ਅਮਰੀਕਾ ਅਤੇ ਫਰਾਂਸ ਨਾਲ 'ਏਅਰ ਬਬਲ' ਅਧੀਨ ਉਡਾਣਾਂ ਸ਼ੁਰੂ ਕਰਕੇ ਭਾਰਤ ਨੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਹਟਾਈ

ਅਮਰੀਕਾ ਅਤੇ ਫਰਾਂਸ ਨਾਲ 'ਏਅਰ ਬਬਲ' ਅਧੀਨ ਉਡਾਣਾਂ ਸ਼ੁਰੂ ਕਰਕੇ ਭਾਰਤ ਨੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਹਟਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਨੇ ਅਮਰੀਕਾ ਅਤੇ ਫਰਾਂਸ ਨਾਲ ਏਅਰ ਬਬਲ ਬਣਾ ਕੇ ਆਮ ਕੌਮਾਂਤਰੀ ਹਵਾਈ ਉਡਾਣਾਂ ਦੀ ਮੁੜ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਭਾਰਤ ਦੇ ਹਵਾਬਾਜ਼ੀ ਮਹਿਕਮੇ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਹੁਣ ਅਮਰੀਕਾ ਅਤੇ ਫਰਾਂਸ ਦੇ ਹਵਾਈ ਜਹਾਜ਼ ਵੀ ਯਾਤਰੀਆਂ ਨੂੰ ਲੈ ਕੇ ਭਾਰਤ ਸਕਣਗੇ ਅਤੇ ਭਾਰਤ ਤੋਂ ਏਅਰ ਈਂਡੀਆ ਦੇ ਜਹਾਜ਼ ਅਮਰੀਕਾ ਅਤੇ ਫਰਾਂਸ ਜਾਣਗੇ।

ਪੁਰੀ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਹਵਾਈ ਸਫਰ 'ਤੇ ਲੱਗੀਆਂ ਪਾਬੰਦੀਆਂ ਤੋਂ ਬਾਅਦ ਹਵਾਈ ਸੇਵਾਵਾਂ ਨੂੰ ਏਅਰ ਬਬਲ ਜਾਂ ਏਅਰ ਬ੍ਰਿਜ ਬਣਾ ਕੇ ਹੀ ਬਹਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿ ਉਡਾਣਾਂ ਇਕ ਤਰਤੀਬ ਅਤੇ ਸਹੀ ਪ੍ਰਬੰਧ ਵਿਚ ਉਡਾਣ ਭਰਨ। 

ਪੁਰੀ ਨੇ ਦੱਸਿਆ ਕਿ ਏਅਰ ਫਰਾਂਸ ਵੱਲੋਂ ਦਿੱਲੀ, ਮੁੰਬਈ, ਬੈਂਗਲੋਰ ਅਤੇ ਪੈਰਿਸ ਦਰਮਿਆਨ 18 ਜੁਲਾਈ ਤੋਂ 1 ਅਗਸਤ ਤਕ 28 ਉਡਾਣਾਂ ਚਲਾਈਆਂ ਜਾਣਗੀਆਂ ਜਦਕਿ ਅਮਰੀਕਨ ਯੂਨਾਈਟਿਡ ਏਅਰਲਾਈਨ ਵੱਲੋਂ ਅਮਰੀਕਾ ਅਤੇ ਭਾਰਤ ਦਰਮਿਆਨ 17 ਜੁਲਾਈ ਤੋਂ 31 ਜੁਲਾਈ ਤਕ 18 ਉਡਾਣਾਂ ਚਲਾਈਆਂ ਜਾਣਗੀਆਂ। 

ਪੁਰੀ ਨੇ ਦੱਸਿਆ ਕਿ ਯੂਨਾਈਟਿਡ ਏਅਰਲਾਈਨ ਵੱਲੋਂ ਹਰ ਰੋਜ਼ ਦਿੱਲੀ ਅਤੇ ਨੇਵਾਰਕ ਦਰਮਿਆਨ ਉਡਾਣ ਚੱਲਿਆ ਕਰੇਗੀ ਜਦਕਿ ਹਫਤੇ ਵਿਚ ਤਿੰਨ ਉਡਾਣਾਂ ਦਿੱਲੀ ਅਤੇ ਸੈਨ ਫਰਾਂਸਿਸਕੋ ਦਰਮਿਆਨ ਹੋਣਗੀਆਂ।

ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਇਸੇ ਤਰ੍ਹਾਂ ਦੇ ਏਅਰ ਬਬਲ ਦਾ ਪ੍ਰਬੰਧ ਬਰਤਾਨੀਆ ਅਤੇ ਜਰਮਨੀ ਨਾਲ ਵੀ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਭਾਰਤ ਵਿਚ 23 ਮਾਰਚ ਤੋਂ ਆਮ ਕੌਮਾਂਤਰੀ ਉਡਾਣਾਂ ਬੰਦ ਕੀਤੀਆਂ ਗਈਆਂ ਹਨ ਤੇ ਸਰਕਾਰ ਵੱਲੋਂ ਕੁੱਝ ਖਾਸ ਉਡਾਣਾਂ ਹੀ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਚਲਾਈਆਂ ਗਈਆਂ ਸੀ। 

ਪੁਰੀ ਨੇ ਕਿਹਾ ਕਿ ਆਸ ਹੈ ਦਿਵਾਲੀ ਤਕ 55 ਤੋਂ 60 ਫੀਸਦੀ ਘਰੇਲੂ ਉਡਾਣਾਂ ਉਡਣੀਆਂ ਸ਼ੁਰੂ ਹੋ ਜਾਣਗੀਆਂ।