਾਰ ਬਾਕੀ ਰਹਿੰਦੀ ਦੋ ਮੰਜਲੀ ਬਿਲਡਿੰਗ ਦੀ ਉਸਾਰੀ ਅਤੇ ਪ੍ਰੋਜੈਕਟ ਦੇ ਫਾਈਨਲ ਕੰਪਲੀਸ਼ਨ ਲਈ ਕੰਨਸਟ੍ਰੈਕਸ਼ਨ ਦਾ ਕੰਮ ਜਾਰੀ ਹੈ। ਫਿਲਹਾਲ ਅਸੀਂ ਬੈਸਮੈਂਟ ਅਤੇ ਗਰਾਊਂਡ ਫਲੋਰ ਉ¤ਤੇ ਹੀ ਬੱਚੀਆਂ ਦੀ ਰਿਹਾਇਸ਼ ਦਾ ਆਰਜੀ ਪ੍ਰਬੰਧ ਕੀਤਾ ਹੋਇਆ ਹੈ। ਇਹ ਟਰੱਸਟ ਬਿਲਡਿੰਗ ਛੇ ਕਨਾਲ ਵਿਚ ਹੈ। ਯਾਦ ਰਹੇ ਕਿ ਪਿਛਲੇ ਕਈ ਸਾਲਾਂ ਤੋਂ ਫੇਜ਼-7 'ਚ ਇੱਕ ਕਿਰਾਏ ਦੀ ਇਮਾਰਤ ਵਿੱਚ ਟਰੱਸਟ ਵੱਲੋਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ।

ਸੁਆਲ-ਟਰੱਸਟ ਦਾ ਮਨੋਰਥ ਕੀ ਹੈ?
ਜੁਆਬ-
ਇਸ ਟਰੱਸਟ ਵੱਲੋਂ ਸਿੱਖ ਕੌਮ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕੁਰਬਾਨ ਹੋਏ ਸਿੰਘਾਂ ਦੀਆਂ ਬੱਚੀਆਂ ਦਾ ਪਾਲਨ ਪੋਸ਼ਣ ਕਰਨ ਦੇ ਨਾਲ ਨਾਲ ਬੇਸਹਾਰਾ, ਅਨਾਥ ਬੱਚੀਆਂ ਨੂੰ ਵੀ ਪਾਲਿਆ ਜਾ ਚੁੱਕਾ ਹੈ ਤੇ ਨੌਕਰੀਆਂ ਲਗਵਾਈਆਂ ਜਾ ਚੁੱਕੀਆਂ ਹਨ। ਬਹੁਤੇ ਖਾੜਕੂ ਪਰਿਵਾਰਾਂ ਦੀਆਂ ਬੱਚੀਆਂ ਨਰਸਿੰਗ ਦਾ ਕੋਰਸ ਕਰਕੇ ਵਿਦੇਸ਼ਾਂ ਵਿਚ ਸੈਟਲ ਹੋ ਚੁੱਕੀਆਂ ਹਨ ਤੇ ਕਈਆਂ ਦੇ ਵਿਆਹ ਹੋ ਚੁੱਕੇ ਹਨ। ਕੁਝ ਇੱਥੇ ਵੀ ਸੈਟਲ ਹਨ।  

