ਤਾਲਿਬਾਨ ਵਲੋਂ ਅਮਰੀਕਾ ਨੂੰ ਚੇਤਾਵਨੀ 31 ਤੱਕ ਫ਼ੌਜਾਂ ਵਾਪਸ ਬੁਲਾਓ

ਤਾਲਿਬਾਨ ਵਲੋਂ ਅਮਰੀਕਾ ਨੂੰ ਚੇਤਾਵਨੀ 31 ਤੱਕ ਫ਼ੌਜਾਂ ਵਾਪਸ ਬੁਲਾਓ

* ਪੰਜਸ਼ੀਰ ਦੀ ਕੀਤੀ ਘੇਰਾਬੰਦੀ          * ਵਿਦਰੋਹੀਆਂ ਨੇ 3 ਜ਼ਿਲ੍ਹੇ ਕਰਵਾਏ ਆਜ਼ਾਦ      * ਤਾਲਿਬਾਨ ਵਲੋਂ ਮੁੜ ਕਬਜ਼ੇ ਦਾ ਦਾਅਵਾ

* ਅਮਰੀਕਾ ਬੋਲਿਆ- ਅਫਗਾਨਿਸਤਾਨ 'ਚ ਹਾਲੇ ਵੀ ਮੌਜੂਦ ਹੈ  ਅਲਕਾਇਦਾ ਤੇ ਇਸਲਾਮਿਕ ਸਟੇਟ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮ੍ਰਿਤਸਰ -ਅਮਰੀਕਾ ਵਲੋਂ ਅਫ਼ਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਕਾਰਵਾਈ 31 ਅਗਸਤ ਤੱਕ ਪੂਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਤਾਲਿਬਾਨ ਨੇ ਅਮਰੀਕਾ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ ਕਿ ਜੇਕਰ 31 ਅਗਸਤ ਤੱਕ ਅਮਰੀਕੀ ਫ਼ੌਜੀਆਂ ਦੀ ਵਾਪਸੀ ਦਾ ਕੰਮ ਪੂਰਾ ਨਹੀਂ ਹੋਇਆ ਤਾਂ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕੀ ਰਾਸ਼ਟਰਪਤੀ ਨੇ ਇਸ ਤੋਂ ਪਹਿਲਾਂ ਫ਼ੌਜਾਂ ਦੀ ਵਾਪਸੀ ਲਈ 11 ਸਤੰਬਰ ਦੀ ਤਰੀਕ ਤੈਅ ਕੀਤੀ ਸੀ, ਜਿਸ ਨੂੰ ਬਾਅਦ 'ਚ ਬਦਲ ਕੇ 31 ਅਗਸਤ ਕਰ ਦਿੱਤਾ ਗਿਆ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਐਲਾਨ 'ਤੇ ਕਾਇਮ ਰਹਿਣਾ ਚਾਹੀਦਾ ਹੈ। ਤਾਲਿਬਾਨ ਵਲੋਂ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤੇ ਜਾਣ ਦੇ ਬਾਅਦ ਵੀ ਉਨ੍ਹਾਂ ਅਤੇ ਅਫ਼ਗਾਨ ਲੜਾਕਿਆਂ 'ਚ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਹੈ। ਬਲਕਿ ਪੰਜਸ਼ੀਰ ਘਾਟੀ 'ਚ ਇਹ ਯੁੱਧ ਲਗਾਤਾਰ ਤੇਜ਼ੀ ਫੜਦਾ ਜਾ ਰਿਹਾ ਹੈ ਅਤੇ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀ ਹੁਣ ਵਿਦਰੋਹੀਆਂ ਦੇ ਗੜ੍ਹ ਪੰਜਸ਼ੀਰ ਘਾਟੀ ਵੱਲ ਵਧ ਰਹੇ ਹਨ। ਇਸ ਦੌਰਾਨ ਆਪਣੇ ਆਪ ਨੂੰ ਨਵਾਂ ਅਫ਼ਗਾਨ ਰਾਸ਼ਟਰਪਤੀ ਐਲਾਨਣ ਵਾਲੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਪੰਜਸ਼ੀਰ ਤੋਂ ਤਾਲਿਬਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਕਹੀ ਹੈ।  