ਜੰਮੂ ਕਸ਼ਮੀਰ ਦੀਆਂ ਹਿੰਦ-ਨਵਾਜ਼ ਪਾਰਟੀਆਂ ਨੇ ਖਾਸ ਸੰਵਿਧਾਨਕ ਦਰਜਾ ਬਹਾਲ ਕਰਾਉਣ ਲਈ ਗਠਜੋੜ ਬਣਾਇਆ

ਜੰਮੂ ਕਸ਼ਮੀਰ ਦੀਆਂ ਹਿੰਦ-ਨਵਾਜ਼ ਪਾਰਟੀਆਂ ਨੇ ਖਾਸ ਸੰਵਿਧਾਨਕ ਦਰਜਾ ਬਹਾਲ ਕਰਾਉਣ ਲਈ ਗਠਜੋੜ ਬਣਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜੰਮੂ ਕਸ਼ਮੀਰ ਵਿਚ ਹਿੰਦ-ਨਵਾਜ਼ ਸਿਆਸਤ ਕਰਨ ਵਾਲੀਆਂ ਸਿਆਸੀ ਧਿਰਾਂ ਨੇ ਇਕਜੁੱਟ ਹੋ ਕੇ ਹੁਣ ਧਾਰਾ 370 ਟੁੱਟਣ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਾਉਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ 5 ਅਗਸਤ 2019 ਨੂੰ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਖਾਸ ਤਾਕਤਾਂ ਦਿੰਦੀ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਵਿਰੋਧ ਨੂੰ ਦਬਾਉਣ ਲਈ ਵੱਡੇ ਪੱਧਰ 'ਤੇ ਸਿਆਸੀ ਆਗੂਆਂ ਅਤੇ ਆਮ ਕਸ਼ਮੀਰੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੂੰ ਬੀਤੇ ਦਿਨੀਂ ਹੀ ਲੰਮੀ ਹਿਰਾਸਤ ਮਗਰੋਂ ਰਿਹਾਅ ਕੀਤਾ ਗਿਆ। 

ਵੀਰਵਾਰ ਵਾਲੇ ਦਿਨ ਸ੍ਰੀਨਗਰ ਵਿਚ ਇਹਨਾਂ ਪਾਰਟੀਆਂ ਦੇ ਆਗੂਆਂ ਦੀ ਅਹਿਮ ਬੈਠਕ ਹੋਈ ਜਿਸ ਵਿਚ ਸੂਬੇ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਇੱਕ ਗੱਠਜੋੜ ਬਣਾਇਆ ਗਿਆ। ਇਹ ਗੱਠਜੋੜ ਇਸ ਮੁੱਦੇ ’ਤੇ ਸਾਰੀਆਂ ਸਬੰਧਤ ਧਿਰਾਂ ਨਾਲ ਵਾਰਤਾ ਵੀ ਸ਼ੁਰੂ ਕਰੇਗਾ।

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ, ਪੀਪਲਜ਼ ਮੂਵਮੈਂਟ ਦੇ ਆਗੂ ਜਾਵੇਦ ਮੀਰ ਤੇ ਸੀਪੀਆਈ (ਐੱਮ) ਦੇ ਆਗੂ ਮੁਹੰਮਦ ਯੂਸਫ਼ ਤਰੀਗਾਮੀ ਹਾਜ਼ਰ ਹੋਏ। ਤਕਰੀਬਨ ਦੋ ਘੰਟੇ ਚੱਲੀ ਮੀਟਿੰਗ ਮਗਰੋਂ ਫਾਰੂਕ ਅਬਦੁੱਲ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਆਗੂਆਂ ਨੇ ਗੱਠਜੋੜ ਬਣਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਦਾ ਨਾਂ ‘ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ’ ਰੱਖਿਆ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਨੇ ਕਿਹਾ ਕਿ ਗੱਠਜੋੜ ਜੰਮੂ ਕਸ਼ਮੀਰ ਦੇ ਸਬੰਧ ’ਚ ਸੰਵਿਧਾਨਕ ਸਥਿਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰੇਗਾ ਜਿਵੇਂ ਕਿ ਪਿਛਲੇ ਸਾਲ ਪੰਜ ਅਗਸਤ ਤੋਂ ਪਹਿਲਾਂ ਸੀ। 

ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ਤੇ ਲੱਦਾਖ ਤੋਂ ਜੋ ਖੋਹ ਲਿਆ ਗਿਆ ਹੈ, ਉਸ ਦੀ ਬਹਾਲੀ ਲਈ ਅਸੀਂ ਸੰਘਰਸ਼ ਕਰਾਂਗੇ। ਸਾਡੀ ਸੰਵਿਧਾਨਕ ਲੜਾਈ ਹੈ। ਅਸੀਂ (ਜੰਮੂ ਕਸ਼ਮੀਰ ਦੇ ਸਬੰਧ ’ਚ) ਸੰਵਿਧਾਨ ਦੀ ਬਹਾਲੀ ਲਈ ਕੋਸ਼ਿਸ਼ਾਂ ਕਰਾਂਗੇ ਜਿਵੇਂ ਕਿ ਪੰਜ ਅਗਸਤ 2019 ਤੋਂ ਪਹਿਲਾਂ ਸੀ।’ 

