ਭਾਰਤੀ ਮੀਡੀਆ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਬੇਨਕਾਬ ਹੋਈ

ਭਾਰਤੀ ਮੀਡੀਆ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਬੇਨਕਾਬ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

6 ਜੂਨ ਨੂੰ ਘੱਲੂਘਾਰਾ ਜੂਨ 1984 (ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ) ਦੀ 36ਵੀਂ ਵਰ੍ਹੇਗੰਢ ਮੌਕੇ ਭਾਰਤੀ ਫੌਜਾਂ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀ ਯਾਦ ਵਿਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਉੱਠ ਖਾਲਿਸਤਾਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਸੀ ਕਿ ਸਮੁੱਚੀ ਦੁਨੀਆ ਵਿਚ ਵਸਦੇ ਸਿੱਖ ਖਾਲਿਸਤਾਨ (ਅਜ਼ਾਦ ਸਿੱਖ ਰਾਜ) ਬਣਾਉਣਾ ਚਾਹੁੰਦੇ ਹਨ। ਇਸ ਬਿਆਨ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਸਰਗਰਮ ਸਾਰੀਆਂ ਰਾਸ਼ਟਰਵਾਦੀ ਧਿਰਾਂ ਨੇ ਸਿੱਖਾਂ ਦੀ ਇਸ ਕੌਮੀ ਇੱਛਾ ਵਿਰੁੱਧ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਅਤੇ ਭਾਰਤੀ ਮੀਡੀਆ ਵੱਲੋਂ ਇਸ ਬਿਆਨ 'ਤੇ ਵਿਵਾਦ ਖੜ੍ਹਾ ਕਰਨ ਲਈ ਪੂਰੀ ਟਿੱਲ ਲਾਈ ਗਈ। 

ਇਹ ਬਿਆਨ ਹੈ ਵੀ ਭਾਰਤੀ ਸਟੇਟ ਲਈ ਵੱਡੀ ਚੁਣੌਤੀ ਸੀ ਕਿਉਂਕਿ ਸਿੱਖਾਂ ਲਈ ਇਹ ਬਿਆਨ ਅਕਾਲ ਤਖ਼ਤ ਸਾਹਿਬ ਤੋਂ ਇਕ ਵਾਰ ਫੇਰ ਖਾਲਿਸਤਾਨ ਦੀ ਹਮਾਇਤ ਵਜੋਂ ਦੇਖਿਆ ਗਿਆ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ 'ਤੇ ਲਗਾਤਾਰ ਦਬਾਅ ਬਣਾਇਆ ਗਿਆ ਜਿਸ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਉਹਨਾਂ ਬੀਤੇ ਕੱਲ੍ਹ ਇਸ ਸਾਰੇ ਮਸਲੇ ਬਾਰੇ ਹੋਰ ਵਿਸਥਾਰ ਵਿਚ ਆਪਣੇ ਵਿਚਾਰ ਆਪਣੇ ਫੇਸਬੁੱਕ ਪੇਜ ਰਾਹੀਂ ਲਿਖਤੀ ਬਿਆਨ ਵਜੋਂ ਸਾਂਝੇ ਕੀਤੇ। 


