ਭਾਰਤ ਨੂੰ ਘੇਰਣ ਲਈ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਤੋਂ ਬੰਦਰਗਾਹਾਂ ਬਣਾਉਣ ਲਈ ਚੀਨ ਨੇ ਜ਼ਮੀਨਾਂ ਲਈਆਂ

ਭਾਰਤ ਨੂੰ ਘੇਰਣ ਲਈ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼  ਤੋਂ ਬੰਦਰਗਾਹਾਂ ਬਣਾਉਣ ਲਈ ਚੀਨ ਨੇ ਜ਼ਮੀਨਾਂ ਲਈਆਂ

ਦਲਵਿੰਦਰ ਸਿੰਘ                                    
ਹੁਣ ਪੈਗਾਂਗ ਸੋ, ਹਾਟ ਸਪਰਿੰਗ, ਗਲਵਾਨ ਵਾਦੀ ਅਤੇ ਦੇਪਸਾਂਗ ਵਾਦੀ ਭਾਰਤ-ਚੀਨ ਦੇ ਝਗੜੇ ਦੇ ਮੁੱਖ ਮੁੱਦੇ ਹਨ। ਜਿਨ੍ਹਾਂ ਤੋਂ ਭਾਰਤ ਚੀਨ ਨੂੰ ਹਟ ਕੇ ਅਪ੍ਰੈਲ 2020 ਦੀ ਥਾਂ ਜਾਣ ਲਈ ਕਹਿ ਰਿਹਾ ਹੈ ਤੇ ਚੀਨ ਨੂੰ ਹੱਦ ਉਤੇ ਵੱਡਾ ਜਮਾਵੜਾ ਕਰਨ, ਭਾਰਤੀ ਪਟ੍ਰੋਲਾਂ ਨੂੰ ਸੰਨ 1993 ਵਿਚ ਦੋਵਾਂ ਦੇਸ਼ਾਂ ਵਲੋਂ ਮੰਨੀ ਗਈ ਅਸਲ ਕੰਟਰੋਲ ਰੇਖਾ ਉਤੇ ਵਾਪਸ ਹੋਣ, ਗਲਵਾਨ ਵਾਦੀ ਵਿਚ ਹੋਏ ਝਗੜੇ ਦਾ ਦੋਸ਼ੀ ਹੋਣ, 29 ਅਗਸਤ, 2020 ਨੂੰ ਗੋਲੀਆਂ ਚਲਾਉਣ ਅਤੇ ਕੀਤੇ ਹੋਏ ਵਾਅਦਿਆਂ ਦਾ ਦੋਸ਼ੀ ਕਰਾਰ ਦੇ ਰਿਹਾ ਹੈ। ਭਾਵੇਂ ਚੀਨ ਭਾਰਤ ਦੀਆਂ ਸਾਂਭੀਆਂ ਉੱਚੀਆਂ ਪਹਾੜੀਆਂ ਤੋਂ ਭਾਰਤ ਨੂੰ ਹਟਣ ਦੀ ਦੁਹਾਈ ਦੇ ਰਿਹਾ ਹੈ ਜਿਸ ਨੂੰ ਭਾਰਤ ਮੁੱਢੋਂ ਹੀ ਇਹ ਕਹਿ ਕੇ ਨਕਾਰ ਰਿਹਾ ਹੈ ਕਿ ਚੀਨ ਨੇ ਅਪ੍ਰੈਲ ਵਿਚ ਹੱਦਾਂ ਉਤੇ ਭਾਰੀ ਮਾਤਰਾ ਉਤੇ ਸੈਨਾ ਲਗਾ ਕੇ ਸਮਝੌਤੇ ਦੀ ਉਲੰਘਣਾ ਕੀਤੀ ਸੀ। ਸੋ ਉਸ ਨੂੰ ਪਹਿਲਾਂ ਪਿੱਛੇ ਹਟਣਾ ਚਾਹੀਦਾ ਹੈ ਪਰ ਕੋਰ ਕਮਾਂਡਰ ਪੱਧਰ ਦੀਆਂ 7 ਮੀਟਿੰਗਾਂ, ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਪੱਧਰ ਦੀਆਂ ਗੱਲਬਾਤਾਂ ਹਾਲੇ ਤੱਕ ਇਸ ਮੁੱਦੇ ਨੂੰ ਹੀ ਹੱਲ ਨਹੀਂ ਕਰ ਸਕੀਆਂ ਕਿ ਚੀਨ ਨੂੰ 1993 ਦੇ ਸਮਝੌਤੇ ਅਨੁਸਾਰ ਅਪ੍ਰੈਲ 2020 ਦੀ ਥਾਂ ਵਾਪਸ ਜਾਣਾ ਚਾਹੀਦਾ ਹੈ।

