ਇੰਡੀਆ’ ਵਿਚ ਤਰੇੜਾਂ ਉੱਭਰੀਆਂ, ਬੰਗਾਲ ਵਿਚ ਮਮਤਾ ਬੈਨਰਜੀ ਕਾਂਗਰਸ ਲਈ  ਬਣੀ ਸਿਰਦਰਦੀ

ਇੰਡੀਆ’ ਵਿਚ ਤਰੇੜਾਂ ਉੱਭਰੀਆਂ, ਬੰਗਾਲ ਵਿਚ ਮਮਤਾ ਬੈਨਰਜੀ ਕਾਂਗਰਸ ਲਈ  ਬਣੀ ਸਿਰਦਰਦੀ

*ਸੱਤਾਧਾਰੀ ਟੀਐੱਮਸੀ ਵਲੋਂ ਚੋਣਾਂ ਇਕੱਲੇ ਤੌਰ ’ਤੇ ਲੜਨ ਦਾ ਫ਼ੈਸਲਾ

*ਆਪ ਪਾਰਟੀ ਵੀ ਬਣੀ ਇੰਡੀਆ ਗਠਜੋੜ ਵਿਚ ਅੜਿਕਾ

*ਘੱਟੋ-ਘੱਟ ਸਾਂਝੇ ਪ੍ਰੋਗਰਾਮ  ਤਿਆਰ ਕਰਨ ਵਿਚ ਅਸਫਲ ਇੰਡੀਆ ਗਠਜੋੜ

‘ਇੰਡੀਆ’ ਗੱਠਜੋੜ ਦੀ ਅਹਿਮ ਧਿਰ ਗਿਣੀ ਜਾਣ ਵਾਲੀ, ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਇੰਡੀਆ ਗੱਠਜੋੜ ਵਿਚ ਤਰੇੜਾਂ ਉਭਰ ਆਈਆਂ ਹਨ।ਯਾਦ ਰਹੇ ਕਿ ਕਦੀ ਇਕੱਠੀਆਂ ਹੋਈਆਂ 28 ਪਾਰਟੀਆਂ ਦਾ ਸ਼ਿਰਾਜ਼ਾ ਬਿਖ਼ਰ ਰਿਹਾ ਹੈ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵਲੋਂ ਭਾਜਪਾ ਨਾਲ ਰਲਣ ਦੇ ਐਲਾਨ ਕਰਕੇ ਗੱਠਜੋੜ ਨੂੰ ਨੁਕਸਾਨ ਪਹੁੰਚਾਇਆ ਸੀ। ਕੇਰਲ ਵਿਚ ਮਾਰਕਸੀ ਪਾਰਟੀ ਦੀ ਅਗਵਾਈ ਵਾਲੀ ਹਕੂਮਤ ਹੈ, ਉਸ ਨੇ ਉੱਥੇ ਕਾਂਗਰਸ ਨਾਲ ਸੀਟਾਂ ਦੇ ਲੈਣ-ਦੇਣ ਸੰਬੰਧੀ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਚ ਵੀ ਚਾਹੇ ਕਾਂਗਰਸ ਦੀ ਸਮਾਜਵਾਦੀ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਚੱਲ ਰਹੀ ਹੈ, ਪਰ ਜਿਸ ਤਰ੍ਹਾਂ ਇਨ੍ਹਾਂ ਦੋਹਾਂ ਪਾਰਟੀਆਂ ਦੇ ਆਗੂਆਂ ਦਾ ਇਕ-ਦੂਸਰੇ ਨਾਲ ਤਕਰਾਰ ਚਲਦਾ ਰਿਹਾ ਹੈ, ਉਸ ਕਾਰਨ ਇਸ ਸੰਬੰਧੀ ਅਜੇ ਵੀ ਅਨਿਸਚਿਤਤਾ ਬਣੀ ਹੋਈ ਹੈ।

ਪੰਜਾਬ ਦੇ ਕਾਂਗਰਸ ਆਗੂਆਂ ਨੇ ਆਪ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਚਾਹੇ ਕੇਂਦਰ ਵਿਚ ਕਾਂਗਰਸ ਹਾਈਕਮਾਨ ਇਹ ਚਾਹੁੰਦੀ ਸੀ ਕਿ ਸੂਬੇ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਦਾ ਆਪਸੀ ਗੱਠਜੋੜ ਹੋ ਜਾਏ, ਪਰ ਸੂਬੇ ਵਿਚ ਜਿਸ ਤਰ੍ਹਾਂ ਦਾ ਮਾਹੌਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਜ ਦਿੱਤਾ ਹੈ, ਉਸ ਹਾਲਾਤ ਵਿਚ ਕਾਂਗਰਸੀ ਆਗੂ ਉਸ ਦੇ ਨੇੜੇ ਢੁਕਣ ਲਈ ਵੀ ਤਿਆਰ ਨਹੀਂ ਹਨ।