ਗਿਆਨੀ ਹਰਪ੍ਰੀਤ ਸਿੰਘ

ਇਸ ਬਿਆਨ ਨੂੰ ਹੂ-ਬ-ਹੂ ਨਾ ਛਾਪ ਕੇ ਭਾਰਤੀ ਰਾਸ਼ਟਰਵਾਦ ਦੇ ਝੰਡਾਬਰਦਾਰ ਪੰਜਾਬੀ ਮੀਡਆ ਅਦਾਰੇ ਜੱਗ ਬਾਣੀ ਅਤੇ ਏਬੀਪੀ ਸਾਂਝਾ ਨੇ ਗੁਮਰਾਹਕੁੰਨ ਸੁਰਖੀ ਨਾਲ ਤੋੜ-ਮਰੋੜ ਕੇ ਛਾਪਿਆ। ਇਹਨਾਂ ਅਖਬਾਰਾਂ ਨੇ ਸੁਰਖੀ ਬਣਾਈ ਕਿ ਗਿਆਨੀ ਹਰਪ੍ਰੀਤ ਸਿੰਘ ਖਾਲਿਸਤਾਨ ਦੀ ਹਮਾਇਤ ਵਾਲੇ ਆਪਣੇ ਬਿਆਨ ਤੋਂ ਮੁੱਕਰ ਗਏ ਹਨ। ਮਿਸਾਲ ਵਜੋਂ ਜੱਗ ਬਾਣੀ ਨੇ ਆਪਣੀ ਖਬਰ ਨੂੰ ਸੁਰਖੀ ਦਿੱਤੀ, "ਅਕਾਲ ਤਖ਼ਤ ਦੇ ਜਥੇਦਾਰ ਦਾ ਖਾਲਿਸਤਾਨ ਵਾਲੇ ਬਿਆਨ ਤੋਂ 'ਯੂ-ਟਰਨ'"; ਅਤੇ ਏਬੀਵੀ ਸਾਂਝਾ ਨੇ ਆਪਣੀ ਖਬਰ ਨੂੰ ਸੁਰਖੀ ਦਿੱਤੀ, "ਖ਼ਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦੇਣ ਵਾਲੇ ਜਥੇਦਾਰ ਦਾ ਪਲਟਿਆ ਬਿਆਨ"। 

ਇਹਨਾਂ ਸੁਰਖੀਆਂ ਦੀ ਸ਼ਰਾਰਤ ਨੰਗੀ ਕਰਨ ਤੋਂ ਪਹਿਲਾਂ ਆਓ ਅਸੀਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਬਿਆਨ ਪੜ੍ਹ ਲੈਂਦੇ ਹਾਂ: 

"ਕੇਂਦਰ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜਾਦੀ ਉਪਰੰਤ ਕੀਤੇ ਗਏ ਵਿਸਾਹਘਾਤਾਂ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੇਮੀ ਰਾਜ ਦੇ ਸੰਕਲਪ ਨੂੰ ਤਰਜ਼ੀਹ ਦਿੱਤੀ।ਇਹ ਸਿੱਖਾਂ ਅੰਦਰ ਪੈਦਾ ਹੋਇਆ ਆਪ ਮੁਹਾਰਾ ਸੰਘਰਸ਼ ਜਾਂ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਅ ਨਹੀਂ ਸੀ ਬਲਕਿ ਸਰਕਾਰੀ ਧੱਕੇਸ਼ਾਹੀਆਂ ਦਾ ਪ੍ਰਤੀਕ੍ਰਮ ਸੀ।ਜੇਕਰ ਪੰਜਾਬ ਨੇ ਏਨਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ ਤਾਂ ਅਤਿਵਾਦ ਦੇ ਨਾਮ ਹੇਠ ਹਕੂਮਤੀ ਜਬਰ ਦੁਆਰਾ ਕੀਤਾ ਗਿਆ ਸਿੱਖਾਂ ਦਾ ਨਸਲਘਾਤ ਇਸ ਦਾ ਪ੍ਰਮੁੱਖ ਜਿੰਮੇਵਾਰ ਹੈ।ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੁਢਾਪੇ ਦੇ ਸਹਾਰੇ ਨੂੰ ਨਕਲੀ ਪੁਲਸ ਮੁਕਾਬਲਿਆਂ ਵਿਚ ਖਤਮ ਕਰਕੇ ਉਸ ਦੀ ਲਾਸ਼ ਤੱਕ ਨਾ ਦਿੱਤੀ ਜਾਵੇ ਅਤੇ ਅਣਪਛਾਤਾ ਅਤਿਵਾਦੀ ਕਹਿ ਕੇ ਸਮੇਂ ਦੀ ਧੂੜ ਵਿਚ ਦਫਨ ਕਰ ਦਿੱਤਾ ਜਾਵੇ।ਗੁਰਬਾਣੀ ਦੁਆਰਾ ਦਿੱਤੇ ਸੰਕਲਪ ਅਨੁਸਾਰ ਬੇਗਮਪੁਰਾ ਜਾਂ ਹਲੇਮੀ ਰਾਜ ਸਿੱਖ ਕੌਮ ਦਾ ਜਨਮ ਸਿਧ ਅਧਿਕਾਰ ਹੈ ਅਤੇ ਵੱਖ ਵੱਖ ਸਮਿਆਂ ਵਿੱਚ ਸਿੱਖ ਆਗੂਆਂ ਨੇ ਜਮਹੂਰੀ ਢਾਂਚੇ ਵਿੱਚ ਰਹਿ ਕੇ ਇਸ ਦੀ ਪ੍ਰਾਪਤੀ ਅਤੇ ਰੂਪਰੇਖਾ ਬਾਰੇ ਅਨੇਕਾਂ ਵਾਰ ਬਿਆਨ ਵੀ ਦਿੱਤੇ ਹਨ ਅਤੇ ਅਨੇਕਾਂ ਸੈਮੀਨਾਰ ਅਤੇ ਗੋਸ਼ਟੀਆਂ ਵੀ ਹੋ ਚੁੱਕੀਆਂ ਹਨ।

