੪੦ ਮੁਕਤੇ

੪੦ ਮੁਕਤੇ

ਇਤਿਹਾਸ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਦਾ ਖਾਸ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਾ ਪੋਹ ਮਹੀਨਾ ਜੰਗ ਦੇ ਮੈਦਾਨ ਵਿੱਚ ਗੁਜ਼ਾਰਦੇ ਹਨ।

ਪੰਜਾਬ ਵਿੱਚ ਸਿਆਲਾਂ ਦੀ ਰੁੱਤ ਦਾ ਇਹ ਮਹੀਨਾ ਕੁਦਰਤੀ ਤੌਰ ਤੇ ਬਹੁਤ ਤਕਲੀਫ਼ਦੇਹ ਹੁੰਦਾ ਹੈ। ਹੱਡ ਠਾਰਵੀਂ ਠੰਡ ਦੇ ਕਰਕੇ ਲੋਕਾਈ ਦੀ ਚਾਲ ਬਹੁਤ ਮੱਠੀ ਪੈ ਜਾਂਦੀ ਹੈ ਪਰ ਸਤਿਗੁਰੂ ਜੀ ਅਨੰਦਪੁਰ ਸਾਹਿਬ ਤੋਂ ਅਪਣਾ ਸਫ਼ਰ ਅਰੰਭ ਕਰਦੇ ਹਨ ਅਤੇ ਪੋਹ ਮਹੀਨੇ ਦੇ ਮੁੱਕਦਿਆਂ ਪੰਜਾਬ ਦੇ ਵੱਡੇ ਇਲਾਕੇ ਵਿਚੋਂ ਦੀ ਜੰਗ ਕਰਦੇ ਅੱਗੇ ਵਧਦਿਆਂ ਅੰਤ ਖਿਦਰਾਣੇ ਦੀ ਢਾਬ ਤੇ ਪੁੱਜਦੇ ਹਨ। ਇਥੇ ਵੀ ਉਨ੍ਹਾਂ ਨੂੰ ਆਪਣੇ ਜੀਵਨ ਦਾ ਵੱਡਾ ਜੰਗ ਕਰਨਾ ਪੈਂਦਾ ਹੈ। ਜਿੱਥੇ ਸਰੀਰਕ ਤੌਰ ਤੇ ਅੱਤ ਦੀਆਂ ਔਖੀਆਂ ਘੜੀਆਂ ਉਨ੍ਹਾਂ ਨੂੰ ਝੱਲਣੀਆਂ ਪੈਂਦੀਆਂ ਹਨ, ਉਥੇ ਹੀ ਪਰਿਵਾਰ ਅਤੇ ਪਿਆਰੇ ਸਿੱਖ ਵੀ ਜੁਲਮ ਨਾਲ ਟੱਕਰ ਲੈਂਦਿਆਂ ਸ਼ਹੀਦੀਆਂ ਪ੍ਰਾਪਤ ਕਰਦੇ ਹਨ।  

ਇਸ ਇਤਿਹਾਸਕ ਸਫ਼ਰ ਤੋਂ ਪਹਿਲਾਂ ਤਕਰੀਬਨ 8 ਮਹੀਨੇ ਸ੍ਰੀ ਅਨੰਦਪੁਰ ਸਾਹਿਬ ਘੇਰਾ ਪੈਣ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਹਲਾਤ ਬੜੇ ਔਖੇ ਹੋ ਗਏ ਸਨ। ਜਿਸ ਤੋਂ ਸਤਿਗੁਰਾਂ ਦੀ ਫੌਜ ਦਾ ਹਿੱਸਾ ਰਹੇ ਚਾਲੀ ਸਿੱਖ ਜਿਹੜੇ ਕਿ ਮਾਝੇ ਤੋਂ ਸਨ, ਆਪਣੇ ਜਥੇਦਾਰ ਮਹਾਂ ਸਿੰਘ ਦੀ ਅਗਵਾਈ ਵਿੱਚ ਸਤਿਗੁਰਾਂ ਤੋਂ ਘਰ ਜਾਣ ਦੀ ਅਰਜ਼ ਕਰਦੇ ਹਨ। ਸਤਿਗੁਰੂ ਜੀ ਨੂੰ ਇੱਕ ਕਾਗਜ਼ ਉਪਰ ਆਪਣੇ ਜਾਣ ਦੀ ਗੱਲ ਅਤੇ ਦਸਤਖ਼ਤ ਕਰਕੇ ਬੇਦਾਵਾ ਖਤ ਸੌਂਪ ਕੇ ਚਲੇ ਜਾਂਦੇ ਹਨ। ਇਹ ਚਾਲੀ ਸਿੰਘਾਂ ਦਾ ਜਥਾ ਜਦੋਂ ਸਤਿਗੁਰਾਂ ਦੇ ਜੰਗਾਂ ਵਿੱਚ ਵਿਚਰਣ ਦੀ ਗੱਲ ਸੁਣਦਾ ਹੈ, ਤਾਂ ਮਾਤਾ ਭਾਗੋ ਜੀ ਦੀ ਅਗਵਾਈ ਵਿੱਚ ਦੁਬਾਰਾ ਤੋਂ ਸਤਿਗੁਰਾਂ ਦਾ ਸੰਗ ਕਰਨ ਲਈ ਉਨ੍ਹਾਂ ਦੇ ਖਿਦਰਾਣੇ ਪਹੁੰਚਣ ਦੀ ਗੱਲ ਪਤਾ ਲੱਗਣ ਤੇ ਇਥੇ ਆਕੇ ਮੋਰਚੇ ਸੰਭਾਲਦਾ ਹੈ। ਇਹ ਚਾਲੀ ਸਿੰਘ ਇਥੇ ਮੁਗਲ ਫੌਜ ਦੇ ਨਾਲ ਗਹਿਗੱਚ ਲੜਾਈ ਕਰਦੇ ਹਨ ਅਤੇ ਅੰਤ ਆਪ ਜਖਮੀ ਹੋ ਜਾਂਦੇ ਹਨ, ਫੇਰ ਸਤਿਗੁਰੂ ਜੀ ਇਨ੍ਹਾਂ ਤੇ ਦਇਆ ਕਰਦਿਆਂ ਆਪ ਜੰਗ ਦੇ ਮੈਦਾਨ ਵਿੱਚ ਆਕੇ ਮੁਗਲਾਂ ਨੂੰ ਪਿੱਛੇ ਭੱਜਣ ਲਈ ਮਜਬੂਰ ਕਰ ਦਿੰਦੇ ਹਨ। ਭਾਈ ਮਹਾਂ ਸਿੰਘ ਅਤੇ ਇਨ੍ਹਾਂ ਦੇ ਸਾਰੇ ਜਥੇ ਦਾ ਲਿਖਿਆ ਬੇਦਾਵਾ ਪਾੜਕੇ ਇਨ੍ਹਾਂ ਨੂੰ ਮੁੜ ਸਿੱਖੀ ਦੀ ਦਾਤ ਬਖਸ਼ਦੇ ਹਨ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਟੁੱਟੀ ਗੰਢਣ ਵਜੋਂ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਚਾਲੀ ਸਿੰਘਾਂ ਨੂੰ ਇਤਿਹਾਸ ਵਿੱਚ ਚਾਲੀ ਮੁਕਤਿਆਂ ਵਜੋਂ ਯਾਦ ਕੀਤਾ ਜਾਂਦਾ ਹੈ। 

ਇਨ੍ਹਾਂ ਚਾਲੀ ਸਿੰਘਾਂ ਨੇ ਅੰਤਾਂ ਦੇ ਦੁੱਖਾਂ ਦੇ ਸਮੇਂ ਸਤਿਗੁਰਾਂ ਨੂੰ ਛੱਡਿਆ ਸੀ, ਪਰ ਸਤਿਗੁਰਾਂ ਦੀ ਇਨ੍ਹਾਂ ਸਿੰਘਾਂ ਉਪਰ ਬੜੀ ਕਿਰਪਾ ਸੀ, ਸਤਿਗੁਰਾਂ ਨੇ ਵੀ ਅਤੇ ਇਨ੍ਹਾਂ ਸਿੰਘਾਂ ਨੇ ਵੀ ਮਨ ਅੰਦਰੋਂ ਇੱਕ ਦੂਜੇ ਤੋਂ ਤੋੜ ਵਿਛੋੜਾ ਨਾ ਕੀਤਾ। ਆਖਰ ਪ੍ਰੇਮ ਦੀ ਤਾਰ ਇਨ੍ਹਾਂ ਸਿੰਘਾਂ ਨੂੰ ਖਿਦਰਾਣੇ ਦੀ ਢਾਬ ਤੇ ਖਿੱਚ ਲਿਆਈ। ਸਤਿਗੁਰਾਂ ਦਾ ਇਨ੍ਹਾਂ ਸਿੰਘਾਂ ਉਪਰ ਖਾਸ ਪ੍ਰੇਮ ਹੀ ਸੀ, ਜੋ ਇਨ੍ਹਾਂ ਦਾ ਲਿਖਿਆ ਬੇਦਾਵਾ ਸਤਿਗੁਰਾਂ ਨੇ ਬਾਅਦ ਵਿੱਚ ਪਾੜਨ ਲਈ ਸੰਭਾਲ ਕੇ ਰੱਖਿਆ। ਇਨ੍ਹਾਂ ਨੂੰ ਦੁਬਾਰਾ ਤੋਂ ਸ਼ਰਨ ਵਿੱਚ ਲਿਆ ਕੇ ਫੇਰ ਆਪਣੀ ਗੋਦ ਵਿੱਚ ਸਿਰ ਰੱਖਿਆ ਅਤੇ ਮੁਕਤੇ ਹੋਣ ਦੀ ਦਾਤ ਬਖਸ਼ੀ। ਅਜਿਹਾ ਅਵਸਰ ਹਰ ਇੱਕ ਸਿੱਖ ਨੂੰ ਨਹੀਂ ਮਿਲਦਾ, ਸਤਿਗੁਰਾਂ ਅੱਗੇ ਅਰਦਾਸ ਹੈ ਉਹ ਹਰ ਬੇਦਾਵਾ ਲਿਖਕੇ ਗਏ ਸਿੱਖ ਨੂੰ ਮੁੜ ਗੰਢ ਲਵੇ। 