ਚੀਨ ਦੀ ਨਵੀਂ ਬਣੀ ਨੀਤੀ ਅਨੁਸਾਰ ਚੀਨ ਦਾ ਮੁੱਖ ਇਰਾਦਾ 2050 ਤੱਕ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੋਣਾ ਹੈ ਜਿਸ ਵਿਚ ਉਹ 'ਵਨ ਰੋਡ ਵਨ ਬੈਲਟ', ਚੀਨ-ਪਾਕਿਸਤਾਨ ਆਰਥਿਕ ਲਾਂਘਾ, ਪ੍ਰਸ਼ਾਂਤ ਮਹਾਸਾਗਰ ਉੱਪਰ ਸੰਪੂਰਨ ਕਬਜ਼ਾ, ਤਵਾਂਗ ਨੂੰ ਆਪਣਾ ਹਿੱਸਾ ਬਣਾਉਣਾ, ਹਾਂਗਕਾਂਗ ਤੇ ਉਈਗਰ ਮੁਸਲਮਾਨਾਂ ਦੇ ਸੱਭਿਆਚਾਰ ਨੂੰ ਕਮਿਊਨਸਟ ਵਿਚਾਰਧਾਰਾ ਵਿਚ ਢਾਲਣਾ ਤੇ ਧਰਮਾਂ ਦੀ ਮਾਨਤਾ ਖ਼ਤਮ ਕਰਨਾ, ਛੋਟੇ ਦੇਸ਼ਾਂ ਦੀਆਂ ਜ਼ਮੀਨਾਂ ਹੜੱਪਣਾ ਤੇ ਉਧਾਰ 'ਤੇ ਕਰਜ਼ੇ ਜ਼ਰੀਏ ਆਪਣੇ ਅਧੀਨ ਬਣਾਉਣਾ ਆਦਿ ਹਨ। ਭਾਰਤ ਤੇ ਅਮਰੀਕਾ ਨੂੰ ਉਹ ਆਪਣੀ ਇਸ ਨੀਤੀ ਵਿਚ ਵੱਡਾ ਰੋੜਾ ਸਮਝਦਾ ਹੈ। ਭਾਰਤ ਨੂੰ ਨਿਮਾਣਾ ਬਣਾਉਣ ਲਈ ਉਸ ਨੇ ਭਾਰਤ ਦੇ ਗਵਾਂਢੀ ਦੇਸ਼ਾਂ ਵਿਚ ਆਪਣਾ ਪ੍ਰਭਾਵ ਫੈਲਾਇਆ, ਜਿਸ ਕਰਕੇ ਪਾਕਿਸਤਾਨ ਤੇ ਨਿਪਾਲ ਉਸ ਦੀ ਝੋਲੀ ਜਾ ਪਏ ਤੇ ਚੀਨ ਦੀ ਬੋਲੀ ਬੋਲਣ ਲੱਗੇ। ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਤੋਂ ਬੰਦਰਗਾਹਾਂ ਬਣਾਉਣ ਲਈ ਜ਼ਮੀਨਾਂ ਲੈ ਲਈਆਂ ਤਾਂ ਕਿ ਭਾਰਤ ਨੂੰ ਘੇਰਿਆ ਜਾ ਸਕੇ। ਭਾਰਤ ਵਿਚ ਸਸਤੀਆਂ ਵਸਤਾਂ ਦਾ ਹੜ੍ਹ ਚਲਾ ਕੇ, ਬੈਂਕਾਂ ਵਿਚ ਆਪਣੇ ਹਿੱਸੇ ਪਾ ਕੇ ਤੇ ਸਨਅਤ ਵਿਚ ਆਪਣਾ ਯੋਗਦਾਨ ਪਾਉਣ ਦੇ ਬਹਾਨੇ ਭਾਰਤ ਦੀ ਅਰਥ ਵਿਵਸਥਾ ਉੱਪਰ ਹਾਵੀ ਹੋਣਾ ਲੋਚਿਆ। ਡਿਜੀਟਲ ਹਮਲੇ ਰਾਹੀਂ ਭਾਰਤ ਦੀ ਵੱਡੇ ਪੱਧਰ 'ਤੇ ਜਾਸੂਸੀ ਸ਼ੁਰੂ ਕਰ ਦਿੱਤੀ। ਅਮਰੀਕਾ ਦੀ ਆਰਥਿਕਤਾ ਉਤੇ ਵੀ ਵੱਡੇ ਪੱਧਰ ਉਤੇ ਹਾਵੀ ਹੋ ਗਿਆ ਤੇ ਅਮਰੀਕਾ ਨਾਲ ਲਗਦੇ ਸਮੁੰਦਰਾਂ ਨੂੰ ਵੀ ਆਪਣੇ ਕਬਜ਼ੇ ਵਿਚ ਕਰਕੇ ਵਪਾਰ ਨੂੰ ਢਾਅ ਲਾਉਣ ਦੀ ਯੋਜਨਾ ਬਣਾਈ। ਜਦ ਅਮਰੀਕਾ ਨੇ ਚੀਨ ਦੇ ਇਸ ਆਰਥਿਕ ਹਮਲੇ ਦਾ ਵਿਰੋਧ ਕਰਕੇ ਚੀਨ ਤੋਂ ਆਮਦ 'ਤੇ ਟੈਕਸ ਲਾਏ ਤਾਂ ਚੀਨ ਨੇ ਵੁਹਾਨ ਕੋਰੋਨਾ ਬੰਬ ਨਾਲ ਸਾਰੇ ਦੇਸ਼ਾਂ ਦੀ ਆਰਥਿਕਤਾ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਭਾਰਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਹੈ। ਫਿਰ ਚੀਨ ਨੇ ਭਾਰਤ ਨੂੰ ਕਰੋਨਾ ਵਿਚ ਉਲਝਿਆ ਵੇਖ ਕੇ ਲੱਦਾਖ ਦੇ ਇਲਾਕੇ 'ਤੇ ਭਾਰੀ ਸੈਨਾ ਰਾਹੀਂ ਕਬਜ਼ਾ ਆ ਕੀਤਾ।

ਅਸਲ ਵਿਚ ਚੀਨੀ ਵਿਦੇਸ਼ ਮੰਤਰੀ ਤੇ ਫਿਰ ਪ੍ਰਧਾਨ ਸ਼ੀ ਜਿਨਪਿੰਗ ਦੀ ਤਿੱਬਤ ਯਾਤਰਾ ਅਤੇ ਸੰਨ 2019 ਵਿਚ ਬਣਾਈ ਨਵੀਂ ਰੱਖਿਆ ਨੀਤੀ ਤੈਅ ਕਰਦੇ ਹਨ ਕਿ ਚੀਨੀ ਸੈਨਾ ਨੇ ਹੁਣ ਜ਼ਮੀਨੀ ਯੁੱਧ ਲਈ ਹੋਰ ਤਾਕਤਵਰ ਹੋਣਾ ਹੈ ਤੇ ਬਰਫੀਲੀਆਂ ਪਹਾੜੀਆਂ ਦੇ ਯੁੱਧ ਲਈ ਤਿਆਰ ਹੋਣਾ ਹੈ। ਚੀਨ ਦੇ ਨਾਲ ਲਗਦੀਆਂ ਬਰਫੀਲੀਆਂ ਪਹਾੜੀਆਂ ਹਿਮਾਲਿਆ ਪਰਬਤ ਲੜੀ ਦੀਆਂ ਹਨ ਜੋ ਭਾਰਤ ਦੀ ਹੱਦ ਉਤੇ ਹਨ। ਤਿੱਬਤ ਵਿਚ ਆ ਕੇ ਸ਼ੀ ਜਿਨਪਿੰਗ ਦਾ ਇਸ਼ਾਰਾ ਭਾਰਤ ਵੱਲ ਹੀ ਸੀ ਜਿਸ ਸਦਕਾ ਇਹ ਸਭ ਹੋ ਰਿਹਾ ਹੈ। ਭਾਰਤ-ਚੀਨ ਯੁੱਧ ਸ਼ਾਇਦ ਹੁਣ ਤੱਕ ਪੂਰੀ ਤਰ੍ਹਾਂ ਲੱਗਿਆ ਹੋਣਾ ਸੀ। ਜੇ ਅਮਰੀਕਾ ਵਲੋਂ ਭਾਰਤ ਦੀ ਮਦਦ ਦਾ ਇਸ਼ਾਰਾ ਨਾ ਮਿਲਦਾ ਤੇ ਯੂਰਪੀਨ ਦੇਸ਼ਾਂ, ਆਸਟ੍ਰੇਲੀਆ ਤੇ ਜਾਪਾਨ ਵਲੋਂ ਭਾਰਤ ਦਾ ਪੱਖ ਨਾ ਪੂਰਿਆ ਜਾਂਦਾ। ਪਰ ਚੀਨ ਵਲੋਂ ਵੱਡੇ ਯੁੱਧ ਦੀ ਥਾਂ ਹੁਣ ਮੱਠਾ ਯੁੱਧ ਚਾਲੂ ਹੈ ਜਿਸ ਵਿਚ ਧਮਕੀਆਂ ਦੇਣੀਆਂ, ਹੌਲੀ-ਹੌਲੀ ਭਾਰਤੀ ਇਲਾਕਿਆਂ ਉਤੇ ਕਬਜ਼ਾ ਕਰੀ ਜਾਣਾ ਤੇ ਵਾਅਦਿਆਂ ਤੋਂ ਮੁੱਕਰੀ ਜਾਣਾ ਚਾਲੂ ਹੈ। 

ਭਾਰਤ ਨੇ ਚੀਨ ਦੇ 200 ਦੇ ਕਰੀਬ ਜਾਸੂਸੀ ਡਿਜੀਟਲ ਐਪਾਂ ਬੰਦ ਕਰ ਦਿੱਤੀਆਂ ਹਨ, ਚੀਨ ਦੇ ਕਈ ਸਰਕਾਰੀ ਠੇਕੇ ਬੰਦ ਕਰ ਦਿੱਤੇ ਹਨ ਤੇ ਚੀਨ ਤੋਂ ਦਰਾਮਦ ਤੇ ਰੁਕਾਵਟਾਂ ਪਾ ਦਿੱਤੀਆਂ ਹਨ। ਚੀਨ ਦਾ ਭਾਰਤੀ ਬੈਂਕਾਂ ਅਤੇ ਸਨਅਤਾਂ ਦਾ ਨਿਵੇਸ਼ ਵੀ ਆਪਣੀ ਨਜ਼ਰ ਵਿਚ ਲੈ ਲਿਆ ਹੈ। ਸਮੁੰਦਰ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਭਾਰਤ ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨਾਲ ਮਿਲ ਕੇ ਕੁਆਡ ਦਾ ਮੈਂਬਰ ਬਣ ਗਿਆ ਹੈ, ਜਿਸ ਨੇ ਹਿੰਦ ਮਹਾਸਾਗਰ, ਅਰਬ ਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਵਿਚ ਮਸ਼ਕਾਂ ਕੀਤੀਆਂ ਹਨ। ਗੱਲਬਾਤ ਦੇ ਨਾਲ ਨਾਲ ਪੈਗਾਂਗ ਸੋ ਤੋਂ ਦੱਖਣ ਵੱਲ ਪਹਾੜੀਆਂ ਉੱਪਰ ਭਾਰਤੀ ਸੈਨਾ ਜਾ ਬੈਠੀ ਹੈ ਤੇ ਚੀਨ ਨਾਲ ਟੱਕਰਨ ਦੀ ਹਾਲਤ ਵਿਚ ਚੀਨ ਦੇ ਬਰਾਬਰ ਸੈਨਾ ਤੇ ਸਾਜ਼ੋ-ਸਾਮਾਨ ਹੱਦਾਂ ਉਤੇ ਲਾ ਕੇ ਬਰਫੀਲੇ ਮੌਸਮ ਨੂੰ ਝੱਲਣ ਲਈ ਪੂਰੇ ਪ੍ਰਬੰਧ ਕੀਤੇ ਹਨ। ਹੋਰ ਕਾਰਗਾਰ ਹਥਿਆਰ ਵੀ ਖ਼ਰੀਦਣੇ ਸ਼ੁਰੂ ਕਰ ਦਿੱਤੇ ਹਨ ਤੇ ਦੋਵੇਂ ਮੋਰਚਿਆਂ 'ਤੇ ਯੁੱਧ ਲਈ ਤਿਆਰ ਹੋ ਗਿਆ ਹੈ। ਚੀਨ ਦੀਆਂ ਹਰਕਤਾਂ ਹਟੀਆਂ ਤਾਂ ਨਹੀਂ, ਘਟੀਆਂ ਜ਼ਰੂਰ ਹਨ। ਗੱਲਬਾਤ 'ਤੇ ਪੂਰਾ ਨਾ ਉਤਰਨ ਕਰਕੇ ਚੀਨ ਅਪ੍ਰੈਲ ਵਾਲੀ ਥਾਂ 'ਤੇ ਹਟਦਾ ਨਹੀਂ ਲਗਦਾ।