ਬੇਸ਼ਕ ਕਈ ਸਿਆਸੀ ਆਗੂ ਮੇਰੇ ਵਲੋਂ ਦਿਤੇ ਗਏ ਬਿਆਨ ਬਾਰੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਪਰ ਇਹਨਾਂ ਦੇ ਹੀ ਮੋਢੀ ਆਗੂਆਂ ਨੇ ਕਿਸੇ ਸਮੇ ਸਿੱਖ ਸਟੇਟ ਦੀ ਮੰਗ ਨੂੰ ਜਾਇਜ਼ ਠਹਿਰਾਇਆ ਸੀ।ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਉਪਰ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਵਹਿਸ਼ੀ ਕਤਲੇਆਮ ਨੇ ਸਿੱਖਾਂ ਅੰਦਰ ਹਲੇਮੀ ਰਾਜ ਦੇ ਸੰਕਲਪ ਨੂੰ ਹੋਰ ਉਤਸ਼ਾਹਿਤ ਕੀਤਾ। ਭਾਵੇਂ ਕਿ ਕਈ ਗ਼ੈਰਸਿੱਖ ਰਾਜਨੀਤਕ ਆਗੂਆਂ ਨੇ ਵੀ ਇਸ ਸਰਕਾਰੀ ਹਮਲਾਵਰ ਨੀਤੀ ਦੀ ਵਿਰੋਧਤਾ ਕੀਤੀ ਪਰ ਅਜੇ ਤੱਕ ਕੇਂਦਰ ਹਕੂਮਤ ਵਲੋਂ ਕੋਈ ਸੁਹਿਰਦ ਉਪਰਾਲਾ ਨਹੀਂ ਕੀਤਾ ਗਿਆ ਕਿ ਸਿੱਖਾਂ ਦੀ ਹੱਕੀ ਮੰਗਾਂ ਨੂੰ ਪ੍ਰਵਾਨਗੀ ਦੇ ਕੇ ਉਹਨਾਂ ਦੇ ਰਿੱਸਦੇ ਜਖਮਾਂ ਉਪਰ ਮਲਹਮ ਲਗਾਈ ਜਾ ਸਕੇ।

ਗੁਰਮਤਿ ਵਿਚਾਰਧਾਰਾ ਅਨੁਸਾਰ ਹਲੇਮੀ ਰਾਜ ਜਾਂ ਬੇਗਮਪੁਰੇ ਦਾ ਸੰਕਲਪ ਸਿੱਖ ਭਾਵਨਾਵਾਂ ਦੀ ਪੂਰਨ ਤਰਜਮਾਨੀ ਕਰਦਾ ਹੈ ਅਤੇ ਭਾਰਤੀ ਸੰਵਧਾਨ ਵੀ ਹਰ ਸਿੱਖ ਨੂੰ ਇਹ ਹਕੂਕ ਪ੍ਰਦਾਨ ਕਰਦਾ ਹੈ ਕਿ ਜਮਹੂਰੀ ਢਾਂਚੇ ਅੰਦਰ ਅਸੀਂ ਇਸ ਸੰਘਰਸ਼ ਨੂੰ ਰਾਜਨੀਤਕ ਪੱਧਰ ਉਪਰ ਸ਼ਾਂਤਮਈ ਢੰਗ ਨਾਲ ਅੱਗੇ ਤੋਰੀਏ।

ਇਸ ਦੇ ਨਾਲ ਹੀ ਮੇਰੀ ਸਿੱਖ ਨੌਜਵਾਨੀ ਨੂੰ ਸਨਿਮਰ ਅਪੀਲ ਹੈ ਕਿ ਉਹ ਅਜਿਹਾ ਰਾਜਨੀਤਕ ਮੁਹਾਜ ਸਿਰਜਣ ਜਿਸ ਨਾਲ ਪੰਜਾਬ ਨੂੰ ਹਕੂਮਤੀ ਜਬਰ, ਸਰਕਾਰੀ ਸਾਜਿਸ਼ਾਂ ਅਤੇ ਨੌਜਵਾਨੀ ਨੂੰ ਗੁਮਰਾਹ ਕਰਕੇ ਉਹਨਾਂ ਦਾ ਕਤਲੇਆਮ ਕਰਵਾਉਣ ਦੀ ਸਾਜਿਸ਼ ਰਚ ਰਹੀਆਂ ਤਾਕਤਾਂ ਤੋਂ ਬਚਾਇਆ ਜਾ ਸਕੇ।ਸਿੱਖ ਨੌਜਵਾਨ ਅਜਿਹੇ ਹੱਥਕੰਢਿਆਂ ਤੋਂ ਵਿਸ਼ੇਸ਼ ਰੂਪ ਵਿੱਚ ਸੁਚੇਤ ਰਹਿਣ ਜੋ ਹਿੰਸਕ ਪ੍ਰਵਰਿਤੀ ਨੂੰ ਉਕਸਾ ਕੇ ਇਹਨਾਂ ਦਾ ਕਤਲੇਆਮ ਕਰਵਾ ਕੇ ਆਪ ਰਾਜਸੀ ਗੱਦੀਆਂ ਅਤੇ ਸਸਤੀ ਸ਼ੋਹਰਤ ਦਾ ਆਨੰਦ ਮਾਨਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਅਜੋਕੇ ਸਮੇ ਅੰਦਰ ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਆਰਥਿਕ ਤੌਰ ਤੇ ਸੰਪੰਨ ਹੋਣ ਦੇ ਨਾਲ ਨਾਲ ਧਾਰਮਿਕ ਤੇ ਰਾਜਨੀਤਕ ਤੌਰ ਤੇ ਚੇਤੰਨ ਹੋਣ ਦੀ ਵਧੇਰੇ ਲੋੜ ਹੈ। 

ਹੁਣ ਤੱਕ ਇਹ ਸਾਬਤ ਹੋ ਚੁੱਕਾ ਹੈ ਕਿ ਉਸ ਵੇਲੇ ਦੀ ਸਰਕਾਰ ਨੇ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਖਿਲਾਫ ਨਫਰਤੀ ਬਿਆਨੀਆ ਮਾਹੌਲ ਸਿਰਜਿਆ ਤੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ

ਇਕ ਪਾਸੇ ਜਿਹੜੇ ਹੁਣ ਵੀ ਸਿੱਖਾਂ ਖਿਲਾਫ ਅੱਗ ਉਗਲ ਰਹੇ ਨੇ ਇਹ ਉਸੇ ਨਫਰਤੀ ਸਿਆਸਤ ਵਾਲੀ ਸਰਕਾਰੀ ਦਹਿਸ਼ਤਗਰਦੀ ਦੇ ਪੈਰੋਕਾਰ ਨੇ ਅਤੇ ਦੂਜੇ ਪਾਸੇ ਕਈ ਸਿੱਖ ਵਿਰੋਧੀ ਏਜੰਸੀਆਂ ਦੇ ਐਸੇ ਕਰਿੰਦੇ ਹਨ ਜੋ ਅਜਿਹੇ ਅਰਥ ਭਰਪੂਰ ਬਿਆਨਾਂ ਦੇ ਗਲਤ ਅਰਥ ਕਰਕੇ ਸਿੱਖ ਨੌਜਵਾਨੀ ਨੂੰ ਭੜਕਾ ਕੇ ਫਿਰ ਵਹਿਸ਼ਤ ਅਤੇ ਦਹਿਸ਼ਤ ਦੇ ਮਾਹੌਲ ਵਿਚ ਧਕੇਲ ਕੇ ਉਹਨਾਂ ਦੀ ਨਸਲਕੁਸ਼ੀ ਉਪਰ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਏ ਰਾਹੀਂ ਸਿੱਖ ਨੌਜਵਾਨੀ ਨੂੰ ਭੜਕਾ ਰਹੇ ਹਨ।

ਸਿੱਖਾਂ ਨੇ ਹਮੇਸ਼ਾ ਇਹੀ ਚਾਹਿਆ ਹੈ ਕਿ ਉਨ੍ਹਾਂ ਨਾਲ ਬਰਾਬਰੀ ਅਤੇ ਨਿਆਂ ਵਾਲਾ ਸਲੂਕ ਹੋਵੇ।ਕਿਉਂਕਿ ਕਿ ਉਹ ਵੀ ਦੂਜਿਆਂ ਨਾਲ ਅਜਿਹਾ ਸਲੂਕ ਕਰਨਾ ਚਾਹੁੰਦੇ ਨੇ। ਸਿੱਖਾਂ ਨੇ ਅਜਿਹਾ ਮਿਸਲਾਂ ਦੀ ਚੜ੍ਹਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਰ ਕੇ ਦਿਖਾਇਆ ਹੈ ਪਰ ਇਸ ਵਿਚਾਰ ਨੂੰ ਵੱਖਵਾਦੀ ਅਤੇ ਅੱਤਵਾਦੀ ਲਕਬ ਦੇ ਕੇ ਸਿੱਖਾਂ ਨਾਲ ਨਸਲੀ ਵਿਤਕਰਾ ਸ਼ੁਰੂ ਤੋਂ ਕੀਤਾ ਗਿਆ ਹੈ। ਇਹ ਠੀਕ ਹੈ ਕਿ ਭਾਰਤ ਵਿੱਚ ਹੋਰ ਲੋਕਾਂ ਨਾਲ ਵੀ ਪੱਖਪਾਤ ਹੋ ਰਿਹਾ। ਅਜਿਹੇ ਵਿਚ ਕੀ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਅਸੀਂ ਆਪਣੇ ਨਾਲ ਹੋਏ ਧੱਕੇ ਬਾਰੇ ਸਿਆਸੀ ਤੌਰ 'ਤੇ ਚੇਤਨ ਹਾਂ

ਇਹ ਗੱਲ ਠੀਕ ਐ ਕਿ ਸਿੱਖਾਂ ਨੂੰ ਸਿਰਫ ਅਤੇ ਸਿਰਫ ਖਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ।‌ ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਏ ਅਤੇ ਇਸ ਵਿਚਾਰ ਨੇ ਦੁਨੀਆਂ ਵਿੱਚ ਠੰਡ ਵਰਤਾਉਣੀ ਏ। ਅਸਲ ਵਿੱਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰੋਪੇਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਕੁਝ ਸਿੱਖ ਨੌਜਵਾਨੀ ਦੇ ਖੂਨ ਦੇ ਪਿਆਸੇ ਲੋਕ ਉਹਨਾਂ ਨੂੰ ਸੋਸ਼ਲ ਮੀਡੀਏ ਉਪਰ ਭੜਕਾ ਕੇ ਆਪਣੇ ਆਕਾਵਾਂ ਦੀ ਰਜ਼ਾਪੂਰਤੀ ਕਰਨਾ ਚਾਹੁੰਦੇ ਹਨ ।ਅਜਿਹੇ ਲੋਕਾਂ ਤੋਂ ਸੁਚੇਤ ਰਹਿ ਕੇ ਜਮਹੂਰੀ ਢਾਂਚੇ ਅੰਦਰ ਇਕ ਰਾਜਸੀ ਲਹਿਰ ਸਿਰਜਣ ਦੀ ਲੋੜ ਹੈ ਕਿ ਪੰਜਾਬ ਦੇ ਖਿੱਤੇ ਵਿੱਚ ਹਰ ਵਰਗ ਦੇ ਲੋਕ ਸ਼ੇਰ ਏ ਪੰਜਾਬ ਵਰਗੇ ਰਾਜ ਦਾ ਅਨੰਦ ਮਾਣ ਸਕਣ।"