ਤ੍ਰਿਣਮੂਲ ਅਤੇ ਕਾਂਗਰਸ ਵਿਚਾਲੇ ਗਲਬਾਤ ਕਿਉਂ ਨਾ ਸਿਰੇ ਚੜੀ

  ਤ੍ਰਿਣਮੂਲ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਸਿਰੇ ਨਾ ਚੜ੍ਹਨ ਕਰ ਕੇ ਵਿਰੋਧੀ ਧਿਰ ਦੇ ਸਾਂਝੇ ਗੱਠਜੋੜ ‘ਇੰਡੀਆ’ ਵਿਚ ਤਰੇੜਾਂ ਉੱਭਰ ਕੇ ਸਾਹਮਣੇ ਆ ਗਈਆਂ ਹਨ। ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਆਪਣੇ ਸੂਬੇ ਅੰਦਰ ਨਾ ਕੇਵਲ ਭਾਜਪਾ ਸਗੋਂ ਕਾਂਗਰਸ ਅਤੇ ਸੀਪੀਐੱਮ ਦਾ ਵੀ ਟਾਕਰਾ ਕਰੇਗੀ। ਇਸ ਐਲਾਨ ਨਾਲ ‘ਇੰਡੀਆ’ ਗੱਠਜੋੜ ਲਈ ਕਸੂਤੀ ਸਥਿਤੀ ਪੈਦਾ ਹੋ ਸਕਦੀ ਹੈ। ਉਧਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਖਿਆ ਹੈ ਕਿ ਉਨ੍ਹਾਂ ਦੇ ਦੁਆਰ ਹਰ ਵਕਤ ਖੁੱਲ੍ਹੇ ਹਨ ਅਤੇ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਤੱਕ ਕਦੇ ਵੀ ਸਮਝੌਤਾ ਹੋ ਸਕਦਾ ਹੈ। ਦੂਜੇ ਪਾਸੇ, ਕਾਂਗਰਸ ਦੇ ਸੂਬਾਈ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਬੀਬੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਾਜ਼ਗੀ ਮੁੱਲ ਲੈਣ ਦੇ ਡਰੋਂ ਆਪਣੇ ਆਪ ਨੂੰ ‘ਇੰਡੀਆ’ ਗੱਠਜੋੜ ਨਾਲੋਂ ਦੂਰ ਕਰ ਲਿਆ ਹੈ।

ਪੱਛਮੀ ਬੰਗਾਲ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੇ 42 ਵਿਚੋਂ 22 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਨੇ 18 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੂੰ ਸਿਰਫ ਦੋ ਸੀਟਾਂ ਹੀ ਮਿਲ ਸਕੀਆਂ ਸਨ। ਇਸ ਵਾਰ ਕਾਂਗਰਸ ਜਿ਼ਆਦਾ ਸੀਟਾਂ ਹਾਸਿਲ ਕਰਨਾ ਚਾਹੁੰਦੀ ਸੀ ਪਰ ਤ੍ਰਿਣਮੂਲ ਕਾਂਗਰਸ ਉਸ ਨੂੰ ਜਿ਼ਆਦਾ ਸੀਟਾਂ ਦੇਣ ਦੇ ਰੌਂਅ ਵਿਚ ਨਹੀਂ ਸੀ ਜਿਸ ਕਰ ਕੇ ਸੀਟਾਂ ਦੀ ਵੰਡ ਦਾ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਪਿਛਲੇ ਸਾਲ ਸਾਗਰਡਿਗੀ ਸੀਟ ਲਈ ਹੋਈ ਜਿ਼ਮਨੀ ਚੋਣ ਵਿਚ ਸੀਪੀਐੱਮ ਦੀ ਹਮਾਇਤ ਨਾਲ ਕਾਂਗਰਸ ਦੇ ਉਮੀਦਵਾਰ ਬਾਇਰਨ ਬਿਸਵਾਸ ਨੇ ਤ੍ਰਿਣਮੂਲ ਕਾਂਗਰਸ ਦੇ ਦੇਬਾਸ਼ੀਸ਼ ਬੈਨਰਜੀ ਨੂੰ ਮਾਤ ਦੇ ਕੇ ਵੱਡੀ ਜਿੱਤ ਦਰਜ ਕੀਤੀ ਸੀ। ਚੋਣ ਜਿੱਤਣ ਤੋਂ ਬਾਅਦ ਬਿਸਵਾਸ ਪਾਲ਼ਾ ਬਦਲ ਕੇ ਤ੍ਰਿਣਮੂਲ ਵਿਚ ਸ਼ਾਮਿਲ ਹੋ ਗਏ ਜਿਸ ’ਤੇ ਕਾਂਗਰਸ ਆਗੂਆਂ ਨੇ ਕਾਫ਼ੀ ਨਾਰਾਜ਼ਗੀ ਦਿਖਾਈ ਸੀ।

ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਪਹਿਲਾਂ ਹੀ ਸੰਦੇਸ਼ਖਲੀ ਦੇ ਰੇੜਕੇ ਕਰ ਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਈ ਆਪਣੇ ਦਮ ’ਤੇ ਭਾਜਪਾ  ਦੇ ਹਮਲੇ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ ਹੈ। ਦੇਸ਼ ਦੇ ਕੁਝ ਸੂਬੇ ਅਜਿਹੇ ਹਨ ਜਿੱਥੋਂ ਦੇ ਸਿਆਸੀ ਹਾਲਾਤ ਆਮ ਨਾਲੋਂ ਬਹੁਤ ਜਿ਼ਆਦਾ ਜਟਿਲ ਹਨ ਅਤੇ ਵਿਰੋਧੀ ਧਿਰ ਵਿਚ ਸ਼ਾਮਿਲ ਧਿਰਾਂ ਲਈ ਜ਼ਮੀਨੀ ਪੱਧਰ ’ਤੇ ਚੋਣ ਸਮਝੌਤੇ ਨੂੰ ਸਿਰੇ ਚੜ੍ਹਾਉਣਾ ਕਾਫ਼ੀ ਚੁਣੌਤੀਪੂਰਨ ਕਾਰਜ ਹੈ। ਪੱਛਮੀ ਬੰਗਾਲ ਅਜਿਹਾ ਹੀ ਸੂਬਾ ਹੈ ਜਿੱਥੇ ਕਾਂਗਰਸ ਵਲੋਂ ਜਿ਼ਆਦਾ ਸੀਟਾਂ ਦੀ ਮੰਗ ਕਰਨ ਨਾਲ ਮਾਮਲਾ ਵਿਗੜ ਗਿਆ। 

ਕਾਂਗਰਸ ਅਤੇ 'ਆਪ' ਕਿਵੇਂ ਚੋਣਾਂ ਲੜਨਗੇ?

