ਭਾਰਤੀ ਅਮਰੀਕੀ ਲੜਕੇ ਨੇ ਗੋਲਡਨ ਗੇਟ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁੱਸ਼ੀ

ਭਾਰਤੀ ਅਮਰੀਕੀ ਲੜਕੇ ਨੇ ਗੋਲਡਨ ਗੇਟ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁੱਸ਼ੀ
ਕੈਪਸ਼ਨ: ਗੋਲਡਨ ਗੇਟ ਪੁਲ ਦਾ ਇਕ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 16 ਦਸੰਬਰ (ਹੁਸਨ ਲੜੋਆ ਬੰਗਾ)-ਇਕ ਭਾਰਤੀ ਅਮਰੀਕੀ 16 ਸਾਲਾ ਲੜਕੇ ਨੇ ਗੋਲਡਨ ਗੇਟ ਬਰਿਜ ਤੋਂ ਦਰਿਆ ਵਿਚ ਛਾਲ ਮਾਰ ਕੇ ਖੁਦਕੁੱਸ਼ੀ ਕਰ ਲਈ। ਇਹ ਜਾਣਕਾਰੀ ਲੜਕੇ ਦੇ ਮਾਪਿਆਂ ਤੇ ਯੂ ਐਸ ਕੋਸਟ ਗਾਰਡ ਨੇ ਦਿੱਤੀ ਹੈ। ਲੜਕੇ ਦਾ ਬਾਈਸਾਈਕਲ, ਫੋਨ ਤੇ ਕਿਤਾਬਾਂ ਵਾਲਾ ਬਸਤਾ ਪੁਲ ਉਪਰੋਂ ਬਰਾਮਦ ਹੋਇਆ ਹੈ। 12ਵੀਂ ਕਲਾਸ ਵਿਚ ਪੜਦੇ ਲੜਕੇ ਨੇ ਸ਼ਾਮ ਦੇ 5 ਵਜੇ ਦੇ ਆਸ ਪਾਸ ਖੁਦਕੁੱਸ਼ੀ ਦਾ ਸਿਰੇ ਦਾ ਕਦਮ ਚੁੱਕਿਆ। ਕੋਸਟ ਗਾਰਡ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਵੱਲੋਂ ਦਰਿਆ ਵਿਚ ਛਾਲ ਮਾਰ ਦੇਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਨਾਂ ਨੇ ਤੁਰੰਤ ਬਚਾਅ ਤੇ ਰਾਹਤ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰੰਤੂ ਢਾਈ ਘੰਟੇ ਦੀ ਕਾਰਵਾਈ ਦੌਰਾਨ ਲੜਕੇ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਉਨਾਂ ਕਿਹਾ ਕਿ ਲੜਕੇ ਦੇ ਬਚਣ ਦੀ ਸੰਭਾਵਨਾ ਬਹੁਤ ਥੋੜੀ ਹੈ। ਲੜਕੇ  ਵੱਲੋਂ ਛਾਲ ਮਾਰਨ ਦੀ ਖਬਰ ਉਪਰੰਤ ਹੀ ਲੜਕੇ ਦੀ ਮੌਤ ਦੇ ਖਬਰ ਚਾਰੇ ਪਾਸੇ ਫੈਲ ਗਈ ਤੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ। ਲੜਕੇ ਵੱਲੋਂ ਖੁਦਕੁੱਸ਼ੀ ਕਰਨ ਦੇ ਕਾਰਨ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਤੇ ਨਾ ਹੀ ਲੜਕੇ ਦਾ ਨਾਂ ਨਸ਼ਰ ਕੀਤਾ ਗਿਆ ਹੈ। ਬਰਿਜ ਰੇਲ ਫਾਉਂਡੇਸ਼ਨ ਅਨੁਸਾਰ ਪਿਛਲੇ ਸਾਲ ਇਸ ਪੁਲ ਉਪਰੋਂ ਛਾਲ ਮਾਰ ਕੇ 25 ਲੋਕਾਂ ਨੇ ਖੁਦਕੁੱਸ਼ੀ ਕੀਤੀ ਸੀ ਜਦ ਕਿ 1937 ਵਿਚ ਪੁਲ ਬਣਨ ਤੋਂ ਬਾਅਦ ਹੁਣ ਤੱਕ 2000 ਲੋਕਾਂ ਵੱਲੋਂ ਇਥੇ ਖੁਦਕੁੱਸ਼ੀ ਕਰਨ ਦੇ ਮਾਮਲੇ ਦਰਜ ਹੋਏ ਹਨ।