ਇਸ ਉਪਰੋਕਤ ਬਿਆਨ ਵਿਚ ਕੋਈ ਵੀ ਸ਼ਬਦ ਖਾਲਿਸਤਾਨ ਦੇ ਵਿਰੁੱਧ ਨਹੀਂ ਲਿਖਿਆ ਗਿਆ ਅਤੇ ਨਾ ਹੀ ਕਿਸੇ ਸ਼ਬਦ ਰਾਹੀਂ ਖਾਲਿਸਤਾਨ ਦੀ ਹਮਾਇਤ ਦਾ ਵਿਰੋਧ ਕੀਤਾ ਗਿਆ। ਖਾਲਿਸਤਾਨ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਜ਼ਰੂਰ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ, "ਗੁਰਬਾਣੀ ਦੁਆਰਾ ਦਿੱਤੇ ਸੰਕਲਪ ਅਨੁਸਾਰ ਬੇਗਮਪੁਰਾ ਜਾਂ ਹਲੇਮੀ ਰਾਜ ਸਿੱਖ ਕੌਮ ਦਾ ਜਨਮ ਸਿਧ ਅਧਿਕਾਰ ਹੈ ਅਤੇ ਵੱਖ ਵੱਖ ਸਮਿਆਂ ਵਿੱਚ ਸਿੱਖ ਆਗੂਆਂ ਨੇ ਜਮਹੂਰੀ ਢਾਂਚੇ ਵਿੱਚ ਰਹਿ ਕੇ ਇਸ ਦੀ ਪ੍ਰਾਪਤੀ ਅਤੇ ਰੂਪਰੇਖਾ ਬਾਰੇ ਅਨੇਕਾਂ ਵਾਰ ਬਿਆਨ ਵੀ ਦਿੱਤੇ ਹਨ ਅਤੇ ਅਨੇਕਾਂ ਸੈਮੀਨਾਰ ਅਤੇ ਗੋਸ਼ਟੀਆਂ ਵੀ ਹੋ ਚੁੱਕੀਆਂ ਹਨ।"

ਇਸ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜਾਦੀ ਉਪਰੰਤ ਕੀਤੇ ਗਏ ਵਿਸਾਹਘਾਤਾਂ ਦਾ ਜ਼ਿਕਰ ਕੀਤਾ। 

ਆਪਣੇ ਬਿਆਨ ਵਿਚ ਸਿੱਖ ਸਟੇਟ ਦੀ ਇੱਛਾ ਨੂੰ ਮੁੜ ਪ੍ਰਗਟ ਕਰਦਿਆਂ ਉਹਨਾਂ ਕਿਹਾ, "ਗੁਰਮਤਿ ਵਿਚਾਰਧਾਰਾ ਅਨੁਸਾਰ ਹਲੇਮੀ ਰਾਜ ਜਾਂ ਬੇਗਮਪੁਰੇ ਦਾ ਸੰਕਲਪ ਸਿੱਖ ਭਾਵਨਾਵਾਂ ਦੀ ਪੂਰਨ ਤਰਜਮਾਨੀ ਕਰਦਾ ਹੈ ਅਤੇ ਭਾਰਤੀ ਸੰਵਧਾਨ ਵੀ ਹਰ ਸਿੱਖ ਨੂੰ ਇਹ ਹਕੂਕ ਪ੍ਰਦਾਨ ਕਰਦਾ ਹੈ ਕਿ ਜਮਹੂਰੀ ਢਾਂਚੇ ਅੰਦਰ ਅਸੀਂ ਇਸ ਸੰਘਰਸ਼ ਨੂੰ ਰਾਜਨੀਤਕ ਪੱਧਰ ਉਪਰ ਸ਼ਾਂਤਮਈ ਢੰਗ ਨਾਲ ਅੱਗੇ ਤੋਰੀਏ।"