ਉਂਜ ਵਿਰੋਧਾਭਾਸ ਤਾਂ ਕਾਂਗਰਸ ਅਤੇ ਖੱਬੇਪੱਖੀ ਮੋਰਚੇ ਦੀ ਸਿਆਸਤ ਵਿਚ ਵੀ ਬਹੁਤ ਵੱਡਾ ਹੈ। ਦੋਵੇਂ ਪਾਰਟੀਆਂ ਕੇਰਲ 'ਵਿਚ ਇਕ-ਦੂਜੇ ਦੇ ਖ਼ਿਲਾਫ਼ ਲੜਨਗੀਆਂ, ਜਦੋਂ ਕਿ ਦੇਸ਼ ਦੇ ਬਾਕੀ ਹਿੱਸਿਆਂ 'ਚ ਉਨ੍ਹਾਂ ਦੇ ਇਕੱਠਿਆਂ ਲੜਨ ਦੀ ਤਿਆਰੀ ਹੈ। ਪਰ ਉੱਥੋਂ ਦਾ ਵਿਰੋਧਾਭਾਸ ਜ਼ਿਆਦਾ ਨਹੀਂ ਦਿਖਾਈ ਦੇਵੇਗਾ, ਕਿਉਂਕਿ ਕੇਰਲ 'ਚ ਉੱਤਰ ਜਾਂ ਪੂਰਬੀ ਭਾਰਤ ਦੇ ਬਾਕੀ ਰਾਜਾਂ 'ਚ ਭੂਗੋਲਿਕ ਦੂਰੀ ਬਹੁਤ ਹੈ। ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਪੰਜਾਬ 'ਚ ਤਾਂ ਇਕ-ਦੂਜੇ ਨੂੰ ਚੋਰ-ਬੇਈਮਾਨ ਠਹਿਰਾ ਰਹੇ ਹਨ, ਜਦੋਂ ਕਿ ਪੰਜਾਬ ਨਾਲ ਲਗਦੇ ਹਰਿਆਣਾ ਤੇ ਦਿੱਲੀ ਵਿਚ ਦੋਵੇਂ ਪਾਰਟੀਆਂ ਇਕੱਠਿਆਂ ਚੋਣਾਂ ਲੜ ਰਹੀਆਂ ਹਨ। ਅਜਿਹੇ ਵਿਚ ਦੋਵਾਂ ਪਾਰਟੀਆਂ ਦਾ ਪ੍ਰਚਾਰ ਕਿਵੇਂ ਹੋਵੇਗਾ ਅਤੇ ਉਹ ਕਿਵੇਂ ਆਮ ਲੋਕਾਂ 'ਵਿਚ ਕੋਈ ਰਾਜਨੀਤਕ ਸੰਦੇਸ਼ ਪਹੁੰਚਾ ਸਕਣਗੀਆਂ? ਜ਼ਿਕਰਯੋਗ ਹੈ ਕਿ ਦੋਵੇਂ ਪਾਰਟੀਆਂ ਨੇ ਸਾਂਝੀ ਸਹਿਮਤੀ ਨਾਲ ਪੰਜਾਬ 'ਵਿਚ ਵੱਖ-ਵੱਖ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਹਰਿਆਣਾ 'ਚ ਕਾਂਗਰਸ ਨੇ ਆਪ  ਪਾਰਟੀ ਲਈ ਕੁਰੂਕਸ਼ੇਤਰ ਦੀ ਸੀਟ ਛੱਡੀ ਹੈ। ਦਿੱਲੀ ਦੀਆਂ ਸੱਤ ਸੀਟਾਂ 'ਵਿਚੋਂ ਚਾਰ 'ਤੇ ਆਮ ਆਦਮੀ ਪਾਰਟੀ ਅਤੇ ਤਿੰਨ 'ਤੇ ਕਾਂਗਰਸ ਨੇ ਲੜਨਾ ਹੈ। ਸੋ, ਹਰਿਆਣਾ ਅਤੇ ਦਿੱਲੀ 'ਚ ਦੋਵੇਂ ਪਾਰਟੀਆਂ ਦੇ ਨੇਤਾ ਸਾਂਝਾ ਪ੍ਰਚਾਰ ਕਰਨਗੇ ਪਰ ਗੁਆਂਢੀ ਸੂਬੇ ਪੰਜਾਬ ਵਿਚ ਦੋਵੇਂ ਇਕ-ਦੂਜੇ 'ਤੇ ਹਮਲੇ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕਾਂਗਰਸ ਦੇ ਵੱਡੇ ਨੇਤਾਵਾਂ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਸੀ। ਕਾਂਗਰਸ ਨੇਤਾ ਰਾਜ ਸਰਕਾਰ 'ਤੇ ਭ੍ਰਿਸ਼ਟਾਚਾਰ ਅਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾ ਰਹੇ ਹਨ। ਸਵਾਲ ਹੈ ਕਿ ਪੰਜਾਬ 'ਵਿਚ ਦੋਵੇਂ ਪਾਰਟੀਆਂ ਕਿਵੇਂ ਲੋਕਾਂ ਨੂੰ ਭਰੋਸਾ ਦਿਵਾ ਸਕਣਗੀਆਂ ਕਿ ਉਹ ਇਕ-ਦੂਜੇ ਦੀਆਂ ਵਿਰੋਧੀ ਹਨ ਅਤੇ ਹਰਿਆਣਾ ਤੇ ਦਿੱਲੀ 'ਚ ਕਿਵੇਂ ਯਕੀਨ ਦਿਵਾਉਣਗੀਆਂ ਕਿ ਉਹ ਇਕ-ਦੂਜੇ ਦੇ ਨਾਲ ਹਨ?