ਇਸ ਹਾਲਤ ਵਿਚ ਭਾਰਤ ਨੂੰ ਅਕਸਾਈਚਿਨ ਦਾ ਆਪਣਾ ਇਲਾਕਾ ਵਾਪਸ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੀਨ ਕਾਸ਼ਗਾਰ ਤੋਂ ਕਰਾਚੀ ਸੜਕ ਦੀ ਸੁਰੱਖਿਆ ਲਈ ਬੜਾ ਚਿੰਤਤ ਹੈ। ਭਾਰਤ ਨੂੰ ਚਾਹੀਦਾ ਹੈ ਕਿ ਚੁੱਪ-ਚੁਪੀਤੇ ਉਹ ਉਸੇ ਤਰ੍ਹਾਂ ਅਹਿਮ ਟਿਕਾਣਿਆਂ 'ਤੇ ਕਬਜ਼ਾ ਕਰ ਲਵੇ ਜਿਵੇਂ ਉਸ ਨੇ ਪਹਿਲਾਂ ਉੱਚੀਆਂ ਚੋਟੀਆਂ 'ਤੇ ਕਬਜ਼ਾ ਕੀਤਾ ਹੈ, ਜਿਸ ਨਾਲ ਗੱਲਬਾਤ ਸਾਰਥਕ ਹੋ ਸਕੇ। ਗੱਲਬਾਤ ਤਾਂ ਹੀ ਆਪਣੇ ਪੱਖ ਦੀ ਹੋ ਸਕਦੀ ਹੈ ਜਦ ਸਾਡਾ ਪੱਖ ਭਾਰੀ ਹੋਵੇ ਤੇ ਵਿਰੋਧੀ ਪੱਖ ਦੇ ਦਿਲ ਵਿਚ ਕੋਈ ਡਰ ਹੋਵੇ। 4 ਤੋਂ 8 ਫਿੰਗਰ ਦੀਆਂ ਉੱਪਰਲੀਆਂ ਪਹਾੜੀਆਂ ਉੱਪਰ ਵੀ ਭਾਰਤੀ ਸੈਨਾ ਨੂੰ ਜਾ ਬਹਿਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਦੇਪਸਾਂਗ ਦੇ ਇਲਾਕੇ ਵਿਚ ਆਪਣੇ ਟੈਂਕ ਫੇਰ ਦੇਣੇ ਚਾਹੀਦੇ ਹਨ। ਆਰਥਿਕ ਪੱਖੋਂ ਆਤਮ ਨਿਰਭਰਤਾ, ਰਾਜਨੀਤਕ ਪੱਖੋਂ ਪ੍ਰਪੱਕਤਾ, ਕੂਟਨੀਤਕ ਪੱਖੋਂ ਸਾਰੇ ਦੇਸ਼ਾਂ ਵਿਚ ਚੀਨ ਦੀ ਭਾਰਤੀ ਇਲਾਕੇ ਦੇ ਕਬਜ਼ੇ ਅਤੇ ਕੋਰੋਨਾ ਦੀ ਨਿਖੇਧੀ, ਤਿੱਬਤ, ਹਾਂਗਕਾਂਗ, ਤਾਈਵਾਨ, ਇਨਰ ਮੰਗੋਲੀਆ ਤੇ ਪੂਰਬੀ ਤੁਰਕਿਸਤਾਨ ਦੀ ਆਜ਼ਾਦੀ ਮੰਨ ਕੇ ਇਸ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਹੈ। ਦਲਾਈਲਾਮਾ ਨੂੰ ਤਿੱਬਤ ਦਾ ਹੱਕੀ ਸ਼ਾਸਕ ਮੰਨ ਲੈਣਾ ਚਾਹੀਦਾ ਹੈ।