ਇਸ ਤੋਂ ਇਲਾਵਾ ਉਹਨਾਂ ਕਿਹਾ, "ਇਹ ਗੱਲ ਠੀਕ ਐ ਕਿ ਸਿੱਖਾਂ ਨੂੰ ਸਿਰਫ ਅਤੇ ਸਿਰਫ ਖਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ।‌ ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਏ ਅਤੇ ਇਸ ਵਿਚਾਰ ਨੇ ਦੁਨੀਆਂ ਵਿੱਚ ਠੰਡ ਵਰਤਾਉਣੀ ਏ।" ਇਹਨਾਂ ਸਤਰਾਂ ਤੋਂ ਸਪਸ਼ਟ ਰੂਪ ਵਿਚ ਉਹ ਖਾਲਿਸਤਾਨ (ਅਜ਼ਾਦ ਰਾਜ) ਦੇ ਵਿਚਾਰ ਨੂੰ ਸਿੱਖੀ ਦਾ ਇਕ ਅਹਿਮ ਹਿੱਸਾ ਮੰਨ ਰਹੇ ਹਨ। 

ਉਹਨਾਂ ਕਿਹਾ, "ਅਸਲ ਵਿੱਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰੋਪੇਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਕੁਝ ਸਿੱਖ ਨੌਜਵਾਨੀ ਦੇ ਖੂਨ ਦੇ ਪਿਆਸੇ ਲੋਕ ਉਹਨਾਂ ਨੂੰ ਸੋਸ਼ਲ ਮੀਡੀਏ ਉਪਰ ਭੜਕਾ ਕੇ ਆਪਣੇ ਆਕਾਵਾਂ ਦੀ ਰਜ਼ਾਪੂਰਤੀ ਕਰਨਾ ਚਾਹੁੰਦੇ ਹਨ।" ਇਸ ਤੋਂ ਸਪਸ਼ਟ ਹੈ ਕਿ ਖਾਲਿਸਤਾਨ ਬਾਰੇ ਭਾਰਤੀ ਸਰਕਾਰੀ ਮਸ਼ਨੀਰੀ ਵੱਲੋਂ ਸਿਰਜੇ ਜਾ ਰਹੇ ਵਿਚਾਰ ਨਾਲ ਉਹ ਅਸਹਿਮਤ ਹਨ ਪਰ ਖਾਲਿਸਤਾਨ ਨਾਲ ਅਸਹਿਮਤੀ ਬਾਰੇ ਕੋਈ ਸ਼ਬਦ ਨਹੀਂ ਕਿਹਾ ਗਿਆ। 

ਅਖੀਰ ਵਿਚ ਉਹਨਾਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਰਗਾ ਰਾਜ ਸਿਰਜਣ ਲਈ ਰਾਜਸੀ ਲਹਿਰ ਸਿਰਜਣ ਲਈ ਕਿਹਾ।

ਇਹਨਾਂ ਸਾਰੀਆਂ ਗੱਲਾਂ ਤੋਂ ਕਿਸੇ ਵੀ ਸ਼ਬਦ ਵਿਚ ਖਾਲਿਸਤਾਨ ਬਾਰੇ ਅਸਹਿਮਤੀ ਪ੍ਰਗਟ ਨਹੀਂ ਹੋ ਰਹੀ, ਬਲਕਿ ਸਿੱਖ ਰਾਜ ਦੀ ਸਥਾਪਨਾ ਲਈ ਯਤਨ ਕਰਨ ਦਾ ਸੁਨੇਹਾ ਹੀ ਦਿੱਤਾ ਗਿਆ ਹੈ। 

