ਇੰਡੋ ਅਮੈਰੀਕਨ ਹੈਰੀਟੇਜ ਫੋਰਮ ਵੱਲੋਂ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਾਉਣ ਦਾ ਐਲਾਨ

ਇੰਡੋ ਅਮੈਰੀਕਨ ਹੈਰੀਟੇਜ ਫੋਰਮ ਵੱਲੋਂ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਾਉਣ ਦਾ ਐਲਾਨ
ਪੁਰਾਣੀ ਤਸਵੀਰ

ਫਰਿਜ਼ਨੋ: ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਦੀ ਇਕ ਮੀਟਿੰਗ 16 ਜੂਨ ਨੂੰ ਫਰਿਜ਼ਨੋ ਵਿਚ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਮੂਹ ਮੈਂਬਰਾ ਨੇ ਖੜੇ ਹੋ ਕਿ ਬੀਬੀ ਗੁਰਦੀਪ ਕੌਰ ਮਾਨ ਨੂੰ ਸ਼ਰਧਾਜਲੀ ਭੇਂਟ ਕੀਤੀ ਜੋ ਕਿ ਜੂਨ 7 ਨੂੰ ਆਪਣੀ ਜੀਵਨ-ਯਾਤਰਾ ਸੰਪੂਰਨ ਕਰ ਗਏ ਹਨ। ਬੀਬੀ ਗੁਰਦੀਪ ਕੌਰ ਮਾਨ ਫੋਰਮ ਦੇ ਕੈਸ਼ੀਅਰ ਅਤੇ ਮੋਢੀ ਮੈਂਬਰ ਸ੍ਰ ਜਸਵੰਤ ਸਿੰਘ ਜੀ ਮਾਨ ਦੀ ਧਰਮ ਪਤਨੀ ਸਨ ਅਤੇ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਚਲ ਰਹੇ ਸਨ। ਮੀਟਿੰਗ ਵਿਚ ਇਕ ਮਤੇ ਰਾਹੀ ਉਨਾਂ ਦੀ ਮੌਤ ਤੇ ਦੁਖ ਪਰਗਟ ਕਰਦਿਆ ਸ੍ਰ ਜਸਵੰਤ ਸਿੰਘ ਮਾਨ ਅਤੇ ਉਨਾਂ ਦੇ ਪਰਵਿਾਰ ਨਾਲ ਹਮਦਰਦੀ ਦਾ ਪਰਗਟਾਵਾ ਕੀਤਾ ਗਿਆ ਅਤੇ ਉਨਾਂ ਦੇ ਪਰਿਵਾਰ ਦੀਆਂ ਸਮਾਜ ਪ੍ਰਤੀ ਸਵੇਵਾਂ ਲਈ ਸਰਾਹਣਾ ਕੀਤੀ।

ਇਕ ਹੋਰ ਮਤੇ ਰਾਹੀਂ ਪੰਜਾਬ ਦੇ ਉਘੇ ਸ਼ੋਸ਼ਲ ਵਰਕਰ, ਲੇਖਕ ਅਤੇ ਪਟਿਆਲਾ ਦੇ ਰਾਜਿੰਦਰਾ ਕਾਲਜ ਦੇ ਮੈਡੀਕਲ ਡਾਕਟਰ ਬੀਬੀ ਹਰਸ਼ਿੰਦਰ ਕੌਰ ਨੂੰ ਉਨਾਂ ਦੀ ਨੌਕਰੀ ਤੋਂ ਬਿਨਾਂ ਵਜ੍ਹਾ ਮੁਆਤਲ ਕਰਨ ਦੀ ਨਿੰਦਾ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਤਿਕਾਰ ਸਮੇਤ ਉਨ੍ਹਾਂ ਦੀ ਨੌਕਰੀ 'ਤੇ ਬਹਾਲ ਕੀਤਾ ਜਾਵੇ। ਯਾਦ ਰਹੇ ਕਿ ਡਾ. ਹਰਸ਼ਿੰਦਰ ਕੌਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਮਾਜਿਕ ਮਸਲਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੱਡਮੁਲਾ ਕੰਮ ਕਰ ਰਹੇ ਹਨ ਅਤੇ ਉਹ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੀ ਪੜ੍ਹਾਈ ਲਈ ਵੀ ਉਘਾ ਯੋਗਦਾਨ ਪਾ ਰਹੇ ਹਨ। ਉਹ ਫੋਰਮ ਵਲੋਂ ਮਾਰਚ 2018 ਵਿਚ ਕਰਵਾਏ ਗਏ ਮੇਲੇ ਦੇ ਮੁੱਖ ਮਹਿਮਾਨ ਵੀ ਸਨ ਜਿਥੇ ਉਨ੍ਹਾਂ ਨੂੰ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਸੁਣਿਆ ਸੀ।

ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਵਲੋਂ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾ ਰਹੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲਿਆਂ ਦੀ ਲੜੀ ਵਿਚ ਇਸ ਸਾਲ ਦੇ ਭਾਸ਼ਣ ਮੁਕਾਬਲੇ 28 ਜੁਲਾਈ ਨੂੰ ਫਰਿਜ਼ਨੋ ਵਿਚ ਕਰਵਾਉਣ ਦਾ ਫੈਸਲਾ ਲਿਆ ਗਿਆ। ਇਹ ਭਾਸ਼ਣ ਮੁਕਾਬਲੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦੀ ਸਾਕੇ ਨੂੰ, ਸ਼ਹੀਦ ਊਧਮ ਸਿੰਘ ਸੁਨਾਮ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸਮਰਪਤ ਹੋਣਗੇ। ਇਹ ਭਾਸ਼ਣ ਮੁਕਾਬਲੇ 28 ਜੁਲਾਈ ਨੂੰ ਇੰਡੀਆ ਉਵਨ, 3035 ਵੈਸਟ ਐਸਲੈਨ ਐਵਨਿਉ ਫਰਿਜਨੋ ਵਿਚ ਦੁਪਿਹਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਵਿੱਚ ਹਰ ਉਮਰ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਚਾਰ ਗਰੁੱਪਾਂ ਵਿਚ ਵੰਡ ਕੇ ਵੱਖ-ਵੱਖ ਵਿਸ਼ੇ ਦਿਤੇ ਗਏ ਹਨ। 

ਪਰਾਇਮਰੀ ਸਕੂਲ ਦੇ ਵਿਦਿਆਰਥੀ ਕਿਸੇ ਵੀ ਆਜ਼ਾਦੀ ਘੁਲਾਟੀਏ 'ਤੇ ਅਧਾਰਤ ਆਪਣੀ ਸਪੀਚ ਕਰਨਗੇ। ਮਿਡਲ ਸਕੂਲ਼ ਦੇ ਵਿਦਿਆਰਥੀ ਸ਼ਹੀਦ ਊਧਮ ਸਿੰਘ ਜਾਂ ਸ਼ਹੀਦ ਮਦਨ ਲਾਲ ਢੀਗਰਾਂ ਦੇ ਜੀਵਨ ਅਤੇ ਸਘੰਰਸ਼ ਤੇ ਅਧਾਰਤ ਆਪਣੀ ਸਪੀਚ ਕਰਨਗੇ। 

ਹਾਈ ਸਕੂਲ਼ ਦੇ ਵਿਦਿਆਰਥੀਆਂ ਦਾ ਵਿਸ਼ਾ ਜਲਿਆਵਾਲੇ ਬਾਗ ਦਾ ਸਾਕਾ ਹੋਵੇਗਾ। ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਭਾਸ਼ਨ ਦਾ ਵਿਸ਼ਾ ‘ਜਲਿਆਵਾਲੇ ਬਾਗ ਦੇ ਸਾਕੇ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਤੇ ਪਰਭਾਵ’ ਹੋਵੇਗਾ। ਇਸ ਪ੍ਰੋਗਰਾਮ ਵਿਚ ਹਿਸਾ ਲੈਣ ਵਾਲੇ ਸਾਰੇ ਵਿਦਿਆਰਥੀਆ ਨੂੰ ਸਰਟੀਫੀਕੇਟ ਦਿਤੇ ਜਾਣਗੇ ਅਤੇ ਹਰ ਗਰੁੱਪ ਦੇ ਪਹਿਲੇ ਤਿੰਨ ਜੇਤੂਆ ਨੂੰ ਨਗਦ ਇਨਾਮ ਦਿਤੇ ਜਾਣਗੇ।

ਫੋਰਮ ਪਿਛਲੇ ਅੱਠ ਸਾਲਾਂ ਤੋਂ ਵਿਦਿਆਰਥੀਆ ਲਈ ਇਹ ਪ੍ਰੋਗਰਾਮ ਕਰਵਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਸਾਡੇ ਬੱਚਿਆਂ ਨੂੰ ਸਮਾਜ ਵਿਚ ਅਗਾਂਹਵਧੂ ਅਤੇ ਲੀਡਰਸ਼ਿਪ ਰੋਲ ਲਈ ਤਿਆਰ ਕਰਨਾ ਹੈ। ਫੋਰਮ ਨੇ ਸਮੂਹ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਵਿਚ ਹਿਸਾ ਲੈਣ ਲਈ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਹੈ। 

ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਜਾਂ ਕਿਸੇ ਹੋਰ ਜਾਣਕਾਰੀ ਲਈ ਹਰਜਿੰਦਰ ਢੇਸੀ (559-618-0156), ਸੁਰਿੰਦਰ ਮੰਢਾਲੀ (559-473-9269) ਜਾਂ ਗੁਰਦੀਪ ਸਿੰਘ ਗਿੱਲ (559-360-4248) ਨਾਲ ਸਪੰਰਕ ਕੀਤਾ ਜਾ ਸਕਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