ਤਾਲਿਬਾਨ ਨੂੰ ਨਥ ਪਾਓ ਕਹਿ ਕੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਨਾ ਕਰੋ! 

ਤਾਲਿਬਾਨ ਨੂੰ ਨਥ ਪਾਓ ਕਹਿ ਕੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਨਾ ਕਰੋ! 

ਤਾਲਿਬਾਨ ਦੀ ਜਿਤ ਜਿਹਾਦ ਦੇ ਤੋਦੇ ਦਾ ਮਹਿਜ ਇਕ ਕਿਣਕਾ ਮਾਤਰ ਹੈ

ਗੁਰਬਚਨ ਸਿੰਘ

ਤਾਲਿਬਾਨ ਸਾਹਮਣੇ ਅਫਗਾਨਿਸਤਾਨ ਦੇ ਏਨੀ ਤੇਜੀ ਨਾਲ ਢਹਿ  ਜਾਣ ਨੇ ਇਕ-ਦੂਜੇ ਦੇ ਸਿਰ ਦੋਸ਼ ਮੜ੍ਹਣ ਨੂੰ ਤੇਜ ਕਰ ਦਿਤਾ ਹੈ। ਜਦੋਂ ਕਿ ਤਾਲਿਬਾਨ ਪਿਛਲੇ ਇਕ ਦਹਾਕੇ ਤੋਂ ਅਗੇ ਵਧ ਰਹੇ ਸਨ ਅਤੇ ਅਮਰੀਕਾ ਪਿਛੇ ਹਟ ਰਿਹਾ ਸੀ। ਸਿਰਫ ਅਤਿੰਮ ਜਿਤ ਦੀ ਚਾਲ ਹੀ ਹੈਰਾਨੀਜਨਕ ਹੈ।ਤਾਲਿਬਾਨ ਨੂੰ ਭਾਵੇਂ ਪਾਕਿਸਤਾਨ ਦੀ ਹਮਾਇਤ ਹਾਸਲ ਸੀ ਪਰ ਬਿਨਾਂ ਸ਼ਕ ਤਾਲਿਬਾਨ ਅਫਗਾਨਿਸਤਾਨ ਦੀ ਆਪਣੀ ਪੈਦਾਇਸ਼ ਹੈ। ਪਰ ਫਿਰ ਵੀ ਤਾਲਿਬਾਨ ਹਮੇਸ਼ਾਂ ਆਪਣੇ ਆਪ ਨੂੰ ਆਲਮੀ ਇਸਲਾਮੀ ਉਭਾਰ ਦੇ ਇਕ ਅੰਗ ਵਜੋਂ ਵੇਖਦੇ ਆ ਰਹੇ ਹਨ। ਇਸਲਾਮੀ ਉਭਾਰ ਦੇ ਵਿਚਾਰ ਦੇ ਪ੍ਰਗਟ ਹੋਣ ਦਾ ਸਮਾਂ ਫਿਰ ਆ ਗਿਆ ਹੈ। ਕਿਉਂਕਿ ਦੋਵੇਂ ਕਿਸਮ ਦੀਆਂ ਸਰਕਾਰਾਂ  ਜਮਹੂਰੀ ਅਤੇ ਤਾਨਾਸ਼ਾਹ  ਕੁਰਪਟ, ਵਹਿਸ਼ਤ ਦੀ ਹਦ ਤਕ ਲੋਕ ਸਰੋਕਾਰਾਂ ਪ੍ਰਤੀ ਉਦਾਸੀਨ ਅਤੇ ਮੁਸਲਿਮ ਜਗਤ ਵਿਚ ਲੋਕਾਂ ਦੀ ਬੇਭਰੋਸਗੀ ਦਾ ਸ਼ਿਕਾਰ ਹਨ। ਇਸੇ ਕਰ ਕੇ ਧਾਰਮਿਕ ਮੂਲਵਾਦ ਦੀ ਸ਼ੁਧਤਾ ਅਤੇ ਜਿਹਾਦ ਲਈ ਖਿਚ ਬੜੀ ਤੇਜੀ ਨਾਲ ਵਧੀ ਹੈ ਅਤੇ ਆਲਮੀ ਇਸਲਾਮ ਦੀਆਂ ਇਤਿਹਾਸਕ ਜੜ੍ਹਾਂ ਉਤੇ ਪ੍ਰਫੁਲਤ ਹੋਈ ਹੈ।