ਜਾਣਕਾਰੀ ਅਨੁਸਾਰ ਪੰਜਸ਼ੀਰ, ਅੰਦਰਾਬ, ਬਗਲਾਨ ਪ੍ਰਾਂਤਾਂ ਦੇ ਵੱਖ-ਵੱਖ ਇਲਾਕਿਆਂ 'ਤੇ ਹਮਲਾ ਕਰਨ ਗਏ ਤਾਲਿਬਾਨੀ ਉੱਤਰੀ ਗੱਠਜੋੜ ਦੇ ਲੜਾਕਿਆਂ ਦੇ ਕਾਬੂ 'ਚ ਆ ਗਏ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਹੋਈ ਲੜਾਈ 'ਚ ਲਗਪਗ 300 ਤਾਲਿਬਾਨੀ ਮਾਰੇ ਗਏ ਹਨ। ਹਾਲਾਂਕਿ, ਇਹ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ ਕਿਉਂਕਿ ਵੱਡੀ ਗਿਣਤੀ 'ਚ ਤਾਲਿਬਾਨੀ ਲੜਾਕੇ ਪੰਜਸ਼ੀਰ ਚਲੇ ਗਏ ਹਨ, ਜਿੱਥੇ ਉਹ ਖੇਤਰ 'ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਪੰਜਸ਼ੀਰ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ ਹੈ। ਅਮਰੁੱਲਾਹ ਸਾਲੇਹ ਵੀ ਤਾਲਿਬਾਨ ਦੇ ਖ਼ਤਰੇ ਤੋਂ ਪੂਰੀ ਤਰ੍ਹਾਂ ਜਾਣੂ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਬੇਫ਼ਿਕਰ ਹੋ ਕੇ ਵਾਲੀਬਾਲ ਖੇਡਦੇ ਵਿਖਾਈ ਦੇ ਰਹੇ ਹਨ। ਅਮਰੁੱਲਾਹ ਸਾਲੇਹ ਨੇ  ਸਰਹੱਦਾਂ 'ਤੇ ਚੱਲ ਰਹੀ ਜੰਗ ਬਾਰੇ ਟਵੀਟ ਕਰਕੇ ਦੱਸਿਆ ਕਿ ਅੰਦਰਾਬ ਘਾਟੀ 'ਚ ਤਾਲਿਬਾਨੀ ਉਨ੍ਹਾਂ ਦੇ ਲੜਾਕਿਆਂ ਦੇ ਘੇਰੇ 'ਚ ਫਸ ਗਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉੱਤਰੀ ਗੱਠਜੋੜ ਦੇ ਲੜਾਕਿਆਂ ਨੇ ਤਾਲਿਬਾਨ ਦੀ ਸਪਲਾਈ ਲਾਈਨ ਕੱਟ ਦਿੱਤੀ ਹੈ, ਜਿਸ ਕਾਰਨ ਤਾਲਿਬਾਨੀ ਬੁਰੀ ਤਰ੍ਹਾਂ ਨਾਲ ਫਸ ਗਏ ਹਨ ਅਤੇ ਬਗਲਾਨ ਪ੍ਰਾਂਤ 'ਚ ਜਨਤਕ ਵਿਦਰੋਹ ਨਾਲ ਜੁੜੇ ਲੜਾਕਿਆਂ ਵਲੋਂ ਹਿੰਦੂਕੁਸ਼ 'ਚ ਸੂਬੇ ਦੇ ਤਿੰਨ ਜ਼ਿਲ੍ਹੇ ਤਾਲਿਬਾਨ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲਏ ਹਨ। ਜਦਕਿ ਬਾਅਦ 'ਚ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਕਿ ਬਗਲਾਨ ਪ੍ਰਾਂਤ ਦੇ ਪੁਲ-ਏ-ਹਿਸਾਲ, ਬੰਨੂ, ਦੇਹ ਸਾਲੇਹ ਜ਼ਿਲ੍ਹੇ ਉਨ੍ਹਾਂ ਨੇ ਮੁੜ ਹਾਸਲ ਕਰ ਲਏ ਹਨ। ਬੁਲਾਰੇ ਨੇ ਦਾਅਵਾ ਕੀਤਾ ਕਿ ਤਾਲਿਬਾਨ ਨੇ ਤਖਰ, ਬਦਖਸ਼ਾਨ ਅਤੇ ਅੰਦਰਾਬ ਦਿਸ਼ਾਵਾਂ ਤੋਂ ਪੰਜਸ਼ੀਰ ਨੂੰ ਘੇਰ ਲਿਆ ਹੈ ਅਤੇ ਗੱਲਬਾਤ ਰਾਹੀਂ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰੀਕਾ ਬੋਲਿਆ- ਅਫਗਾਨਿਸਤਾਨ 'ਚ ਹਾਲੇ ਵੀ ਮੌਜੂਦ ਹੈ  ਅਲਕਾਇਦਾ ਤੇ ਇਸਲਾਮਿਕ  ਸਟੇਟ

