ਅਯੁੱਧਿਆ ਦੇ ਮੇਅਰ ਤੇ ਭਾਜਪਾ ਵਿਧਾਇਕ ਸਮੇਤ 40 ਲੋਕ ਘਪਲੇ ਵਿਚ ਸ਼ਾਮਿਲ
ਮਾਮਲਾ ਗ਼ੈਰ-ਕਾਨੂੰਨੀ ਜ਼ਮੀਨ ਕਾਰੋਬਾਰ ਦਾ
*ਭਗਵਿਆਂ ਨੇ ਆਯੁੱਧਿਆ ਨੂੰ ਵੀ ਨਾ ਬਖਸ਼ਿਆ
ਅੰਮ੍ਰਿਤਸਰ ਟਾਈਮਜ਼
(ਯੂ.ਪੀ.)-ਆਯੁੱਧਿਆ ਵਿਕਾਸ ਅਥਾਰਟੀ ਵਲੋਂ ਸ਼ਹਿਰ 'ਚ ਗ਼ੈਰ-ਕਾਨੂੰਨੀ ਢੰਗ ਨਾਲ ਪਲਾਟਾਂ ਤੇ ਜ਼ਮੀਨ ਦਾ ਕਾਰੋਬਾਰ ਕਰਨ ਵਾਲੇ 40 ਲੋਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿਚ ਆਯੁੱਧਿਆ ਦਾ ਮੇਅਰ, ਭਾਜਪਾ ਦਾ ਸਥਾਨਕ ਵਿਧਾਇਕ ਤੇ ਪਾਰਟੀ ਦਾ ਸਾਬਕਾ ਵਿਧਾਇਕ ਵੀ ਸ਼ਾਮਿਲ ਹੈ ।ਆਯੁੱਧਿਆ ਵਿਕਾਸ ਅਥਾਰਟੀ ਦੇ ਵਾਈਸ ਚੇਅਰਮੈਨ ਵਿਸ਼ਾਲ ਸਿੰਘ ਨੇ ਦੱਸਿਆ ਕਿ ਅਥਾਰਟੀ ਵਲੋਂ ਬੀਤੇ ਦਿਨੀਂ ਜ਼ਮੀਨ ਦੇ ਗੈਰ-ਕਾਨੂੰਨੀ ਕਾਰੋਬਾਰ ਸ਼ਾਮਿਲ 40 ਦੋਸ਼ੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ।ਇਸ ਦੌਰਾਨ ਆਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਤੇ ਸਥਾਨਕ ਭਾਜਪਾ ਵਿਧਾਇਕ ਵੇਦ ਪ੍ਰਕਾਸ਼ ਗੁਪਤਾ ਨੇ ਸਾਜ਼ਿਸ਼ ਦਾ ਦੋਸ਼ ਲਗਾਉਂਦਿਆ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕੋਈ ਵੀ ਗਲਤ ਕੰਮ ਨਾ ਕਰਨ ਦਾ ਦਾਅਵਾ ਕੀਤਾ ਹੈ । ਇਸ ਸੂਚੀ 'ਚ ਭਾਜਪਾ ਦੇ ਮਿਲਕੀਪੁਰ ਤੋਂ ਸਾਬਕਾ ਵਿਧਾਇਕ ਗੋਰਖਨਾਥ ਬਾਬਾ ਦਾ ਨਾਂਅ ਵੀ ਸ਼ਾਮਿਲ ਹੈ ।ਇਸ ਮੁੱਦੇ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਭਗਵਾ ਪਾਰਟੀ ਦੇ ਭਿ੍ਸ਼ਟਾਚਾਰੀਆਂ ਨੂੰ ਘੱਟੋ-ਘੱਟ ਆਯੁੱਧਿਆ ਨੂੰ ਬਖਸ਼ਣ ਲਈ ਕਿਹਾ ਹੈ । ਆਯੁੱਧਿਆ ਤੋਂ ਲੋਕ ਸਭਾ ਸੰਸਦ ਮੈਂਬਰ ਲੱਲਨ ਸਿੰਘ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਸ ਮਾਮਲੇ ਦੀ ਜਾਂਚ ਐਸ.ਆਈ.ਟੀ. ਤੋਂ ਕਰਵਾਉਣ ਲਈ ਕਿਹਾ ਹੈ ।
Comments (0)