ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਈ ਗਈ ਵਿਚਾਰ ਗੋਸ਼ਟੀ

*ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਪੜ੍ਹੇ ਗਏ ਖੋਜ ਪੱਤਰ*
ਅੰਮ੍ਰਿਤਸਰ ਟਾਈਮਜ਼
ਲੰਡਨ : ਲੰਘੇ ਦਿਨੀਂ ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾਡ਼ੇ ਨੂੰ ਸਮਰਪਿਤ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਵੇਬਿਨਾਰ ਕਰਵਾਇਆ ਗਿਆ। ਇਸ ਵੇਬਿਨਾਰ ਵਿਚਲੀ ਵਿਚਾਰ ਗੋਸ਼ਟੀ ਦਾ ਮੁੱਖ ਮੰਤਵ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨਾ ਸੀ ਅਤੇ ਇਸ ਦੇ ਨਾਲ ਹੀ ਬਿਜਲ ਸੱਥ ਵਿੱਚ ਪੰਜਾਬੀ ਸ਼ਬਦਾਵਲੀ ਦੀ ਚੰਗੇ ਢੰਗ ਨਾਲ ਵਰਤੋਂ ਕਰਨ ਲਈ ਇਕ ਪ੍ਰਮੁੱਖ ਹੁੰਗਾਰਾ ਵੀ ਸੀ । ਵੇਬਿਨਾਰ ਰਾਹੀਂ ਕਰਵਾਈ ਗਈ ਇਹ ਵਿਚਾਰ ਗੋਸ਼ਟੀ ਦੇਸ਼ ਵਿਦੇਸ਼ ਦੇ ਉੱਘੇ ਵਿਦਵਾਨਾਂ ਤੇ ਖੋਜਾਰਥੀਆਂ ਲਈ ਇਕ ਮਹੱਤਵਪੂਰਨ ਮੰਚ ਸੀ। ਜਿਸ 'ਚ ਪੰਜਾਬੀ ਬੋਲੀ ਦੇ ਉਭਾਰ ਤੇ ਨਿਘਾਰ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਪੰਜਾਬ ਦੀਆਂ ਉਚ ਪੱਧਰੀ ਵਿਦਿਅਕ ਸੰਸਥਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ਇਲਾਵਾ ਪੰਜਾਬ ਅਤੇ ਵਿਦੇਸ਼ ਦੀਆਂ ਉੱਘੀਆਂ ਸਿੱਖ ਸੰਸਥਾਵਾਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਖੋਜ ਪੇਪਰ ਪੜ੍ਹੇ । ਬਰਤਾਨੀਆ ਤੋਂ ਡਾ. ਬਲਦੇਵ ਸਿੰਘ ਕੰਦੋਲਾ ਯੂ.ਕੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਅਤੇ ਤਕਨੀਕੀ ਸਾਹਿਤ ਰਚਣ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਵਿਸ਼ੇ ਉਤੇ ਵਿਚਾਰ ਚਰਚਾ ਕਰ ਕੇ ਸਰੋਤਿਆਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ ।
