ਸਿੱਖ ਧਰਮ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ਇਸ ਲਈ ਕਿਸੇ ਵੀ ਸਿੱਖ ਸਖਸ਼ੀਅਤ ਜਾਂ ਆਗੂ ਨੂੰ ਰਾਮ ਮੂਰਤੀ ਸਥਾਪਨਾ ਸਮਾਗਮ ਵਿਚ ਕਤਈ ਨਹੀ ਜਾਣਾ ਚਾਹੀਦਾ: ਮਾਨ

ਸਿੱਖ ਧਰਮ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ਇਸ ਲਈ ਕਿਸੇ ਵੀ ਸਿੱਖ ਸਖਸ਼ੀਅਤ ਜਾਂ ਆਗੂ ਨੂੰ ਰਾਮ ਮੂਰਤੀ ਸਥਾਪਨਾ ਸਮਾਗਮ ਵਿਚ ਕਤਈ ਨਹੀ ਜਾਣਾ ਚਾਹੀਦਾ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਕਿਉਂਕਿ ਸਿੱਖ ਧਰਮ ਪੱਥਰ, ਮੂਰਤੀ ਪੂਜਾ ਦਾ ਮੁੱਢ ਤੋ ਹੀ ਜੋਰਦਾਰ ਖੰਡਨ ਕਰਦਾ ਹੈ ਕਿਉਂਕਿ ਇਹ ਹਿੰਦੂ ਰਵਾਇਤ ਇਨਸਾਨੀਅਤ ਨੂੰ ਪੱਥਰ ਪੂਜਾ ਵੱਲ ਧਕੇਲਦੀ ਹੈ । ਜੋ ਕਿ ਸਾਡੇ ਗੁਰੂ ਸਾਹਿਬਾਨ ਨੇ ਇਸਦਾ ਜੋਰਦਾਰ ਵਿਰੋਧ ਕਰਦੇ ਹੋਏ ਇਸ ਵਿਰੁੱਧ ਵੱਡਾ ਸੰਘਰਸ਼ ਕੀਤਾ ਸੀ । ਇਸ ਲਈ ਕਿਸੇ ਵੀ ਸਿੱਖ ਸਖ਼ਸੀਅਤ ਜਾਂ ਸਿੱਖ ਆਗੂ ਨੂੰ ਰਾਮ ਮੂਰਤੀ ਸਥਾਪਨਾ ਸਮਾਗਮ ਵਿਚ ਕਤਈ ਸਾਮਿਲ ਨਹੀ ਹੋਣਾ ਚਾਹੀਦਾ । ਤਾਂ ਕਿ ਅਸੀ ਆਪਣੇ ਸਿੱਖੀ ਮਨੁੱਖਤਾ ਪੱਖੀ ਸਿਧਾਤਾਂ ਤੇ ਸੋਚ ਨੂੰ ਹੋਰ ਮਜਬੂਤ ਤੇ ਪ੍ਰਫੁੱਲਿਤ ਕਰ ਸਕੀਏ ਨਾ ਕਿ ਹਿੰਦੂਤਵ ਕੱਟੜਵਾਦੀ ਸਮਾਜ ਵਿਰੋਧੀ ਪਾਖੰਡਵਾਦ ਦੀ ਗੱਲ ਕਰੀਏ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਧਰਮ ਦੇ ਮੂਰਤੀ ਪੂਜਾ ਨੂੰ ਮੁੱਢ ਤੋ ਹੀ ਖੰਡਨ ਕਰਨ ਦੀ ਗੱਲ ਕਰਦੇ ਹੋਏ ਤੇ ਸਮੁੱਚੀ ਸਿੱਖ ਕੌਮ ਨੂੰ ਹਿੰਦੂਤਵ ਕੱਟੜਵਾਦੀ ਸੰਗਠਨਾਂ ਅਤੇ ਲੋਕਾਂ ਦੇ ਅਯੁੱਧਿਆ ਵਿਚ ਜਿਸ ਸਥਾਂਨ ਤੇ ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਕੇ ਮੰਦਰ ਉਸਾਰਿਆ ਗਿਆ, ਉਥੇ ਮੂਰਤੀ ਸਥਾਪਨਾ ਦੇ ਸਮਾਗਮ ਤੋ ਦੂਰੀ ਬਣਾਕੇ ਰੱਖਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਵਿਸੇ ਤੇ ਆਪਣੇ ਨਾਨਾ ਸ. ਅਰੂੜ ਸਿੰਘ ਦੀ ਗੱਲ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜਦੋ ਮੇਰੇ ਨਾਨਾ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬੀਤੇ ਸਮੇ ਵਿਚ ਮੁੱਖੀ ਸਨ, ਤਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰੀਕਰਮਾਂ ਵਿਚ ਹਿੰਦੂਤਵੀ ਆਰੀਆ ਸਮਾਜੀਆ ਵੱਲੋ ਸਥਾਪਿਤ ਕੀਤੀਆ ਗਈਆ ਸਭ ਮੂਰਤੀ ਚੁੱਕਵਾਕੇ ਬਾਹਰ ਭੇਜ ਦਿੱਤੀਆ ਸਨ । ਉਨ੍ਹਾਂ ਕਿਹਾ ਕਿ ਇਨ੍ਹਾਂ ਮੂਰਤੀ ਪੂਜਾ ਕਰਨ ਵਾਲੀਆ ਕੱਟੜਵਾਦੀ ਹਿੰਦੂਤਵ ਤਾਕਤਾਂ ਨੇ ਪਹਿਲੇ 1984 ਵਿਚ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਅਤੇ ਫਿਰ 1992 ਵਿਚ ਅਯੁੱਧਿਆ ਵਿਖੇ ਸਦੀਆ ਤੋ ਸਥਾਪਿਤ ਚੱਲੀ ਆ ਰਹੀ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਇਆ ਅਤੇ ਫਿਰ ਉਥੇ ਸਮੁੱਚੇ ਸੰਸਾਰ ਦੇ ਮੁਸਲਮਾਨਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਦੇ ਹੋਏ ਸਭ ਤੋ ਉੱਚੀ ਅਦਾਲਤ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਦੀ ਦੁਰਵਰਤੋ ਕਰਕੇ ਉਥੇ ਮੰਦਰ ਬਣਾਉਣ ਦੇ ਹੱਕ ਵਿਚ ਫੈਸਲਾ ਕਰਵਾਇਆ ਹੁਣ ਉਸੇ ਸਥਾਂਨ ਤੇ ਇਹ ਤਾਕਤਾਂ ਆਪਣੀ ਹਊਮੈ ਭਰੀ ਅਤੇ ਮਨੁੱਖਤਾ ਵਿਰੋਧੀ ਨੀਤੀ ਅਧੀਨ ਰਾਮ ਮੂਰਤੀ ਸਥਾਪਿਤ ਕਰਨ ਜਾ ਰਹੀਆ ਹਨ । ਇਹ ਵੀ ਕਦੀ ਹੋਇਆ ਹੈ ਕਿ ਕਿਸੇ ਮਸਜਿਦ, ਮੰਦਰ, ਗੁਰਦੁਆਰਾ ਨੂੰ ਢਾਹਿਆ ਜਾਵੇ ਜਾਂ ਉਸ ਵਿਚ ਉਸ ਕੌਮ ਦੇ ਧਰਮ ਦੇ ਅਨੁਸਾਰ ਹੋਣ ਵਾਲੀਆ ਰੀਤੀਆ ਰਵਾਇਤਾ ਨੂੰ ਜ਼ਬਰੀ ਰੋਕਿਆ ਜਾਵੇ ? ਪਰ ਇਨ੍ਹਾਂ ਨੇ ਮਸਜਿਦ, ਗੁਰਦੁਆਰੇ ਹੀ ਨਹੀ ਢਾਹੇ ਬਲਕਿ ਦੱਖਣ ਵਿਚ ਇਸਾਈਆ ਦੇ ਚਰਚਾਂ ਨੂੰ ਅੱਗਾਂ ਲਗਾਕੇ ਅਤੇ ਉਨ੍ਹਾਂ ਦੀਆਂ ਨਨਜ਼ਾਂ ਨਾਲ ਬਲਾਤਕਾਰ ਕਰਕੇ ਕਤਲ ਕਰਨ ਦੇ ਮਨੁੱਖਤਾ ਵਿਰੋਧੀ ਅਮਲ ਵੀ ਕੀਤੇ ਹਨ । ਇਨ੍ਹਾਂ ਦੇ ਖੂਨ ਵਿਚੋ ਇਨਸਾਨੀਅਤ ਖਤਮ ਹੋ ਚੁੱਕੀ ਹੈ । ਇਹੀ ਵਜਹ ਹੈ ਕਿ ਇਹ ਕੱਟੜਵਾਦੀ ਹਿੰਦੂਤਵ ਹੁਕਮਰਾਨ ਅਤੇ ਏਜੰਸੀਆਂ ਹੁਣ ਬਾਹਰਲੇ ਮੁਲਕਾਂ ਵਿਚ ਅਮਨ ਚੈਨ ਨਾਲ ਵੱਸਦੇ ਉਨ੍ਹਾਂ ਸਿੱਖਾਂ ਜੋ ਸਿੱਖ ਕੌਮ ਦੀ ਕੌਮਾਂਤਰੀ ਕਾਨੂੰਨਾਂ ਅਨੁਸਾਰ ਆਜਾਦੀ ਦੀ ਗੱਲ ਕਰਦੇ ਹਨ ਅਤੇ ਸਿੱਖਾਂ ਦੇ ਹੁਕਮਰਾਨਾਂ ਵੱਲੋ ਕੁੱਚਲੇ ਹੋਏ ਹੱਕਾਂ ਨੂੰ ਬਹਾਲ ਕਰਵਾਉਣ ਲਈ ਆਵਾਜ ਉਠਾਉਦੇ ਹਨ, ਉਨ੍ਹਾਂ ਨੂੰ ਆਪਣੀਆ ਏਜੰਸੀਆ ਰਾਹੀ ਖਤਮ ਕਰਵਾਇਆ ਜਾ ਰਿਹਾ ਹੈ । ਜਿਵੇਕਿ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ । ਇਨ੍ਹਾਂ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਤੋ ਇਸ ਲਈ ਭੱਜ ਰਹੇ ਹਨ ਕਿਉਂਕਿ ਇਹ ਖੁਦ ਇਨ੍ਹਾਂ ਕਤਲਾਂ ਦੇ ਸਾਜਿਸਕਾਰ ਹਨ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੁਕਮਰਾਨਾਂ ਵੱਲੋ ਕੀਤਾ ਜਾ ਰਿਹਾ ਹੈ ਕਿ ਕਸਮੀਰੀਆਂ ਉਤੇ ਜ਼ਬਰ ਜੁਲਮ ਢਾਹੁਣ ਦੇ ਨਾਲ-ਨਾਲ ਕਸਮੀਰ ਦੀ ਜਾਮਾ ਮਸਜਿਦ ਵਿਚ ਉਨ੍ਹਾਂ ਦੀਆਂ ਰਹੁਰੀਤੀਆ ਅਨੁਸਾਰ ਨਮਾਜ ਹੀ ਨਹੀ ਪੜ੍ਹਨ ਦੇ ਰਹੇ । ਜੋ ਕਿ ਕਿਸੇ ਦੂਸਰੇ ਧਰਮ ਦੀ ਆਜਾਦੀ ਉਤੇ ਵੱਡਾ ਹਮਲਾ ਹੈ । ਇੰਡੀਅਨ ਵਿਧਾਨ ਇਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ ਨੂੰ ਪੂਰਨ ਆਜਾਦੀ ਨਾਲ ਵਿਚਰਣ ਤੇ ਆਪਣੀਆ ਧਾਰਮਿਕ ਰਹੁਰੀਤੀਆ ਅਨੁਸਾਰ ਆਪਣੇ ਧਰਮ ਵਿਚ ਵਿਸਵਾਸ ਰੱਖਦੇ ਹੋਏ ਰਸਮਾ ਪੂਰਨ ਕਰਨ ਦੀ ਖੁੱਲ੍ਹ ਦਿੰਦਾ ਹੈ। ਫਿਰ ਵੀ ਇਹ ਇੰਡੀਅਨ ਹੁਕਮਰਾਨ ਆਪਣੇ ਵੱਲੋ ਬਣਾਏ ਗਏ ਵਿਧਾਨ ਦੇ ਨਿਯਮਾਂ, ਅਸੂਲਾਂ ਨੂੰ ਕੁੱਚਲਕੇ ਮਨੁੱਖਤਾ ਵਿਰੋਧੀ ਕੱਟੜਵਾਦੀ ਅਮਲ ਕਰ ਰਹੇ ਹਨ । ਇਸ ਲਈ ਇਨ੍ਹਾਂ ਕੱਟੜਵਾਦੀਆਂ ਵੱਲੋ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਕੀਤੇ ਗਏ ਅਤੇ ਕੀਤੇ ਜਾ ਰਹੇ ਅਮਲਾਂ ਦਾ ਵਿਰੋਧ ਕਰਦੇ ਹੋਏ ਕਿਸੇ ਵੀ ਸਿੱਖ ਨੂੰ 22 ਜਨਵਰੀ ਨੂੰ ਅਯੁੱਧਿਆ ਵਿਖੇ ਰਾਮ ਮੂਰਤੀ ਸਥਾਪਨਾ ਸਮਾਗਮ ਵਿਚ ਭੁੱਲ ਕੇ ਵੀ ਸਮੂਲੀਅਤ ਨਹੀ ਕਰਨੀ ਚਾਹੀਦੀ ।