⁠ਆਪਸੀ ਖਿਲਾਰੇ ਵਾਲੇ ਅਮਲਾਂ ਦਾ ਗੁਰੇਜ

ਮੌਜੂਦਾ ਸਮਾਂ ਬਹੁਤ ਅਹਿਮ ਹੈ। ਸਿੱਖਾਂ ਦੇ ਪੱਖ ਤੋੰ ਵੇਖੀਏ ਤਾਂ ਦੁਨੀਆਂ ਦੀ ਰਾਜਨੀਤੀ ਵਿੱਚ ਸਿੱਖਾਂ ਦੀ ਅਹਿਮੀਅਤ ਹੋਰ ਵੀ ਵੱਧ ਗਈ ਹੈ। ਸਾਰੇ ਪਾਸੇ ਉਥਲ ਪੁਥਲ ਹੋ ਰਹੀ ਹੈ। ਸੁਹਿਰਦ ਹਿੱਸਿਆਂ ਵੱਲੋਂ ਲਾਏ ਅੰਦਾਜੇ ਕਿ ਛੇਤੀ ਬਹੁਤ ਕੁਝ ਬਦਲ ਜਾਏਗਾ, ਨਵਾਂ ਬਣੇਗਾ ਤੇ ਪੁਰਾਣਾ ਢਹਿ ਜਾਵੇਗਾ, ਸੱਚ ਸਿਧ ਹੁੰਦਾ ਜਾ ਰਿਹਾ ਹੈ। ਇਸ ਸਾਰੇ ਕਾਸੇ ਵਿੱਚ ਪੰਜਾਬ ਤੇ ਖਾਸਕਰ ਸਿੱਖ ਅਹਿਮ ਥਾਂ ‘ਤੇ ਆ ਗਏ ਹਨ। ਇਹ ਕੋਈ ਗੁਰੂ ਸਾਹਿਬ ਦੀ ਬਿਧੁ ਹੀ ਹੈ, ਨਹੀਂ ਤਾਂ ਨਿੱਠ ਕੇ ਸਿੱਖਾਂ ਵੱਲੋਂ ਅਜਿਹਾ ਕੋਈ ਵੱਡਾ ਉੱਦਮ ਨਹੀਂ ਸੀ ਕੀਤਾ ਗਿਆ। ਗੁਰੂ ਜਾਣੇ ਕਿ ਉਸ ਨੂੰ ਕੀ ਭਾਏਗਾ ਪਰ ਜੋ ਹਲਾਤ ਬਣ ਰਹੇ ਹਨ ਉਸ ਤੋਂ ਅੰਦਾਜਾ ਸੌਖਾ ਲੱਗ ਰਿਹਾ ਹੈ ਕਿ ਅਗਾਂਹ ਹੁਣ ਸਿੱਖਾਂ ਲਈ ਪਰਖ ਦੀ ਘੜੀ ਆਉਣੀ ਹੈ। ਇਸ ਪਰਖ ਦੀ ਘੜੀ ‘ਚੋੰ ਕਿਵੇਂ ਨਿਕਲਣਾ ਹੈ ਤੇ ਕਿਵੇਂ ਇਸ ਚੋਂ ਕੋਈ ਪ੍ਰਾਪਤੀ ਕਰਨੀ ਹੈ ਇਹ ਵੱਡੀ ਜਿੰਮੇਵਾਰੀ ਹੋਣੀ ਹੈ।  