ਇਸ ਵਿਚਾਰ ਗੋਸ਼ਟੀ ਵਿਚ ਪੱਤਰਕਾਰੀ ਅਤੇ ਤਕਨੀਕੀ ਸ਼ਬਦਾਵਲੀ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਸਰਦਾਰ ਅਵਤਾਰ ਸਿੰਘ ਨੇ ਪੰਜਾਬੀ ਪੱਤਰਕਾਰੀ ਸ਼ਬਦਾਂ ਦੀ ਕਾਂਗਿਆਰੀ ਅਤੇ ਸਵੈ ਚੇਤੰਨਤਾ ਦੀ ਘਾਟ ਨਾਲ ਸਬੰਧਤ ਵਿਸ਼ੇ *ਪੰਜਾਬੀ ਪੱਤਰਕਾਰੀ ਪੰਜਾਬੀ ਬੋਲੀ ਅਤੇ ਸਵੈ-ਚੇਤਨਤਾ ਦੀ ਘਾਟ* ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਜਿਸ ਵਿੱਚ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਪੰਜਾਬੀ ਭਾਸ਼ਾ ਵਿੱਚ ਰਲਗਡ ਹੁੰਦੇ ਹਿੰਦੀ ਸ਼ਬਦਾਂ ਦੀ ਵਰਤੋਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਮੇਂ ਦੇ ਸੰਪਾਦਕੀ ਮੰਡਲ ਨੂੰ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ।
ਇਸ ਮੌਕੇ ਡਾ.ਹਰਦੇਵ ਸਿੰਘ ਸਹਾਇਕ ਪ੍ਰੋਫੈਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ "ਪੰਜਾਬੀ ਵਿਚ ਦਰਸ਼ਨ ਸਬੰਧੀ ਹੋਏ ਕਾਰਜ ਦੇ ਸਰਵੇਖਣ ਅਤੇ ਮੁਲਾਂਕਣ" ਵਿਸ਼ੇ ਤੇ ਖੋਜ ਪਰਚੇ ਨੂੰ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿੱਚ ਪ੍ਰਾਪਤ ਹੁੰਦੇ ਦਰਸ਼ਨ ਸੰਬੰਧੀ ਕਾਰਜ ਨੂੰ ਮੂਲ ਰੂਪ ਚ ਤਿੰਨ ਹਿੱਸਿਆਂ:- ਆਲੋਚਨਾ, ਅਨੁਵਾਦ ਅਤੇ ਦਾਰਸ਼ਨਿਕਾਂ ਦੇ ਜੀਵਨ ਵਿੱਚ ਵੰਡੇ ਜਾ ਸਕਦਾ ਹੈ। ਪੰਜਾਬ ਦੀਆਂ ਤਿੰਨ ਪ੍ਰਮੁੱਖ ਸਰਕਾਰੀ ਯੂਨੀਵਰਸਿਟੀਆਂ ਦੇ ਅੰਤਰਗਤ ਦਰਸ਼ਨ ਦੇ ਵਿਭਾਗ ਵੱਲੋਂ ਇਸ ਵਿਸ਼ੇ ਦੀ ਮਾਸਟਰ ਡਿਗਰੀ ਅਤੇ ਪੀਐਚ.ਡੀ. ਦੇ ਕਾਰਜਾਂ ਵਿੱਚ ਪੰਜਾਬੀ ਨੂੰ ਬਣਦੀ ਥਾਂ ਹੱਲੇ ਹਾਸਿਲ ਨਹੀਂ ਹੋਈ। ਪਾਠ ਕ੍ਰਮਾਂ ਹੇਠਾਂ ਦਿੱਤੀਆਂ ਗਈਆਂ ਹਵਾਲਾ ਪੁਸਤਕਾਂ ਵਿੱਚ ਪੰਜਾਬੀ ਪੁਸਤਕਾਂ ਦੀ ਘਾਟ ਰਡ਼ਕਦੀ ਹੈ ਅਤੇ ਖ਼ਾਸ ਕਰਕੇ ਅਨੁਵਾਦ ਕੀਤੇ ਕਾਰਜਾਂ ਵਿੱਚੋਂ ਕੁੱਝ ਹਿੱਸਾ ਗੈਰ-ਮਿਆਰੀ ਵੀ ਹੈ। ਇਸ ਪਾਸੇ ਹੋਰਨਾਂ ਯੂਨੀਵਰਸਿਟੀਆਂ ਨਾਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਨ ਵਿਚ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਭਾਸ਼ਾ ਵਿਭਾਗ ਨੇ ਵੀ ਕਈ ਮੁੱਲਵਾਨ ਕਾਰਜ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਪੰਜਾਬ ਅੰਦਰ ਦਰਸ਼ਨ ਦੀ ਚਰਚਾ ਵਿੱਚ ਗੁਰਮਤਿ ਦਰਸ਼ਨ ਨੇ ਮਹੱਤਵਪੂਰਣ ਸਥਾਨ ਹਾਸਿਲ ਕੀਤਾ ਹੈ। ਪੰਜਾਬੀ ਭਾਸ਼ਾ ਵਿਚ ਭਾਰਤੀ ਦਰਸ਼ਨ ਸੰਬੰਧੀ ਡਾ ਆਰ.ਡੀ. ਨਿਰਾਕਾਰੀ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸੇ ਤਰਜ਼ ਤੇ ਹੋਰਨਾਂ ਧਰਮਾਂ ਅਤੇ ਦਾਰਸ਼ਨਿਕ ਪਰੰਪਰਾਵਾਂ ਦੇ ਸਰੋਤ ਗ੍ਰੰਥਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਆਲੋਚਨਾ ਹੋਣਾ ਹਾਲੇ ਬਾਕੀ ਹੈ। ਇਨ੍ਹਾਂ ਵਿਦਵਾਨਾਂ ਤੋਂ ਇਲਾਵਾ ਜਸਵਿੰਦਰ ਕੌਰ, ਡਾ. ਰਾਜਵਿੰਦਰ ਸਿੰਘ, ਵਿਕਰਮਜੀਤ ਸਿੰਘ ਤਹਿਰਾ, ਡਾ. ਲਖਵੀਰ ਸਿੰਘ, ਡਾ. ਚਰਨਜੀਵ ਸਿੰਘ, ਡਾ. ਜਤਿੰਦਰਪਾਲ ਸਿੰਘ, ਕੰਵਰ ਬਰਾੜ ਵਲੋਂ ਪੰਜਾਬੀ ਬੋਲੀ ਨਾਲ ਸਬੰਧਤ ਅਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਇਨ੍ਹਾਂ ਖੋਜ ਪੇਪਰਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਚਿੰਤਾਵਾਂ ਨੂੰ ਵੀ ਪ੍ਰਗਟ ਕੀਤਾ ਗਿਆ । ਪੰਜਾਬੀ ਬੋਲੀ ਨੂੰ ਲੈ ਕੇ ਜੋ ਸਭ ਤੋਂ ਵੱਧ ਚਿੰਤਾ ਪ੍ਰਗਟ ਕੀਤੀ ਗਈ ਉਹ ਸੀ ਪੰਜਾਬੀ ਬੋਲੀ ਵਿੱਚ ਹਿੰਦੀ ਸ਼ਬਦਾਂ ਦਾ ਰਲਗੱਡ ਹੋ ਜਾਣਾ ਤੇ ਦਿਨ ਪ੍ਰਤੀ ਦਿਨ ਪੱਛਮੀ ਭਾਸ਼ਾ ਦੀ ਸ਼ਮੂਲੀਅਤ ਦਾ ਵਧਣਾ ਹੈ । ਇਸ ਗੋਸ਼ਟੀ ਵਿਚ ਜਿਥੇ ਪੰਜਾਬੀ ਸਾਹਿਤ ਤੇ ਬੋਲੀ ਨੂੰ ਲੈ ਕੇ ਵੀਚਾਰ ਚਰਚਾ ਕੀਤੀ ਗਈ ਉਥੇ ਹੀ ਪੰਜਾਬੀ ਬੋਲੀ ਤੇ ਧਾਰਮਿਕ ਖੇਤਰਾਂ ਵਿਚ ਨਵੇਂ ਸੰਕਲਪਾਂ ਨੂੰ ਉਜਾਗਰ ਕਰਨ ਦੀ ਗੱਲ ਕੀਤੀ ਗਈ ਤਾਂ ਜੋ ਪੰਜਾਬੀ ਬੋਲੀ ਨੂੰ ਸਦੀਵੀਂ ਲੋਕ ਮਨਾਂ ਦਾ ਭਾਗ ਬਣਾਇਆ ਜਾਵੇ।
Comments (0)