ਪਛਮ ਦਾ ਪਤਨ ਅਤੇ ਪਛਮ ਪ੍ਰਤੀ ਬਣੇ ਭਰਮਾਂ ਦਾ ਟੁਟਣਾ ਤੇ ਅਫਰੀਕਾ ਵਿਚ ਇਸਲਾਮੀ ਜਿਹਾਦ ਦਾ ਉਭਾਰ ਅਫਗਾਨਿਸਤਾਨ ਜਿੰਨਾ ਹੀ ਸਪਸ਼ਟ ਹੈ। ਫਰਾਂਸੀਸੀ ਅਤੇ ਯੂਰਪੀਨ ਫੌਜਾਂ ਅਫਰੀਕਾ ਵਿਚ ਜਹਾਦੀਆਂ ਨੂੰ ਕੁਚਲਣ ਦੇ ਆਪਣੇ ਦਹਾਕੇ ਭਰ ਦੇ ਯਤਨਾਂ ਵਿਚ ਸਫਲ ਨਹੀਂ ਹੋ ਸਕੀਆ। ਫਰਾਂਸ ਦੇ 5100 ਫੌਜੀ ਉਸਦੀਆਂ ਪੰਜ ਪੁਰਾਣੀਆ ਬਸਤੀਆਂ  ਮਾਲੀ, ਮੌਰੀਤਾਨੀਆ, ਬੁਰਕੀਨਾ ਫਾਸੋ, ਨਿਗਰ ਅਤੇ ਚਾਡ ਵਿਚ ਤਾਇਨਾਤ ਹਨ। ਫਰਾਂਸ ਦਾ ਪ੍ਰਧਾਨ ਮੈਕਰੋਨ ਕਦੇ ਖਤਮ ਨਾ ਹੋਣ ਵਾਲੀ ਇਸ ਜੰਗ ਤੋਂ ਤੰਗ ਆ ਕੇ ਫੌਜੀਆਂ ਦੀ ਘਰ ਵਾਪਸੀ ਦਾ ਵਾਅਦਾ ਕਰ ਚੁਕਾ ਹੈ ਅਤੇ ਬਾਕੀ ਯੂਰਪੀਨ ਦੇਸਾਂ ਅਤੇ ਅਫਰੀਕਨਾਂ ਨੂੰ ਇਹਨਾਂ ਫੌਜੀਆਂ ਦੀ ਥਾਂ ਭਰਨ ਲਈ ਕਹਿ ਰਿਹਾ ਹੈ। 

ਉਸਦੀ ਸਭ ਤੋਂ ਮੰਦੀ ਹਾਲਤ ਮਾਲੀ ਵਿਚ ਹੈ। ਜਿਥੇ ਗਦਾਫੀ ਦੀ ਮੌਤ ਤੋਂ ਬਾਅਦ ਦੇਸ ਵਿਚੋਂ ਕਢੇ ਗਏ ਲਿਬੀਅਨ ਜਿਹਾਦੀ ਸਥਾਨਿਕ ਜਿਹਾਦੀਆਂ ਨਾਲ ਮਿਲ ਗਏ ਹਨ। ਜਿਹਾਦੀਆਂ ਨੇ ਟਿੰਬੂਕੁਟੂ ਉਤੇ ਕਬਜਾ ਕਰ ਕੇ ਬਹੁਤ ਸਾਰੇ ਪੁਰਾਣੇ ਮਕਬਰੇ ਗੈਰਇਸਲਾਮੀ ਕਹਿ ਕੇ ਢਾਹ ਦਿਤੇ। ਫਰਾਂਸੀਸੀ ਫੌਜੀ ਜਿਹਾਦੀਆਂ ਉਤੇ ਕਾਬੂ ਪਾਉਣ ਲਈ ਭੇਜੇ ਗਏ। ਉਨ੍ਹਾਂ ਨੂੰ ਮੁਢ ਵਿਚ ਚੰਗੀ ਸਫਲਤਾ ਮਿਲੀ ਪਰ ਹੁਣੇ ਜਿਹੇ ਮਾਲੀ ਵਿਚ ਹੋਏ ਰਾਜ ਪਲਟੇ ਕਾਰਨ ਫਰਾਂਸ ਨੂੰ ਨਮੋਸ਼ੀ ਹੋਈ ਹੈ ਅਤੇ ਜਿਹਾਦੀ ਆਪਣੀ ਇਖਲਾਕੀ ਜਿਤ ਅਤੇ ਦਿ੍ਰੜਤਾ ਉਤੇ ਖੁਸ਼ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਇਕ ਨਵੀਂ ਆਲਮੀ ਟਾਸਕ ਫੋਰਸ ਟਕੂਬਾ ਦੇਸ ਵਿਚ ਸ਼ਾਤੀਂ ਯਕੀਨੀ ਬਣਾਏਗੀ। ਪਰ ਇਸ ਦੀ ਆਸ ਬਹੁਤ ਘਟ ਹੈਨਾਈਜੀਰੀਆ ਵਿਚ ਜਿਹਾਦੀ ਸਭ ਤੋਂ ਤਾਕਤਵਰ ਹਨ। ਜਿਥੇ ਅਸਲ ਵਿਚ ਬੋਕੋ ਹਰਮ ਲਖਾਂ ਦੀ ਆਬਾਦੀ ਵਾਲੇ ਬਹੁਤ ਵਡੇ ਖੇਤਰ ਵਿਚ ਰਾਜ ਕਰਦਾ ਹੈ। ਇਸਲਾਮੀ ਜਿਹਾਦੀਆਂ ਦੇ ਇਕ ਛੋਟੇ ਜਿਹੇ ਗਰੁਪ ਨੇ 1993 ਵਿਚ ਸੋਮਾਲੀਆ ਅੰਦਰ ਅਮਰੀਕਾ ਦੀ ਫੌਜ ਨੂੰ ਹਰਾਇਆ ਸੀ। (ਅਮਰੀਕਾ ਦੀ ਇਸ ਹਾਰ ਉਤੇ ‘ਬਲੈਕ ਹਾਕ ਡਾਊਨ’ ਫਿਲਮ ਬਣੀ ਸੀ)

ਤਾਲਿਬਾਨ ਕਹਿ ਰਹੇ ਹਨ ਕਿ ਉਹ ਤਾਕਤ ਦੀ ਬਦਲੀ ਸ਼ਾਂਤਮਈ ਢੰਗ ਨਾਲ ਕਰਨਗੇ ਅਤੇ ਆਲਮੀ ਦਹਿਸ਼ਤਗਰਦੀ ਲਈ ਆਪਣੇ ਦੇਸ ਦੀ ਵਰਤੋਂ ਨਹੀਂ ਕਰਨ ਦੇਣਗੇ। ਪਰ ਉਹ ਬੜੇ ਲੰਬੇ ਸਮੇ ਤੋਂ ਆਪਣੇ ਗੁਆਂਢੀ ਮੁਲਕਾਂ  ਉਜਬੇਕਿਸਤਾਨ, ਕਿਰਗਿਜਸਤਾਨ, ਤਾਜਿਕਸਤਾਨ, ਤੁਰਕਿਮਸਤਾਨ ਅਤੇ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਨੂੰ ਪਨਾਹ ਦੇ ਰਹੇ ਹਨ। ਚੀਨ ਆਪਣੇ ਜਿਨਜਿਆਂਗ ਸੂਬੇ ਵਿਚਲੇ ਇਸਲਾਮੀ ਖਾੜਕੂਪੁਣੇ ਤੋਂ ਡਰਿਆ ਹੋਇਆ ਹੈ। ਉਸ ਨੇ 10 ਲਖ ਦੇ ਕਰੀਬ ਉਗਰ ਮੁਸਲਮਾਨਾਂ ਨੂੰ ‘‘ਵਿਦਿਆ’’ ਅਤੇ ‘‘ਕਿਤਾ’’ ਕੈਂਪਾਂ ਵਿਚ ਬੰਦ ਕੀਤਾ ਹੋਇਆ ਹੈ। ਚੀਨ ਤਾਲਿਬਾਨ ਨਾਲ ਸਮਝੌਤਾ ਕਰ ਕੇ ਖੁਸ਼ ਹੈ (ਬਿਲਕੁਲ ਉਵੇਂ ਹੀ ਜਿਵੇਂ 1990 ਵਿਆਂ ਵਿਚ ਅਮਰੀਕਾ ਖੁਸ਼ ਸੀ।) ਬਸ਼ਰਤੇ ਕਿ ਉਹ ਜਿਹਾਦ ਨੂੰ ਬਰਾਮਦ ਨਾ ਕਰੇਂ। ਪਰ ਇਹ ਇਕ ਮੂਰਖਾਂ ਵਾਲੀ ਆਸ ਹੈ। ਉਹ ਧਾਰਮਿਕ ਤਾਕਤਾਂ ਜਿਹੜੀਆਂ ਆਲਮੀ ਜਿਹਾਦ ਦੇ ਉਭਾਰ ਵਿਚ ਸਹਾਈ ਹੁੰਦੀਆ ਹਨ, ਉਹ ਸਾਧਾਰਣ ਰਾਜਦੂਤਕ ਚੈਨਲਾਂ ਰਾਹੀਂ ਕਾਬੂ ਨਹੀਂ ਕੀਤੀਆ ਜਾ ਸਕਦੀਆ, ਭਾਵੇਂ ਕਿ ਤਾਲਿਬਾਨ ਰਸਮੀ ਤੌਰ ਉਤੇ ਇਸ ਵਿਚਾਰ ਨਾਲ ਸਹਿਮਤ ਵੀ ਹੋ ਜਾਏ। ਤਾਲਿਬਾਨ ਭਾਵੇਂ ਹਾਲ ਦੀ ਘੜੀ ਇਸ ਗੱਲ ਨੂੰ ਠੀਕ ਸਮਝਣ ਕਿ ਅਮਰੀਕਾ ਅਤੇ ਇਥੋਂ ਤਕ ਕਿ ਚੀਨ ਵਿਚ ਵੀ ਜਿਹਾਦੀ ਮਾਅਰਕੇਬਾਜੀ ਉਤੇ ਕਾਬੂ ਰਖਿਆ ਜਾਵੇ। ਪਰ ਇਹ ਮੌਕਾਪ੍ਰਸਤੀ ਤੋਂ ਵਧੇਰੇ ਹੋਰ ਕੁਝ ਨਹੀਂ। ਕਿਉਂਕਿ ਤਾਲਿਬਾਨ ਖੁਦ ਆਲਮੀ ਇਸਲਾਮ ਦੇ ਉਭਾਰ ਵਿਚ ਆ ਰਹੇ ਜਵਾਰਭਾਟੇ ਦਾ ਇਕ ਅੰਗ ਹੈ। ਕੋਈ ਵੀ ਉਸਦੇ ਇਸ ਦਾਅਵੇ ਉਤੇ ਯਕੀਨ ਨਹੀਂ ਕਰ ਸਕਦਾ। ਇਹ ਯਕੀਨੀ ਤੌਰ ਉਤੇ ਪਾਕਿਸਤਾਨ ਤੇ ਭਾਰਤ ਸਮੇਤ ਗੁਆਂਢੀ ਮੁਲਕਾਂ ਵਿਚ ਧਾਰਮਿਕ ਮੂਲਵਾਦ ਨੂੰ ਉਭਾਰੇਗਾ।ਬਹੁਤ ਥੋੜੇ ਭਾਰਤੀ ਸੰਸਾਰ ਭਰ ਵਿਚ ਛਪ ਰਹੇ ਇਸਲਾਮੀ ਸਾਹਿਤ ਨੂੰ ਪੜ੍ਹਦੇ ਹਨ। ਇਹ ਸਾਰਾ ਸਾਹਿਤ ਭਾਰਤ ਨੂੰ ਮੁਸਲਮਾਨਾਂ ਤੇ ਖਾਸ ਕਰ ਕੇ ਕਸ਼ਮੀਰ ਵਿਚਲੇ ਮੁਸਲਮਾਨਾਂ ਉਤੇ ਸਭ ਤੋਂ ਵਧ ਜਬਰ ਕਰਨ ਵਾਲੇ ਦੇਸ ਵਜੋਂ ਪ੍ਰਚਾਰਦਾ ਹੈ। ਤਾਲਿਬਾਨ ਦੀ ਜਿਤ ਹਿੰਦੂ ਰਾਸ਼ਟਰਵਾਦੀਆਂ ਵਲੋਂ ਭਾਰਤੀ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਵਿਰੁਧ ਇਨਸਾਫ ਮੰਗਦੀ ਉਸ ਆਲਮੀ ਇਸਲਾਮੀ ਲਹਿਰ ਨੂੰ ਮਜਬੂਤ ਕਰੇਗੀ। ਇਸ ਗੱਲ ਦਾ ਵਡਾ ਖਤਰਾ ਹੈ ਕਿ ਹਿੰਦੂ ਫਿਰਕਾਪ੍ਰਸਤੀ ਤੇ ਇਸਲਾਮੀ ਮੂਲਵਾਦ ਆਪਸ ਵਿਚ ਟਕਰਾਅ ਜਾਣ ਅਤੇ ਇਕ-ਦੂਜੇ ਨੂੰ ਤਕੜਾ ਕਰਦੇ ਹੋਏ ਸਮਾਜੀ ਇਕਸੁਰਤਾ ਨੂੰ ਭੰਗ ਕਰ ਦੇਣ।