ਅਬਦੁੱਲ੍ਹਾ ਨੇ ਕਿਹਾ ਕਿ ਗੱਠਜੋੜ ਜੰਮੂ ਕਸ਼ਮੀਰ ਦੇ ਮੁੱਦੇ ਦੇ ਹੱਲ ਲਈ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਵੀ ਕਰੇਗਾ। ਉਨ੍ਹਾਂ ਕਿਹਾ, ‘ਆਉਣ ਵਾਲੇ ਸਮੇਂ ’ਚ ਅਸੀਂ ਤੁਹਾਨੂੰ ਭਵਿੱਖੀ ਯੋਜਨਾਵਾਂ ਬਾਰੇ ਜਾਣੂ ਕਰਾਵਾਂਗੇ।’ 

ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਊਮਰ ਅਬਦੁੱਲ੍ਹਾ ਤੇ ਹੋਰ ਸੀਨੀਅਰ ਆਗੂ ਮੀਟਿੰਗ ’ਚ ਹਾਜ਼ਰ ਸਨ। ਜੇਕੇਪੀਸੀਸੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਮੈਡੀਕਲ ਕਾਰਨਾਂ ਕਰਕੇ ਮੀਟਿੰਗ ’ਚ ਸ਼ਾਮਲ ਨਾ ਹੋ ਸਕੇ। ਅਬਦੁੱਲ੍ਹਾ ਨੇ ਕਿਹਾ ਮੀਟਿੰਗ ’ਚ ਸ਼ਾਮਲ ਆਗੂਆਂ ਨੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ 14 ਮਹੀਨੇ ਦੀ ਹਿਰਾਸਤ ਤੋਂ ਬਾਅਦ ਰਿਹਾਅ ਹੋਣ ਦੀ ਵਧਾਈ ਦਿੱਤੀ ਤੇ ਉਨ੍ਹਾਂ ਨੇ ਹਿਰਾਸਤ ਨੂੰ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਤੇ ਨਾਜਾਇਜ਼ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਵੱਖਵਾਦ ਜਾਂ ਕਹਿ ਲਈ ਕਸ਼ਮੀਰ ਨੂੰ ਭਾਰਤ ਤੋਂ ਅਜ਼ਾਦ ਕਰਾਉਣ ਦੀ ਸਿਆਸਤ ਦਾ ਵੱਡਾ ਦਬਦਬਾ ਹੈ। ਜ਼ਮਹੂਰੀ ਸਿਆਸਤ ਦੇ ਨਾਲ-ਨਾਲ ਕਸ਼ਮੀਰ ਵਿਚ ਵੱਡੀ ਗਿਣਤੀ ਨੌਜਵਾਨ ਭਾਰਤ ਖਿਲਾਫ ਹਥਿਆਰਬੰਦ ਲੜਾਈ ਵੀ ਲੜ ਰਹੇ ਹਨ। ਕਸ਼ਮੀਰ ਦੀਆਂ ਹਿੰਦ-ਨਵਾਜ਼ ਪਾਰਟੀਆਂ ਦਾ ਅਧਾਰ ਪਿਛਲੇ ਸਮੇਂ ਦੌਰਾਨ ਲਗਾਤਾਰ ਖੁਰ ਰਿਹਾ ਸੀ ਜੋ ਭਾਰਤੀ ਰਾਜ ਲਈ ਵੱਡੀ ਚੁਣੌਤੀ ਵੀ ਬਣ ਰਿਹਾ ਸੀ। 

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤੀ ਰਾਜ ਜਿੱਥੇ ਕਸ਼ਮੀਰ ਨੂੰ ਖਾਸ ਅਧਿਕਾਰਾਂ ਦੇ ਰੂਪ ਵਿਚ ਮਿਲੀ ਸੁਰੱਖਿਆ ਖਤਮ ਕਰਕੇ ਖਿੱਤੇ ਵਿਚ ਅਬਾਦੀ ਅਨੁਪਾਤ ਨੂੰ ਤਬਦੀਲ ਕਰਕੇ ਸਿਆਸੀ ਪੈਂਤੜਾ ਚੱਲਣਾ ਚਾਹੁੰਦਾ ਹੈ ਉੱਥੇ ਇਸ ਪੈਂਤੜੇ ਨਾਲ ਕਸ਼ਮੀਰ ਦੀ ਸਿਆਸਤ ਨੂੰ ਵੱਖਵਾਦ ਜਾਂ ਪੂਰਨ ਅਜ਼ਾਦੀ ਦੀ ਥਾਂ ਵਾਧੂ ਅਧਿਕਾਰਾਂ ਦੀ ਲੜਾਈ ਬਣਾਉਣ ਲਈ ਯਤਨਸ਼ੀਲ ਹੈ।