  ਅਫਗਾਨਿਸਤਾਨ ਉਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹਾਦੀ ਸੰਗਠਨ ਅਲਕਾਇਦਾ ਅਫਗਾਨਿਸਤਾਨ 'ਚ ਮੌਜੂਦ ਹੈ। ਪੇਂਟਾਗਨ ਦੇ ਪ੍ਰਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਅਲਕਾਇਦਾ ਦੀ ਸਮਰੱਥਾ ਇੰਨੀ ਨਹੀਂ ਹੈ ਕਿ ਉਹ ਸਾਡੀ ਜ਼ਮੀਨ ਲਈ ਖਤਰਾ ਬਣ ਸਕੇ। ਮਾਹਰ ਇਸ ਗੱਲ ਤੋਂ ਚਿੰਤਤ ਹਨ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਮੁੜ ਤੋਂ ਜਿਹਾਦੀਆਂ ਦੀ ਪਨਾਹਗਾਹ ਬਣ ਰਿਹਾ ਹੈ। ਜਾਨ ਕਿਰਬੀ ਨੇ ਦੱਸਿਆ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਅਫਗਾਨਿਸਤਾਨ 'ਚ ਅਲਕਾਇਦਾ ਦੇ ਨਾਲ ਆਈਐੱਸਆਈ ਵੀ ਮੌਜੂਦ ਹੈ। ਅਸੀ ਇਸ ਸਬੰਧੀ ਗੱਲਬਾਤ ਕੀਤੀ ਹੈ। ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਔਰਤਾਂ, ਸਮਾਜਿਕ ਜਥੇਬੰਦੀਆਂ ਵਿਚ ਕੰਮ ਕਰਦੇ ਕਾਰਕੁਨ ਅਤੇ ਤਾਲਿਬਾਨ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਸਭ ਲੋਕ ਤਾਲਿਬਾਨ ਤੋਂ ਡਰੇ ਹੋਏ ਅਤੇ ਦੂਸਰੇ ਦੇਸ਼ਾਂ ਵਿਚ ਜਾਣ ਦੇ ਇੱਛਕ ਹਨ। ਅਫ਼ਗ਼ਾਨਿਸਤਾਨ ਦਾ ਵਰਤਾਰਾ ਵੱਡਾ ਮਨੁੱਖੀ ਦੁਖਾਂਤ ਹੈ। ਪਹਿਲਾਂ ਸੋਵੀਅਤ ਯੂਨੀਅਨ ਦੇ ਦਖ਼ਲ, ਬਾਅਦ ਵਿਚ ਤਾਲਿਬਾਨ ਦੇ ਰਾਜ ਅਤੇ 2001 ਤੋਂ ਅਮਰੀਕਾ ਅਤੇ ਨਾਟੋ ਫ਼ੌਜਾਂ ਦੇ ਹਮਲੇ ਨੇ ਸਥਿਤੀ ਨੂੰ ਇੰਨਾ ਵਿਗਾੜ ਕੇ ਰੱਖ ਦਿੱਤਾ ਹੈ ਕਿ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਮੁਸ਼ਕਿਲ ਹੋ ਗਿਆ ਹੈ। ਤਾਲਿਬਾਨ ਦਾ ਰਾਜ ਆਉਣ ਨਾਲ ਜਮਹੂਰੀ ਤਾਕਤਾਂ ਦੀਆਂ ਮੁਸ਼ਕਿਲਾਂ ਵਿਚ ਵੱਡਾ ਵਾਧਾ ਹੋਇਆ ਹੈ। ਇਸ ਦੇ ਨਾਲ ਨਾਲ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਦੇ ਵੱਖ ਵੱਖ ਹਿੱਸਿਆਂ ਵਿਚ ਇਲਾਕਾਈ ਸਰਦਾਰਾਂ  ਦੀ ਚੜ੍ਹਤ ਨਾ ਸਿਰਫ਼ ਬਰਕਰਾਰ ਰਹਿਣੀ ਹੈ ਸਗੋਂ ਉਨ੍ਹਾਂ ਨੇ ਧਰਮ ਨੂੰ ਆਧਾਰ ਬਣਾ ਕੇ ਔਰਤਾਂ, ਬੱਚਿਆਂ, ਘੱਟਗਿਣਤੀ ਫ਼ਿਰਕਿਆਂ ਅਤੇ ਹੋਰ ਲੋਕਾਂ ਜਿਨ੍ਹਾਂ ਵਿਚ ਮੁਸਲਮਾਨ ਵੀ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਉਣਾ ਹੈ। ਇਸ ਵੇਲੇ ਕੌਮਾਂਤਰੀ ਭਾਈਚਾਰੇ ਨੂੰ ਅਫ਼ਗ਼ਾਨਿਸਤਾਨ ਦੇ ਸਮੂਹ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਯਕੀਨੀ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਮਦਦ ਧਰਮ ’ਤੇ ਆਧਾਰਿਤ ਨਾ ਹੋ ਕੇ ਮਾਨਵੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹੋਵੇ। ਭਾਰਤ ਨੂੰ ਵੀ ਇਸ ਯਤਨ ਵਿਚ ਸ਼ਾਮਲ ਹੋਣਾ ਚਾਹੀਦਾ ਹੈ।