ਪਰ ਉਪਰੋਕਤ ਮੀਡੀਆ ਅਦਾਰਿਆ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਗਲਤ ਸੁਰਖੀਆਂ ਨਾਲ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। 

ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਟਿੱਪਣੀ ਕਰਦਿਆਂ ਲਿਖਿਆ, "ਇਸ ਖਬਰ ਨੂੰ ਪੜ ਕੇ ਅੱਜ ਆਪਣੀ ਬੇਵਸੀ ਦਾ ਖਿਆਲ ਆਉਂਦਾ ਕਿ ਅਸੀ ਅਪਣਾ ਮੀਡੀਆ ਮਜਬੂਤ ਨਹੀ ਕਰ ਸਕਦੇ। ਇਹ ਹੈਡਿੰਗ ਇਮੇਜ ਨੂੰ ਖਰਾਬ ਕਰਨ ਤੋਂ ਵੱਧ ਕੁਝ ਵੀ ਨਹੀ। Jagbani News: ਅਕਾਲ ਤਖਤ ਦੇ ਜਥੇਦਾਰ ਦਾ ਖਾਲਿਸਤਾਨ ਵਾਲੇ ਬਿਆਨ ਤੋਂ 'ਯੂ-ਟਰਨ'।"
 

ਜਗ ਬਾਣੀ ਵੱਲੋਂ ਆਪਣੀ ਖਬਰ ਵਿਚ ਲਿਖਿਆ ਗਿਆ, "ਟਵਿੱਟਰ ਤੇ ਸਿੱਖਾਂ ਨੇ ਪੰਨੂ 'ਤੇ ਬੋਲਿਆ ਹਮਲਾ"। ਇਸ ਸਿਰਲੇਖ ਹੇਠ ਵਿਸਥਾਰ ਕਰਦਿਆਂ ਜਗ ਬਾਣੀ ਅਖਬਾਰ ਨੇ ਇਸ ਹਮਲੇ ਲਈ 'ਰੀਸਰਜੇਂਟ ਪੰਜਾਬ' ਨਾਂ ਦੇ ਟਵਿੱਟਰ ਖਾਤੇ ਨੂੰ ਅਧਾਰ ਬਣਾਇਆ। ਇਹ ਰੀਸਰਜੇਂਟ ਨਾਂ ਦਾ ਟਵਿੱਟਰ ਖਾਤਾ ਨਵੰਬਰ 2019 ਵਿਚ ਸ਼ੁਰੂ ਹੋਇਆ, ਜਿਸਦੀ ਆਪਣੀ ਕੋਈ ਪਛਾਣ ਨਹੀਂ ਹੈ। ਇਸ ਖਾਤੇ ਤੋਂ ਸਿੱਖ ਹੱਕਾਂ ਲਈ ਅਵਾਜ਼ ਚੁੱਕਣ ਵਾਲੀਆਂ ਸੰਸਥਾਵਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਖਾਤੇ ਨੇ ਨਿਸ਼ਾਨੇ 'ਤੇ ਖਾਸਕਰਕੇ ਵਿਦੇਸ਼ਾਂ ਵਿਚ ਸਿੱਖਾਂ ਲਈ ਅਵਾਜ਼ ਚੁੱਕਦੀਆਂ ਸਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਭੰਡਿਆ ਜਾਂਦਾ ਹੈ। ਇਸ ਬੇਪਛਾਣ ਖਾਤੇ ਨੂੰ ਅਧਾਰ ਬਣਾ ਕੇ ਜਗ ਬਾਣੀ ਨੇ ਬੜੇ ਸ਼ਰਾਰਤੀ ਢੰਗ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਖਾਲਿਸਤਾਨ ਦੀ ਅਕਾਲ ਤਖ਼ਤ ਸਾਹਿਬ ਤੋਂ ਹਮਾਇਤ ਹੋਣ ਤੋਂ ਬਾਅਦ ਸਿੱਖ ਨਰਾਜ਼ ਸੀ।