ਜਿਆਦਾਤਰ ਆਲਮੀ ਬਹਿਸਾਂ ਚੀਨ ਅਤੇ ਅਮਰੀਕਾ ਦੀ ਅਗਵਾਈ ਹੇਠਲੇ ਜਮਹੂਰੀ ਸੰਸਾਰ ਵਿਚਕਾਰ ਦੁਸ਼ਮਣੀ ਉਤੇ ਕੇਂਦਰਿਤ ਹਨ। ਪਰ ਕਮਰੇ ਵਿਚ ਲਗਾਤਾਰ ਹੋ ਰਹੇ ਇਸਲਾਮੀ ਉਭਾਰ ਨੁਮਾ ਹਾਥੀ ਦੀ ਹੋਂਦ ਵੀ ਹੈ। ਇਥੋਂ ਤਕ ਕਿ ਇੰਡੋਨੇਸ਼ੀਆ ਜਿਹੜਾ ਕਿਸੇ ਵੇਲੇ ਪੂਰੀ ਤਰ੍ਹਾਂ ਧਰਮ ਨਿਰਪਖ ਦੇਸ ਸੀ, ਫਿਰਕੂ ਬਣ ਰਿਹਾ ਹੈ। ਬੰਗਲਾਦੇਸ਼ ਵਿਚ ਮੁਸਲਿਮ ਮੂਲਵਾਦੀ ਤਰਕਸ਼ੀਲਾਂ ਤੇ (ਮੇਰੇ ਵਰਗੇ) ਨਾਸਤਿਕਾਂ ਦੇ ਕਤਲ ਕਰ ਰਹੇ ਨੇ। ਇਕ ਅਰਧ ਜਿਹਾਦੀ ਖਿਤਾ ਸੀਰੀਆ ਦੇ ਇਦਲਿਬ ਖੇਤਰ ਵਿਚ ਮੌਜੂਦ ਹੈ। ਆਈ. ਐਸ. ਆਈ. ਐਸ. ਉਤੇ ਕਾਬੂ ਪਾਇਆ ਜਾ ਸਕਿਆ ਹੈ ਪਰ ਇਹ ਖਤਮ ਨਹੀਂ ਹੋਇਆ।ਬਹੁਤੇ ਭਾਰਤੀ ਮੌਂਜਬੀਕ ਤੋਂ ਜਾਣੂ ਨਹੀਂ ਹਨ। ਖਾੜੀ ਦੇਸਾਂ ਤੋਂ ਬਾਅਦ ਕੁਦਰਤੀ ਗੈਸ ਦਾ ਸਭ ਤੋਂ ਵਡਾ ਭੰਡਾਰ ਇਸ ਦੇਸ ਵਿਚ ਮੌਜੂਦ ਹੈ। ਇਸ ਦੇਸ ਵਿਚ ਕਈ ਭਾਰਤੀ ਕੰਪਨੀਆਂ (ਓ. ਐਨ. ਜੀ. ਸੀ. ਤੇ ਬੀ. ਪੀ. ਸੀ. ਐਲ. ਸਮੇਤ) ਨੇ ਫਰਾਂਸ ਦੀ ਕੰਪਨੀ ਟੋਟਲ ਦੀ ਅਗਵਾਈ ਹੇਠਲੇ ਆਲਮੀ ਕੰਪਨੀਆਂ ਦੇ ਸਮੂਹ ਨਾਲ ਮਿਲ ਕੇ ਤਰਲ ਕੁਦਰਤੀ ਗੈਸ ਦੀ ਇਕ ਬਹੁਤ ਵਡੀ ਸਨਅਤ ਕਾਇਮ ਕਰਨ ਦਾ ਯਤਨ ਕੀਤਾ ਹੈ। ਇਸ ਸਨਅਤ ਦਾ ਮੌਂਜਬੀਕ ਦੀ ਕੁਲ ਜੀ. ਡੀ. ਪੀ. ਵਿਚ 40 ਫੀਸਦੀ ਹਿਸਾ ਹੋਣਾ ਸੀ। ਪਰ ਅਫਸੋਸ! ਇਕ ਨਿਕੇ ਜਿਹੇ ਅਣਜਾਣੇ ਇਸਲਾਮੀ ਗਰੁਪ ਨੇ ਗੈਸ ਫੀਲਡ ਦੇ ਨੇੜਲੇ ਖੇਤਰ ਪਾਲਮਾ ਉਤੇ ਕਬਜਾ ਕਰ ਲਿਆ ਅਤੇ 2600 ਲੋਕਾਂ ਨੂੰ ਮਾਰ ਕੇ ਉਥੋਂ 7 ਲਖ ਲੋਕਾਂ ਨੂੰ ਭਜਾ ਦਿਤਾ। ਇਹ ਅਫਗਾਨਿਸਤਾਨ ਜਿਡੀ ਹੀ ਵਡੀ ਹਾਰ ਹੈ। ਪਰ ਇਸ ਦਾ ਜਿਕਰ ਇਸ ਕਰ ਕੇ ਘਟ ਹੋਇਆ ਹੈ ਕਿਉਂਕਿ ਇਸ ਵਿਚ ਕੋਈ ਵਡੀ (ਸਾਮਰਾਜੀ) ਤਾਕਤ ਸ਼ਾਮਿਲ ਨਹੀਂ ਹੈ। ਟੋਟਲ ਕੰਪਨੀ ਅਤੇ ਉਸ ਦਾ ਸਾਰਾ ਫਰਾਂਸੀਸੀ ਅਮਲਾਫੈਲਾ ਉਥੋਂ ਦੌੜ ਗਿਆ ਹੈ ਇਤੇ ਕੁਝ ਪਤਾ ਨਹੀਂ ਤੇ ਕੋਈ ਨਹੀਂ ਜਾਣਦਾ ਕਿ ਹਾਲਤਾਂ ਕਦੋਂ ਸੁਧਰਣਗੀਆ ਅਤੇ ਇਹ ਓਪਰੇਸ਼ਨ ਦੁਬਾਰਾ ਕਦੋਂ ਸ਼ੁਰੂ ਹੋਵੇਗਾ। ਸਾਰੀਆਂ ਪਛਮੀ ਤਾਕਤਾਂ ਨਿਤ ਲੜੀਆ ਜਾ ਰਹੀ ਜੰਗਾਂ ਤੋਂ ਘਬਰਾਈਆਂ ਹੋਈਆ ਹਨ।ਬਹੁਤੇ ਭਾਰਤੀ ਲਿਬਰਲ ਬੁਧੀਜੀਵੀ ਆਲਮੀ ਜਿਹਾਦ ਦੀ ਨਿਖੇਧੀ ਕਰਨ ਤੋਂ ਇਸ ਪਖੋਂ ਝਕਦੇ ਹਨ ਕਿਉਂਕਿ ਉਹਨਾਂ ਨੂੰ (ਸਹੀ) ਡਰ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਨਫਰਤੀ ਪ੍ਰਚਾਰ ਨੂੰ ਤਕੜਾ ਕਰੇਗਾ। ਕੁਝ ਲਿਬਰਲ ਤਾਲਿਬਾਨ ਨੂੰ ਨਥ ਪਾਉਣ ਦੀ ਆਸ ਲਾਈ ਬੈਠੇ ਹਨ। ਪਰ ਇਹ ਇਕ ਭਰਮ ਹੈ। ਆਲਮੀ ਇਸਲਾਮੀ ਉਭਾਰ ਤੇ ਹਿੰਦੂ ਰਾਸ਼ਟਰਵਾਦ ਯਕੀਨੀ ਟਕਰਾਅ ਵਿਚ ਆਉਣਗੇ ਅਤੇ ਦੋਵਾਂ ਪਾਸਿਆਂ ਦੀ ਫਿਰਕਾਪ੍ਰਸਤੀ ਨੂੰ ਤਕੜਾ ਕਰਨਗੇ। ਥੋੜੇ ਸਮੇਂ ਲਈ ਭਾਵੇਂ ਇਸ ਦਾ ਭਾਜਪਾ ਨੂੰ ਫਾਇਦਾ ਹੋਵੇ ਪਰ ਸਮੁਚੇ ਸਮਾਜ ਅਤੇ ਅਰਥਚਾਰੇ ਲਈ ਇਹ ਬਹੁਤ ਭਿਆਨਕ ਹੋਵੇਗਾ।