ਜਿਉਂਦੇ ਜੀਅ ਤਾਬੂਤਾਂ ਵਿੱਚ ਬੰਦ ਹੋ ਕੇ ਪਾਕਿਸਤਾਨ ਜਾ ਰਹੀਆਂ ਹਨ ਅਫ਼ਗਾਨੀ ਔਰਤਾਂ

 ਜਿਉਂਦੇ ਜੀਅ ਤਾਬੂਤਾਂ ਵਿੱਚ ਬੰਦ ਹੋ ਕੇ ਪਾਕਿਸਤਾਨ ਜਾ ਰਹੀਆਂ ਹਨ ਅਫ਼ਗਾਨੀ ਔਰਤਾਂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਕਾਬੁਲ: ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੀ ਅਤੇ ਅਫ਼ਗਾਨਿਸਤਾਨ ਵਿੱਚ ਚੋਣ ਕਮਿਸ਼ਨ ਦੀ ਸਾਬਕਾ ਮੈਂਬਰ ਜ਼ਾਰਮੀਨਾ ਕਾਕਰ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਸਾਰੇ ਪ੍ਰਾਂਤਾਂ, ਖਾਸ ਤੌਰ 'ਤੇ ਮੱਧ ਅਫ਼ਗਾਨਿਸਤਾਨ ਦੇ ਕਾਬੁਲ ਪ੍ਰਾਂਤ ਵਿੱਚ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ ਅਤੇ ਡਰੇ ਹੋਏ ਹਨ।ਇੱਥੇ ਸਭ ਤੋਂ ਜ਼ਿਆਦਾ ਔਰਤਾਂ, ਬੱਚੇ ਡਰੇ ਹੋਏ ਹਨ।ਉਨ੍ਹਾਂ ਦਾ ਕਹਿਣਾ ਸੀ, "ਇੱਥੇ ਸਭ ਤੋਂ ਜ਼ਿਆਦਾ ਔਰਤਾਂ, ਬੱਚੇ ਡਰੇ ਹੋਏ ਹਨ ਅਤੇ ਉਹ ਨੌਜਵਾਨ ਪੀੜ੍ਹੀ ਜੋ ਪਿਛਲੇ 20 ਸਾਲਾਂ ਵਿੱਚ ਇੱਥੇ ਹੀ ਵੱਡੀ ਹੋਈ ਹੈ, ਤਾਲਿਬਾਨ ਦੇ ਖੌਫ਼ ਵਿੱਚ ਹੈ।" ਕਾਬੁਲ ਵਿੱਚ ਮੌਜੂਦ ਔਰਤਾਂ ਹੁਣ ਡਰ ਦੇ ਮਾਰੇ ਉੱਥੋਂ ਭੱਜ ਰਹੀਆਂ ਹਨ। ਅਫ਼ਗਾਨਿਸਤਾਨ ਦੀਆਂ ਔਰਤਾਂ, ਤਾਲਿਬਾਨ ਦੇ ਸ਼ਾਸਨ ਦੌਰਾਨ ਉਨ੍ਹਾਂ ਦੇ ਨਾਲ ਹੋਏ ਅੱਤਿਆਚਾਰਾਂ ਅਤੇ ਕੌੜੇ ਮਾਰਨ ਵਰਗੀਆਂ ਘਟਨਾਵਾਂ ਨੂੰ ਭੁੱਲੀਆਂ ਨਹੀਂ ਹਨ।ਜ਼ਾਰਮੀਨਾ ਅੱਗੇ ਦੱਸਦੇ ਹਨ ਕਿ ਤਾਲਿਬਾਨ ਸ਼ਾਸਿਤ ਸੂਬਿਆਂ ਵਿੱਚੋਂ ਔਰਤਾਂ ਨੂੰ ਤਾਬੂਤਾਂ ਵਿੱਚ ਪਾਕਿਸਤਾਨ ਲਿਜਾਇਆ ਜਾ ਰਿਹਾ ਹੈ। ਅਜਿਹਾ ਉਨ੍ਹਾਂ ਨੂੰ, ਕਾਬੁਲ ਵਿੱਚ ਪਨਾਹ ਲੈਣ ਵਾਲੀਆਂ ਔਰਤਾਂ ਨੇ ਦੱਸਿਆ ਹੈ।ਮਹਿਲਾ ਸਾਂਸਦ ਮਰੀਅਮ ਸਮਾ ਕਾਬੁਲ ਤੋਂ ਬਾਹਰ ਨਿੱਕਲਣ ਵਿੱਚ ਕਾਮਯਾਬ ਹੋ ਗਏ ਹਨ ਪਰ ਉਹ ਆਪਣੇ ਪਰਿਵਾਰ ਬਾਰੇ ਚਿੰਤਿਤ ਹਨ, ਜੋ ਅਜੇ ਵੀ ਕਾਬੁਲ ਵਿੱਚ ਹੀ ਮੌਜੂਦ ਹੈ।ਸੁਤੰਤਰ ਫਿਲਮ ਨਿਰਮਾਤਾ ਸਹਰਾ ਕਰੀਮੀ ਨੇ ਸਿਨੇਮਾ ਅਤੇ ਫ਼ਿਲਮਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਫਿਲਮ ਕਮਿਊਨਿਟੀ ਨੂੰ ਚਿੱਠੀ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ।ਉਨ੍ਹਾਂ ਨੇ ਲਿਖਿਆ ਹੈ ਕਿ "ਦੁਨੀਆ ਸਾਨੂੰ ਪਿੱਠ ਨਾ ਦਿਖਾਵੇ, ਅਫ਼ਗਾਨਿਸਤਾਨ ਦੀਆਂ ਔਰਤਾਂ, ਬੱਚਿਆਂ, ਕਲਾਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।"ਜ਼ਾਰਮੀਨਾ ਕਾਕਰ ਕਹਿੰਦੇ ਹਨ, "ਅਸੀਂ ਅਫ਼ਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਸੀਂ ਤਾਲਿਬਾਨ ਦੇ ਵਿਚਾਰਾਂ ਦੇ ਵਿਰੁੱਧ ਹਾਂ ਅਤੇ ਅਸੀਂ ਤਾਲਿਬਾਨ ਦੇ ਵਿਰੋਧ ਵਿੱਚ ਨਾਅਰੇ ਵੀ ਲਗਾਏ ਹਨ।ਉਨ੍ਹਾਂ ਦੇ ਅਨੁਸਾਰ, "ਪਿਛਲੇ 20 ਸਾਲਾਂ ਵਿੱਚ ਅਫ਼ਗ਼ਾਨ ਔਰਤਾਂ ਨੇ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ ਬਹੁਤ ਯਤਨ ਕੀਤੇ ਹਨ। ਪਰ ਅੱਜ ਤਾਲਿਬਾਨ ਦੀ ਵਾਪਸੀ ਨਾਲ ਅਜਿਹਾ ਲੱਗਦਾ ਹੈ ਕਿ ਜੋ ਅਸੀਂ ਇੰਨੇ ਸਾਲਾਂ ਵਿੱਚ ਪ੍ਰਾਪਤ ਕੀਤਾ ਸੀ, ਉਹ ਬਰਬਾਦ ਹੋ ਗਿਆ ਹੈ ਕਿਉਂਕਿ ਤਾਲਿਬਾਨ ਨਾਰੀ  ਅਧਿਕਾਰਾਂ ਅਤੇ ਨਾਰੀ ਦੀ ਨਿੱਜੀ ਆਜ਼ਾਦੀ ਨੂੰ ਲੈ ਕੇ ਵਚਨਬੱਧ ਨਹੀਂ ਹੈ।"ਅਫ਼ਗਾਨਿਸਤਾਨ ਵਿੱਚ ਔਰਤਾਂ, ਖਾਸ ਕਰਕੇ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਪੱਤਰਕਾਰ, ਪਲ-ਪਲ ਵਿੱਚ ਮੌਤ ਦੇਖ ਰਹੀਆਂ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਰਹੀਆਂ ਹਨ।