ਸੁਆਲ-ਕੀ ਹੁਣ ਵੀ ਖਾੜਕੂ ਪਰਿਵਾਰਾਂ ਦੇ ਬੱਚੇ ਤੁਹਾਡੇ ਕੋਲ ਮੌਜੂਦ ਹਨ?
ਜੁਆਬ-
ਨਹੀਂ ਜੀ, ਹੁਣ ਅਸੀਂ ਬਾਰਡਰ ਏਰੀਏ ਦੇ ਗਰੀਬ ਪਰਿਵਾਰਾਂ ਤੇ ਗਰੀਬ ਕਿਸਾਨਾਂ ਦੀਆਂ ਬੱਚੀਆਂ ਦੀ ਸਾਂਭ ਸੰਭਾਲ ਕਰ ਰਹੇ ਹਾਂ, ਜਿਨ੍ਹਾਂ ਦੇ ਬਾਪ ਨਸ਼ਿਆਂ ਕਾਰਨ ਮਰ ਗਏ ਤੇ ਉਨ੍ਹਾਂ ਦੀਆਂ ਮਾਂਵਾਂ ਨੇ ਵਿਆਹ ਕਰ ਲਏ। ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ ਤੇ ਖਾਸ ਕਰਕੇ ਸਰਹੱਦੀ ਖੇਤਰ ਦੇ। ਉਥੋਂ ਦੇ ਲੋਕ ਨਸ਼ਿਆਂ ਦੇ ਕਾਰਨ ਬਹੁਗਿਣਤੀ ਵਿਚ ਮਰ ਰਹੇ ਹਨ। ਇਸ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਹ ਬੱਚੀਆਂ ਅਸੀਂ ਚਾਈਲਡ ਵੈਲਫੇਅਰ ਸਟੇਟ ਦੀ ਮਦਦ ਨਾਲ ਪ੍ਰਾਪਤ ਕੀਤੀਆਂ ਹਨ, ਜੋ ਕਿ ਐਨਜੀਓ ਹੈ।

ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਬੱਚੀਆਂ ਦੇ ਬਾਪ ਨਸ਼ਿਆਂ ਕਰਕੇ ਮਰ ਜਾਂਦੇ ਹਨ ਜਾਂ ਨਸ਼ਾ ਪੀਂਦੇ ਹਨ, ਉਹ ਘਰ ਵਿਚ ਵੀ ਸੁਰੱਖਿਅਤ ਨਹੀਂ ਹਨ। ਇਸ ਕਰਕੇ ਅਸੀਂ ਇਧਰ ਕਦਮ ਚੁੱਕਿਆ ਹੈ। ਇਨ੍ਹਾਂ ਨਸ਼ਿਆਂ ਕਾਰਨ ਬੱਚੀਆਂ ਦੀ ਮਾਨਸਿਕ ਸਿਹਤ ’ਤੇ ਅਸਰ ਪੈ ਚੁੱਕਾ ਹੈ। ਸਾਨੂੰ ਉਨ੍ਹਾਂ ਦੀ ਮਾਨਸਿਕ ਹਾਲਾਤ ਨੂੰ ਕੰਟਰੋਲ ਕਰਨਾ ਪੈ ਰਿਹਾ ਹੈ। ਮਨੋਵਿਗਿਆਨਕ ਡਾਕਟਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਦੇ ਵਿਹਾਰ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਨਿਤਨੇਮ, ਸਿੱਖ ਇਤਿਹਾਸ ਦੀ ਵਾਕਫੀਅਤ ਕਰਵਾਈ ਜਾ ਰਹੀ ਹੈ।

ਸੁਆਲ-ਜਦੋਂ ਤੁਸੀਂ ਖਾੜਕੂ ਪਰਿਵਾਰਾਂ ਦੀਆਂ ਬੱਚੀਆਂ ਦੀ ਸਹਾਇਤਾ ਕਰਦੇ ਸੀ ਤਾਂ ਸਰਕਾਰ ਤੰਗ ਤਾਂ ਨਹੀਂ ਸੀ ਕਰਦੀ?
ਜੁਆਬ-
ਸਾਨੂੰ ਤੰਗ ਕੀਤਾ ਗਿਆ ਸੀ। ਪਰ ਅਸੀਂ ਉ¤ਚ ਅਫਸਰਾਂ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਬੱਚੀਆਂ ਤੋਂ ਤੁਹਾਨੂੰ ਕਾਹਦਾ ਡਰ ਹੈ। ਅਸੀਂ ਤਾਂ ਸਮਾਜ ਨੂੰ ਵਧੀਆ ਬਣਾ ਰਹੇ ਹਾਂ ਤਾਂ ਪੁਲੀਸ ਇਸ ਵਿਚ ਰੁਕਾਵਟ ਕਿਉਂ ਬਣ ਰਹੀ ਹੈ। ਇਹੋ ਜਿਹੀ ਰੁਕਾਵਟ ਪਾਉਣਾ ਸੰਵਿਧਾਨ ਦੀ ਉਲੰਘਣਾ ਹੈ। ਕੀ ਪੁਲੀਸ ਸੰਵਿਧਾਨ ਤੇ ਕਾਨੂੰਨ ਦੇ ਅਧੀਨ ਨਹੀਂ ਹੈ? ਇਸ ਗੱਲ ਦਾ ਕਿਸੇ ਕੋਲ ਜੁਆਬ ਨਹੀਂ ਸੀ ਹੁੰਦਾ, ਪਰ ਅਸੀਂ ਡਰੇ ਨਹੀਂ, ਡੱਟ ਕੇ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ। ਸਾਡੀਆਂ ਇਨਕੁਆਰੀਆਂ ਵੀ ਹੋਈਆਂ ਪਰ ਅਸੀਂ ਕਦੇ ਵੀ ਵਿਦੇਸ਼ੀ ਫੰਡ ਨਹੀਂ ਲਿਆ। ਪ੍ਰਵਾਸੀ ਸਿੱਖ ਤੇ ਪੰਜਾਬੀ ਇੱਥੇ ਆ ਕੇ ਸਾਨੂੰ ਬੱਚੀਆਂ ਦਾ ਲੋੜੀਂਦਾ ਸਮਾਨ ਲੈ ਕੇ ਦਿੰਦੇ ਰਹੇ, ਆਪਣੇ ਰਿਸ਼ਤੇਦਾਰਾਂ ਰਾਹੀਂ ਸਹਾਇਤਾ ਕਰਦੇ ਰਹੇ। ਇਥੋਂ ਦੀ ਸੰਗਤ ਨੇ ਵੀ ਸਾਡੀ ਸਹਾਇਤਾ ਕੀਤੀ। ਨਰਸਿੰਗ, ਫਿਜ਼ਿਉਥਿਰੇਪੀ ਤੇ ਟੀਚਿੰਗ ਦੇ ਕੋਰਸ ਕਰਵਾਏ।

ਸੁਆਲ-ਮਾਝੇ ਦੇ ਸਰਹੱਦੀ ਖੇਤਰਾਂ ਦੇ ਕਿੰਨੇ ਕੁ ਲੋਕ ਨਸ਼ਿਆਂ ਦੇ ਸ਼ਿਕਾਰ ਹਨ?
ਜੁਆਬ-
ਖੇਮਕਰਨ, ਮੁਹਾਣੇ, ਅਟਾਰੀ ਤੱਕ ਇਹੀ ਸ਼ਿਕਾਇਤਾਂ ਮਿਲ ਰਹੀਆਂ ਹਨ।

ਸੁਆਲ-ਕੀ ਸ਼੍ਰੋਮਣੀ ਕਮੇਟੀ ਨੇ ਤੁਹਾਡੀ ਸਹਾਇਤਾ ਨਹੀਂ ਕੀਤੀ?
ਜੁਆਬ-
ਸ਼੍ਰੋਮਣੀ ਕਮੇਟੀ ਨੇ ਖਾੜਕੂ ਪਰਿਵਾਰਾਂ ਦੀਆਂ ਬੱਚੀਆਂ ਦੀ ਜ਼ਿੰਮੇਵਾਰੀ ਨਹੀਂ ਲਈ ਤੇ ਹੁਣ ਵੀ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੀ।

