ਸਿਰਸਾ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਵਫ਼ਦ ਵਲੋਂ ਖੱਟਰ ਨਾਲ ਕੀਤੀ ਮੁਲਾਕਾਤ

ਸਿਰਸਾ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਵਫ਼ਦ ਵਲੋਂ ਖੱਟਰ ਨਾਲ ਕੀਤੀ ਮੁਲਾਕਾਤ

ਮਾਮਲਾ ਹਰਿਆਣਾ ਗੁਰਦੁਆਰਾ ਕਮੇਟੀ ਵਿਚ ਨਿੰਰਕਾਰੀਆਂ ਤੇ ਸੌਦਾ ਸਾਧ ਦੀਆਂ ਵੋਟਾਂ ਬਣਾਉਣ ਦਾ

 ਦਿੱਲੀ ਕਮੇਟੀ ਦਾ ਦਾਅਵਾ ਕਿ ਮੁੱਖ ਮੰਤਰੀ ਹਰਿਆਣਾ ਨੇ ਵੋਟਾਂ ਰੱਦ ਕਰਨ ਦੇ ਦਿਤੇ ਨੇ ਹੁਕਮ, 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ: ਸੌਦਾ ਸਾਧ ਤੇ ਨਿਰੰਕਾਰੀਆਂ ਦੇ ਪੈਰੋਕਾਰਾਂ ਦੀਆਂ ਹਰਿਆਣਾ ਗੁਰਦਵਾਰਾ ਕਮੇਟੀ ਚੋਣਾਂ ਵਿਚ ਵੋਟਾਂ ਨਹੀਂ ਬਣ ਸਕਣਗੀਆਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹੁਣ ਤਕ ਬਣੀਆਂ ਉਕਤ ਦੋਹਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਰੱਦ ਕਰਨ ਦੇ ਹੁਕਮ ਦੇ ਦਿਤੇ ਹਨ।

ਇਥੇ ਦਿੱਲੀ ਕਮੇਟੀ ਵਲੋਂ ਇਹ ਦਾਅਵਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।ਉਨ੍ਹਾਂ ਦਸਿਆ,“ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜੱਥੇ: ਗਿਆਨੀ ਹਰਪ੍ਰੀਤ ਸਿੰਘ ਵਲੋਂ ਸੌਦਾ ਸਾਧ ਤੇ ਨਿਰੰਕਾਰੀਆਂ ਦੀਆਂ ਵੋਟਾਂ ਦਾ ਮਸਲਾ ਚੁਕਿਆ ਗਿਆ ਸੀ ਜਿਸ ਪਿਛੋਂ ਭਾਜਪਾ ਦੇ  ਕੌਮੀ ਸਕੱਤਰਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਖ਼ੁਦ ਕਾਹਲੋਂ ਤੇ ਹੋਰਨਾਂ ਦੇ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਇਹ ਮਾਮਲਾ ਚੁਕਿਆ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਤੁਰਤ ਸੌਦਾ ਸਾਧ ਤੇ ਨਿਰੰਕਾਰੀਆਂ ਦੀਆਂ ਹੁਣ ਤਕ ਬਣ ਚੁਕੀਆਂ ਵੋਟਾਂ ਰੱਦ ਕਰਨ ਦੇ ਹੁਕਮ ਦੇ ਦਿਤੇ ਹਨ। ਇਹ ਮਸਲਾ ਪੱਕੇ ਤੌਰ ’ਤੇ ਹੱਲ ਹੋ ਗਿਆ ਹੈ।’’

ਵੋਟਰਾਂ ਨੂੰ ਸਵੈ ਐਲਾਨ ਵੀ ਕਰਨਾ ਜ਼ਰੂਰੀ ਹੋਵੇਗਾ

ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਚੋਣ ਵਿਚ ਵੋਟ ਕਰਨ ਵਾਲੇ ਵੋਟਰਾਂ ਨੂੰ ਸਵੈ ਐਲਾਨ ਵੀ ਕਰਨਾ ਜ਼ਰੂਰੀ ਹੋਵੇਗਾ। ਇਸ ਸਬੰਧ ਵਿਚ ਸਮਿਤੀ ਦੇ ਕਮਿਸ਼ਨਰ ਜਸਟਿਸ ਐਚ.ਐਸ. ਭੱਲਾ ਨੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ  ਇਥੇ ਜਾਰੀ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਜਿਸ ਵਿਅਕਤੀ ਨੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਨ ਸਮਿਤੀ ਦੇ ਚੋਣ ਲਈ ਵੋਟਰ ਵਜੋਂ ਅਪਣੇ ਨਾਂਅ ਦੇ ਰਜਿਸਟ੍ਰੇਸ਼ਨ ਲਈ ਪਹਿਲਾਂ ਹੀ ਬਿਨੈ ਕਰ ਦਿਤਾ ਹੈ,

ਉਸ ਨੂੰ ਪੰਜਾਬੀ ਜਾਂ ਹਿੰਦੀ ਵਿਚ ਹੇਠਾਂ ਲਿਖੇ ਸਵੈ-ਐਲਾਨ ਪੇਸ਼ ਕਰਨਾ ਹੋਵੇਗਾ ਕਿ ਮੈਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਸਮਿਤੀ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣ ਲਈ ਬਿਨੈ ਪੱਤਰ ਦਿਤਾ ਹੈ ਅਤੇ ਮੈਂ ਜ਼ਿੰਮੇਵਾਰੀ, ਇਮਾਨਦਾਰੀ ਅਤੇ ਧਰਮ ਨਾਲ ਇਹ ਐਲਾਨ ਕਰਦਾ/ਕਰਦੀ ਹਾਂ ਕਿ ਮੈਂ ਸਿੱਖ ਹਾਂ ਅਤੇ ਮੈਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ। 

ਕਮਿਸ਼ਨਰ ਜਸਟਿਸ ਐਚ.ਐਸ.ਭੱਲਾ ਨੇ ਅੱਗੇ ਕਿਹਾ ਹੈ ਕਿ ਉਪਰੋਕਤ ਸਵੈ-ਐਲਾਨ ਨੂੰ ਗ੍ਰਾਮੀਣ ਖੇਤਰ ਵਿਚ ਸਬੰਧਤ ਪਟਵਾਰੀ, ਸ਼ਹਿਰੀ ਖੇਤਰ ਵਿਚ ਨਗਰ ਪਾਲਿਕਾ ਦੇ ਸਕੱਤਰ ਜਾਂ ਵੋਟਰ ਵਜੋਂ ਨਾਂਅ ਦੇ ਰਜਿਸਟ੍ਰੇਸ਼ਨ ਲਈ ਬਿਨੈ ਪੱਤਰ ਪ੍ਰਾਪਤ ਕਰਨ ਲਈ ਨਿਯੁਕਤ ਕਿਸੇ ਹੋਰ ਅਧਿਕਾਰਤ ਅਧਿਕਾਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਹ ਸਵੈ-ਐਲਾਨ ਪੱਤਰ ਪੇਸ਼ ਨਹੀਂ ਕਰਦਾ ਹੈ, ਤਾਂ ਉਸ ਦਾ ਨਾਂਅ ਵੋਟਰ ਵਜੋ ਰਜਿਸਟ੍ਰੇਸ਼ਨ ਲਈ ਨਹੀਂ ਮੰਨਿਆ ਜਾਵੇਗਾ।