ਅਜਿਹੇ ਸਮੇਂ ਵਿੱਚ ਸਾਡੇ ਅਮਲ ਬਹੁਤ ਮਾਇਨੇ ਰੱਖਦੇ ਹਨ। ਦਿੱਲੀ ਦਰਬਾਰ ਦੀ ਨੀਤੀ ਸਿੱਖਾਂ ਦਾ ਆਪਸੀ ਖਿਲਾਰਾ ਵਧਾਉਣ ਦੀ ਅਤੇ ਸਿੱਖਾਂ ਨੂੰ ਕੁਝ ਵੀ ਸਿਰਜਨਾਤਮਕ ਕਰਨ ਤੋਂ ਰੋਕਣ ਦੀ ਹੀ ਰਹੀ ਹੈ। ਸਿੱਖਾਂ ਨੂੰ ਜਿੱਥੇ ਆਪਣੀ ਸਮਰੱਥਾ ਵਧਾਉਣ ਵਾਲੇ ਪਾਸੇ ਯਤਨਸ਼ੀਲ ਰਹਿਣਾ ਪੈਣਾ ਹੈ ਉੱਥੇ ਆਪਣੀਆਂ ਰਵਾਇਤਾਂ ਦੀ ਪੁਨਰ ਸੁਰਜੀਤੀ ਦੇ ਨਾਲ ਨਾਲ ਆਪਸੀ ਖਿਲਾਰੇ ਤੋਂ ਹਰ ਹੀਲੇ ਸੰਕੋਚ ਕਰਨਾ ਪੈਣਾ ਹੈ। ਸਿੱਖਾਂ ਦੇ ਅੰਦਰੂਨੀ ਮਸਲੇ ਤੇ ਆਪਸੀ ਖਿਲਾਰਾ ਵਧਾਉਣ ਵਾਲੇ ਮਸਲਿਆਂ ਨੂੰ ਲਗਾਤਾਰ ਹਵਾ ਦਿੱਤੀ ਜਾ ਰਹੀ ਹੈ ਤੇ ਸਿੱਖਾਂ ਦੇ ਕੁਝ ਹਿੱਸੇ ਇਸ ਤਰ੍ਹਾਂ ਦੇ ਅਮਲ ਵਿੱਚ ਪੈ ਵੀ ਰਹੇ ਨੇ ਜਿਸ ਨਾਲ ਆਪਸੀ ਪਾੜਾ ਵਧ ਰਿਹਾ ਹੈ। ਇਸ ਸਾਰੇ ਕਾਸੇ ਲਈ ਬਿਜਲ ਸੱਥ ਨੂੰ ਵੱਡੇ ਪੱਧਰ ‘ਤੇ ਵਰਤਿਆ ਜਾ ਰਿਹਾ ਹੈ।

ਹਲਾਤ ਦੀ ਨਬਜ ਪਛਾਣਦਿਆਂ ਸਿੱਖਾਂ ਨੂੰ ਆਪਣਾ ਹਰ ਕਦਮ ਬਹੁਤ ਸੋਚ ਸਮਝ ਕੇ ਰੱਖਣ ਦੀ ਲੋੜ ਹੈ ਨਹੀਂ ਤਾਂ ਕੁਦਰਤੀ ਤੌਰ ‘ਤੇ ਬਣਿਆ ਇਹ ਮੌਕਾ ਇਕ ਵਾਰ ਫਿਰ ਇਤਿਹਾਸ ਦੁਹਰਾ ਜਾਏਗਾ ਤੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਫਿਰ ਆਪਣੇ ਵੱਡਿਆਂ ਨੂੰ ਸਵਾਲ ਕਰਨਗੀਆਂ ਕਿ ਜਦੋਂ ਇਹ ਖੂਬਸੂਰਤ ਮੌਕਾ ਬਣਿਆ ਸੀ ਤਾਂ ਸਾਂਝੇ ਤੇ ਵੱਡੇ ਉੱਦਮਾਂ ਦੀ ਥਾਂ ਆਪਸ ‘ਚ ਬਹਿਸਣ ਕਰਕੇ ਤੁਸੀਂ ਇਤਿਹਾਸ ਵਿੱਚ ਬਣੇ ਇਸ ਅਹਿਮ ਮੌਕੇ ਤੋਂ ਕੋਈ ਪ੍ਰਾਪਤੀ ਨਹੀਂ ਕਰ ਸਕੇ।

 

ਸੰਪਾਦਕ