ਸੁਆਲ-ਤੁਹਾਡਾ ਟਰੱਸਟ ਕਿਵੇਂ ਚਲ ਰਿਹਾ ਹੈ? 
ਜੁਆਬ-
ਟਰੱਸਟ ਦੇ ਕੋਲ ਫੰਡਜ਼ ਸੰਬੰਧੀ ਆਪਣੇ ਕੋਈ ਵੀ ਪੱਕੇ ਤੌਰ ’ਤੇ ਵਸੀਲੇ ਨਹੀਂ ਹਨ, ਇਸ ਲਈ ਹਰ ਕਾਰਜ ਵਾਸਤੇ ਟਰੱਸਟ ਦੇ ਪ੍ਰਬੰਧਕਾਂ ਦੀ ਦੇਸ-ਵਿਦੇਸ਼ ਦੀਆਂ ਸਭ ਸੰਗਤਾਂ ਜਾਂ ਧਾਰਮਿਕ ਤੇ ਸਾਮਾਜਿਕ ਸੰਸਥਾਵਾਂ ਹੀ ਮਦਦ ਕਰਦੀਆਂ ਹਨ। ਸੰਗਤਾਂ ਮਾਇਕ ਸਹਾਇਤਾ ਦੇ ਨਾਲ ਨਾਲ ਬਿਲਡਿੰਗ ਮਟੀਰੀਅਲ, ਜਿਵੇਂ ਕਿ ਸੀਮਿੰਟ, ਬਜਰੀ, ਸਰੀਆਂ, ਇੱਟਾਂ, ਬਿਜਲੀ ਦਾ ਸਮਾਨ, ਸੈਨੇਟਰੀ ਦਾ ਸਮਾਨ ਅਤੇ ਲੱਕੜ ਆਦਿ ਦੀ ਸਹਾਇਤਾ ਕਰਦੀਆਂ ਹਨ। 

ਪ੍ਰਾਇਮਰੀ ਤੋਂ ਲੈ ਕੇ ਪੋਸਟ ਗਰੈਜੂਏਸ਼ਨ ਤੱਕ ਦੀ ਵਿਦਿਆ ਸੰਬੰਧੀ 100 ਦੇ ਕਰੀਬ ਬੱਚੀਆਂ ਲਈ ਟਿਊਸ਼ਨ ਫੀਸਾਂ, ਯੂਨੀਫਾਰਮਜ਼ (ਕੱਪੜੇ), ਸਟੇਸ਼ਨਰੀ, ਕਿਤਾਬਾਂ, ਕਾਪੀਆਂ ਆਦਿ ਦੇ ਲਈ ਵੀ ਬੱਚੀਆਂ ਦੀ ਮਦਦ ਸੰਗਤ ਵਲੋਂ ਕੀਤੀ ਜਾਂਦੀ ਹੈ। 

ਸੁਆਲ-ਕਿੰਨੇ ਕੁ ਖਰਚੇ ਹੋ ਜਾਂਦੇ ਹਨ?
ਜੁਆਬ-
ਪਹਿਲੀ ਕਲਾਸ ਤੋਂ ਅੱਠਵੀ ਕਲਾਸ ਤੱਕ ਸੀ.ਬੀ.ਐਸ.ਈ. ਬੋਰਡ ਦੀ ਪੜ੍ਹਾਈ ਸੰਬੰਧੀ ਦਾਖਲੇ ਸਮੇਂ ਹਰੇਕ ਬੱਚੀ ਦਾ ਖਰਚਾ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਆਦਿ ਮਿਲਾ ਕੇ 4500/- ਰੁਪਏ ਤੱਕ ਪ੍ਰਤੀ ਬੱਚੀ ਦੇ ਹਿਸਾਬ ਨਾਲ ਹੋ ਜਾਂਦਾ ਹੈ। ਨੌਵੀਂ ਕਲਾਸ ਤੋਂ ਦਸਵੀ ਕਲਾਸ ਤੱਕ ਸੀ.ਬੀ.ਐਸ.ਈ. ਬੋਰਡ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੜ੍ਹਾਈ ਸੰਬੰਧੀ ਦਾਖਲੇ ਸਮੇਂ ਹਰੇਕ ਬੱਚੀ ਦਾ ਖਰਚਾ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਆਦਿ ਮਿਲਾ ਕੇ ਤਕਰੀਬਨ 2500/- ਰੁਪਏ ਤੱਕ ਪ੍ਰਤੀ ਬੱਚੇ ਦੇ ਹਿਸਾਬ ਨਾਲ ਹੋ ਜਾਂਦਾ ਹੈ। ਗਿਆਰਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਆਰਟਸ ਗਰੁਪ ਸੀ.ਬੀ.ਐਸ.ਈ. ਬੋਰਡ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੜ੍ਹਾਈ ਸੰਬੰਧੀ ਦਾਖਲੇ ਸਮੇਂ ਬੱਚੀਆਂ ਦਾ ਖਰਚਾ ਕਿਤਾਬਾਂ ਅਤੇ ਸਟੇਸ਼ਨਰੀ ਆਦਿ ਮਿਲਾਕੇ 3000/- ਰੁਪਏ ਤੱਕ ਪ੍ਰਤੀ ਬੱਚੀ ਦੇ ਹਿਸਾਬ ਨਾਲ ਹੋ ਜਾਂਦਾ ਹੈ। ਗਿਆਰਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਮੈਡੀਕਲ/ਨਾਨ ਮੈਡੀਕਲ ਅਤੇ ਕਮਰਸ ਗਰੁਪ, ਸੀ.ਬੀ.ਐਸ.ਈ. ਬੋਰਡ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੜ੍ਹਾਈ ਸੰਬੰਧੀ ਦਾਖਲੇ ਸਮੇਂ ਹਰੇਕ ਬੱਚੀ ਦਾ ਖਰਚਾ ਕਿਤਾਬਾਂ ਅਤੇ ਸਟੇਸ਼ਨਰੀ ਆਦਿ ਮਿਲਾ ਕੇ ਤਕਰੀਬਨ 3500/- ਰੁਪਏ ਤੱਕ ਪ੍ਰਤੀ ਬੱਚੀ ਦੇ ਹਿਸਾਬ ਨਾਲ ਹੋ ਜਾਂਦਾ ਹੈ। 

ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਹਰੇਕ ਬੱਚੀ ਦੀ ਪਹਿਲੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਯੂਨੀਫਾਰਮਜ਼ ਆਦਿ ਦੇ ਖਰਚੇ ਦਾ ਬਿੱਲ ਵੀ ਤਕਰੀਬਨ 3000/- ਰੁਪਏ ਤੱਕ ਪ੍ਰਤੀ ਬੱਚੀ ਦੇ ਹਿਸਾਬ ਨਾਲ ਹੋ ਜਾਂਦਾ ਹੈ। ਹੁਣ ਰਹੀ ਗੱਲ ਸਕੂਲ ਦੀਆਂ ਫੀਸਾਂ ਦੀ ਉਹ ਸਕੂਲ ਦੇ ਪ੍ਰਬੰਧਕਾਂ ਵਲੋਂ ਸਾਨੂੰ ਰਿਆਇਤਾਂ ਦੇਣ ਤੋਂ ਬਾਅਦ ਸਮੇਤ ਬੱਸ ਕਿਰਾਏ ਦੇ ਤਕਰੀਬਨ 3000/- ਰੁਪਏ ਤੱਕ ਪ੍ਰਤੀ ਬੱਚੀ ਦੇ ਹਿਸਾਬ ਨਾਲ ਖਰਚੇ ਦਾ ਬਿੱਲ ਆ ਜਾਂਦਾ ਹੈ। 

ਸੁਆਲ-ਤੁਹਾਡਾ ਸੰਪਰਕ ਕੀ ਹੈ?
ਜੁਆਬ-
ਗੁਰ ਆਸਰਾ ਟਰੱਸਟ (ਰਜਿ.) ਆਰਫਨਜ਼ ਹੋਮ ਸੈਕਟਰ 78, ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਪੋਸਟਲ ਪਿੰਡ ਕੋਨ 160055 ਬੀਬੀ ਕੁਲਬੀਰ ਕੌਰ ਧਾਮੀ 98140-16598
email : guraasra@gmail.com