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਨੂੰ ਇੰਡੀਆ ਦੇ ਲੀਡਰ ਵਜੋਂ ਰਾਹੁਲ ਗਾਂਧੀ ਮਨਜ਼ੂਰ ਨਹੀਂ। ਸਹੀ ਹੋਵੇ ਭਾਵੇਂ ਗ਼ਲਤ ਪਰ ਉਹ ਆਪਣੇ ਆਪ ਨੂੰ ਕਾਂਗਰਸ ਦੇ ਬਰਾਬਰ ਮੰਨਦੇ ਹਨ। ਇਨ੍ਹਾਂ ਪਾਰਟੀਆਂ ਨੂੰ ਕਿਸੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਸੰਬੰਧੀ ਵੀ ਫ਼ੈਸਲਾ ਕਰਕੇ ਉਸ ਨੂੰ ਨਸ਼ਰ ਕਰਨਾ ਚਾਹੀਦਾ ਸੀ, ਪਰ ਨਾ ਤਾਂ ਸਮੇਂ ਸਿਰ ਸੀਟਾਂ ਦੀ ਹੀ ਵੰਡ ਹੋ ਸਕੀ ਹੈ ਅਤੇ ਨਾ ਹੀ ਕੋਈ ਸਾਂਝਾ ਪ੍ਰੋਗਰਾਮ ਹੀ ਸਾਹਮਣੇ ਆਇਆ ਹੈ। ਇਸ ਤਰ੍ਹਾਂ ਹਰ ਪਾਰਟੀ ਨੇ ਆਪੋ-ਆਪਣੀ ਡੱਫਲੀ ਵਜਾਉਣੀ ਸ਼ੁਰੂ ਕਰ ਦਿੱਤੀ ਹੈ।ਇਸ ਲਈ ਜਦੋਂ ਤੱਕ ਸੰਤੁਲਿਤ ਸਮੀਕਰਨਾਂ ਦੀ ਨੀਂਹ ਨਹੀਂ ਰੱਖ ਲਈ ਜਾਂਦੀ, ਉਦੋਂ ਤੱਕ ਇਸ ਤਜਰਬੇ ਦਾ ਨਾਕਾਮ ਹੋਣਾ ਤੈਅ ਹੈ।ਇੰਡੀਆ’ ਦੇ ਚੇਅਰਪਰਸਨ ਵਜੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਔਖੀ ਘੜੀ ਵਿਚ ਗੱਠਜੋੜ ਦੇ ਭਾਈਵਾਲਾਂ ਤੱਕ ਪਹੁੰਚ ਕੀਤੀ ਹੈ। ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦੇ ਪੈਰੋਕਾਰ ਵਜੋਂ ਹੀ ਦੇਖਿਆ ਜਾਂਦਾ ਹੈ, ਉਹ ਇਸੇ ਗੱਲ ਲਈ ਸਾਲਸ ਬਣੇ ਹੋਏ ਹਨ ਕਿ ਕਾਂਗਰਸ ਵਿਰੋਧੀ ਧਿਰ ਨੂੰ ਕਿਵੇਂ ਆਕਾਰ ਦਿੰਦੀ ਹੈ, ਨਾਲ ਹੀ ਖੇਤਰੀ ਭਾਈਵਾਲਾਂ ਨਾਲ ਆਪਣੀਆਂ ਗਿਣਤੀਆਂ-ਮਿਣਤੀਆਂ ਕਿਵੇਂ ਬਿਠਾਉਂਦੀ ਹੈ। ਕੌਮੀ ਪਾਰਟੀਆਂ ਨੂੰ ਸੂਬਾਈ ਪੱਧਰ ’ਤੇ ਸਮਝੌਤੇ ਨੂੰ ਸਰਅੰਜਾਮ ਦੇਣ ਵਿਚ ਕਾਫ਼ੀ ਸੋਚ ਵਿਚਾਰ ਨਾਲ ਚੱਲਣ ਦੀ ਲੋੜ ਪੈਂਦੀ ਹੈ। ਕਾਂਗਰਸ ਨੂੰ ਇਸ ਮਸਲੇ ’ਤੇ ਨਵੀਂ ਰਣਨੀਤੀ ਦੀ ਲੋੜ ਪਵੇਗੀ ਤਾਂ ਕਿ ‘ਇੰਡੀਆ’ ਗੱਠਜੋੜ ਦੀ ਸਾਰਥਕਤਾ ਬਣੀ ਰਹੇ ਅਤੇ ਇਕਜੁੱਟ ਵਿਰੋਧੀ ਧਿਰ ਭਾਜਪਾ ਦੇ ਬਰਾਬਰ ਤੁਲ ਸਕੇ। ‘ਇੰਡੀਆ’ ਗੱਠਜੋੜ ਦੀ ਕਾਇਮੀ ਹੀ ਇਸ ਕਰ ਕੇ ਹੋਈ ਸੀ ਤਾਂ ਕਿ ਭਾਜਪਾ ਜਨਤਾ ਪਾਰਟੀ ਦੀ ਚੜ੍ਹਤ ਨੂੰ ਠੱਲ੍ਹ ਪਾਈ ਜਾ ਸਕੇ।