ਭਾਰਤ ਸਰਕਾਰ ਨੇ ਕਿਸਾਨਾਂ ਨਾਲ ਮੁਲਾਕਾਤ ਨੂੰ ਸਫਲ ਐਲਾਨਿਆ; ਕਿਹੜੇ ਮੰਗ ਪੱਤਰ ਦੇ ਕੇ ਆਈਆਂ ਕਿਸਾਨ ਜਥੇਬੰਦੀਆਂ?

ਭਾਰਤ ਸਰਕਾਰ ਨੇ ਕਿਸਾਨਾਂ ਨਾਲ ਮੁਲਾਕਾਤ ਨੂੰ ਸਫਲ ਐਲਾਨਿਆ; ਕਿਹੜੇ ਮੰਗ ਪੱਤਰ ਦੇ ਕੇ ਆਈਆਂ ਕਿਸਾਨ ਜਥੇਬੰਦੀਆਂ?

ਅੰਮ੍ਰਿਤਸਰ ਟਾਈਮਜ਼ ਬਿਊਰੋ

14 ਅਕਤੂਬਰ ਨੂੰ ਭਾਰਤ ਸਰਕਾਰ ਦੇ ਸੱਦੇ 'ਤੇ ਦਿੱਲੀ ਬੈਠਕ ਲਈ ਗਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਵੇਂ ਕਿ ਸਰਕਾਰ 'ਤੇ ਕਿਸਾਨੀ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਉਂਦਿਆਂ ਬੈਠਕ ਦਾ ਬਾਈਕਾਟ ਕਰ ਦਿੱਤਾ ਸੀ ਅਤੇ ਬੈਠਕ ਤੋਂ ਬਾਹਰ ਆ ਕੇ ਭਾਰਤੀ ਕਾਨੂੰਨ ਪਾੜ੍ਹ ਦਿੱਤੇ ਸੀ ਪਰ ਭਾਰਤ ਸਰਕਾਰ ਵੱਲੋਂ ਇਸ ਬੈਠਕ ਸਬੰਧੀ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ 29 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਖੇਤੀਬਾੜੀ ਸਕੱਤਰ ਦੀ ਦੋ ਘੰਟੇ ਗੱਲਬਾਤ ਹੋਈ ਅਤੇ ਇਹ ਗੱਲਬਾਤ ਵਿਚ ਕਿਸਾਨੀ ਨਾਲ ਸਬੰਧਿਤ ਕਈ ਮਸਲੇ ਵਿਚਾਰੇ ਗਏ। 

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋ ਘੰਟੇ ਦੀ ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਕੱਤਰ ਨੂੰ ਦੋ ਮੰਗ ਪੱਤਰ ਵੀ ਦਿੱਤੇ। 

ਸਰਕਾਰ ਨੇ ਆਪਣੇ ਇਸ ਬਿਆਨ ਰਾਹੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਗੰਭੀਰ ਹੈ ਅਤੇ ਕਿਸਾਨਾਂ ਦੇ ਭਲੇ ਲਈ ਯਤਨਸ਼ੀਲ ਹੈ। 

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਉਹਨਾਂ ਦੀ ਬੈਠਕ ਭਾਰਤ ਸਰਕਾਰ ਦੇ ਕਿਸੇ ਕੇਂਦਰੀ ਮੰਤਰੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਵਾਈ ਜਾਵੇ। ਪਰ ਬੈਠਕ ਵਿਚ ਸਿਰਫ ਸਕੱਤਰ ਦੇ ਸ਼ਾਮਲ ਹੋਣ 'ਤੇ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਆਪਣੀ ਤੌਹੀਨ ਮੰਨਿਆ ਸੀ। 

ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਵਾਰਤਾ ਨਾਕਾਮ ਰਹਿਣ ਮਗਰੋਂ ਕੇਂਦਰ ਸਰਕਾਰ ਨਾਲ ਸਿੱਧਾ ਆਢਾ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਿਸੇ ਵੀ ਤਰ੍ਹਾਂ ਦੇ ਬਿੱਲ ’ਤੇ ਦਸਤਖ਼ਤ ਕਰਨ ਤੋਂ ਨਾਂਹ ਨੁੱਕਰ ਕੀਤੀ ਤਾਂ ਉਨ੍ਹਾਂ ਦਾ ਵੀ ਘਿਰਾਓ ਕੀਤਾ ਜਾਵੇਗਾ।

ਕਿਸਾਨ ਜਥੇਬੰਦੀਆਂ ਨੇ 15 ਅਕਤੂਬਰ ਨੂੰ ਚੰਡੀਗੜ੍ਹ ਵਿਚ ਬੈਠਕ ਕਰਕੇ ਰੇਲ ਮਾਰਗਾਂ ’ਤੇ ਲੱਗੇ ਨਾਕੇ 20 ਅਕਤੂਬਰ ਤੱਕ ਵਧਾਉਣ, 17 ਅਕਤੂਬਰ ਨੂੰ ਪੰਜਾਬ ਭਰ ’ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ, ਭਾਜਪਾ ਦੇ ਪੰਜਾਬ ਵਿਚਲੇ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਵਧਾਉਣ ਅਤੇ ਤਹਿਸੀਲ ਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਬਿੱਲਾਂ ਦੇ ਪੱਖ ’ਚ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਕਿਸਾਨਾਂ ਨੇ ਪੰਜਾਬ ਸਰਕਾਰ ਦਾ ਰੁਖ਼ ਦੇਖਣ ਲਈ ਵਿਧਾਨ ਸਭਾ ਦੇ ਸੈਸ਼ਨ ’ਤੇ ਟੇਕ ਰੱਖੀ ਹੋਈ ਹੈ। ਜਥੇਬੰਦੀਆਂ ਵੱਲੋਂ ਅੰਦੋਲਨ ਦੀ ਸਮੀਖਿਆ ਕਰਨ ਲਈ 20 ਅਕਤੂਬਰ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ। 

ਪਹਿਲੀ ਅਕਤੂਬਰ ਤੋਂ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ 150 ਦੇ ਕਰੀਬ ਥਾਵਾਂ ’ਤੇ ਧਰਨਾ ਲਾਇਆ ਹੋਇਆ ਹੈ। ਕਿਸਾਨਾਂ ਵੱਲੋਂ ਰੇਲ ਮਾਰਗਾਂ, ਭਾਜਪਾ ਆਗੂਆਂ ਦੇ ਘਰਾਂ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਅਤੇ ਟੌਲ ਪਲਾਜ਼ਿਆਂ ਅੱਗੇ ਮੁਜ਼ਾਹਰੇ ਜਾਰੀ ਹਨ। ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਰੇਲ ਲਾਈਨਾਂ ’ਤੇ 24 ਸਤੰਬਰ ਤੋਂ ਲਾਏ ਪੱਕੇ ਮੋਰਚੇ ਵੀ ਜਾਰੀ ਹਨ। ਕਿਸਾਨਾਂ ਦਾ ਅੰਦੋਲਨ ਹੋਰ ਵੀ ਲੰਮਾ ਚੱਲਣ ਦੇ ਆਸਾਰ ਬਣਦੇ ਜਾ ਰਹੇ ਹਨ।