ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਦੀ ਗੱਲਬਾਤ ਤੋਂ ਬਾਅਦ ਫੌਜਾਂ ਨੂੰ ਕੁੱਝ ਪਿੱਛੇ ਹਟਾਉਣ 'ਤੇ ਸਹਿਮਤੀ ਬਣੀ

ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਦੀ ਗੱਲਬਾਤ ਤੋਂ ਬਾਅਦ ਫੌਜਾਂ ਨੂੰ ਕੁੱਝ ਪਿੱਛੇ ਹਟਾਉਣ 'ਤੇ ਸਹਿਮਤੀ ਬਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਸਟੇਟ ਕਾਉਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਦਰਮਿਆਨ ਬੀਤੀ ਸ਼ਾਮ ਟੈਲੀਫੋਨ 'ਤੇ ਗੱਲਬਾਤ ਹੋਈ ਜਿਸ ਵਿਚ ਦੋਵਾਂ ਦੇਸ਼ਾਂ ਨੇ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਸਹਿਮਣੀ ਪ੍ਰਗਟਾਈ ਹੈ। ਫਿਲਹਾਲ ਇਹ ਨਹੀਂ ਜਨਤਕ ਹੋਇਆ ਹੈ ਕਿ ਇਹ ਸਹਿਮਤੀ ਕਿਸ ਸ਼ਰਤ 'ਤੇ ਬਣੀ ਹੈ ਕਿਉਂਕਿ ਚੀਨ ਭਾਰਤ ਦੇ ਇਲਾਕੇ ਵਿਚ ਕਈ ਕਿਲੋਮੀਟਰ ਤਕ ਅੰਦਰ ਆ ਚੁੱਕਿਆ ਹੈ ਅਤੇ ਚੀਨ ਨੇ ਸਰਕਾਰੀ ਤੌਰ 'ਤੇ ਗਲਵਾਨ ਵੈਲੀ ਉੱਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰ ਦਿੱਤਾ ਸੀ। 

ਭਾਰਤ ਦੇ ਵਿਦੇਸ਼ ਮਹਿਕਮੇ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਉਪਰੋਕਤ ਨੁਮਾਂਇੰਦਿਆਂ ਨੇ ਪਹਿਲ ਦੇ ਅਧਾਰ 'ਤੇ ਐਲਏਸੀ ਉੱਤੇ ਫੌਜਾਂ ਨੂੰ ਪਿੱਛੇ ਕਰਨ ਉੱਤੇ ਸਹਿਮਤੀ ਪ੍ਰਗਟਾਈ ਹੈ ਤਾਂ ਕਿ ਦੋਵਾਂ ਦੇਸ਼ਾਂ ਦਰਮਿਆਨ ਮੁੜ ਸ਼ਾਂਤੀ ਅਤੇ ਸਦਭਾਵਨਾ ਵਾਲੇ ਰਿਸ਼ਤੇ ਬਹਾਲ ਹੋ ਸਕਣ। ਇਸ ਲਈ ਦੋਵਾਂ ਦੇਸ਼ਾਂ ਨੇ ਤੁਰੰਤ ਪ੍ਰਭਾਵ ਨਾਲ ਆਪਣੀਆਂ ਫੌਜਾਂ ਨੂੰ ਐਲਏਸੀ 'ਤੇ ਪਿੱਛੇ ਹਟਾਉਣਗੇ। 

ਸੂਤਰਾਂ ਅਨੁਸਾਰ ਪਿੱਛੇ ਹਟਣ ਦੀ ਕਾਰਵਾਈ ਐਤਵਾਰ ਰਾਤ ਨੂੰ ਸ਼ੁਰੂ ਹੋਈ ਹੈ। ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਾਲੇ ਘੱਟੋ ਘੱਟ 3 ਕਿਲੋਮੀਟਰ ਦਾ ਬਫਰ ਜ਼ੋਨ ਸੁਝਾਇਆ ਗਿਆ ਸੀ ਅਤੇ 2, 22 ਅਤੇ 30 ਜੂਨ ਨੂੰ ਲੈਫਟੀਨੈਂਟ ਜਨਰਲ-ਪੱਧਰ ਦੀ ਮੀਟਿੰਗ ਦੌਰਾਨ ਇਸ ’ਤੇ ਸਹਿਮਤੀ ਬਣੀ ਸੀ।

ਫੌਜਾਂ ਦੇ ਪਿੱਛੇ ਹਟਣ ਦੀ ਇਸ ਕਾਰਵਾਈ ਨੂੰ ‘ਬੇਰੀ ਸਟੈਪ’ ਵਜੋਂ ਦੇਖਿਆ ਜਾ ਰਿਹਾ ਹੈ। ਇਸ ਵਿੱਚ ਫੌਜ ਦੀ ਨਫਰ਼ੀ, ਜੰਗੀ ਸਾਜ਼ੋ ਸਾਮਾਨ ਅਤੇ ਭਾਰੀ ਹਥਿਆਰਾਂ ਨੂੰ ਅਪਰੈਲ 2020 ਵਾਲੇ ਪੱਧਰ ਤਕ ਘਟਾਉਣਾ ਸ਼ਾਮਲ ਹੋਵੇਗਾ। ਨਾਲ ਹੀ ਇਸ ਦਾ ਅਰਥ ਇਹ ਹੋਵੇਗਾ ਕਿ ਭਾਰਤ ਪੂਰਬੀ ਵਿਵਾਦਿਤ ਖੇਤਰ ‘ਫਿੰਗਰ-4’ ਤਕ ਗਸ਼ਤ ਕਰ ਸਕੇਗਾ, ਜਿਸ ’ਤੇ ਪੀਐਲਏ ਭਾਰਤ ਨੂੰ ਗਸ਼ਤ ਕਰਨ ਤੋਂ ਰੋਕਦਾ ਸੀ।

ਭਾਰਤੀ ਫੌਜ ਇੰਤਜ਼ਾਰ ਕਰ ਰਹੀ ਹੈ ਤੇ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਕਿਉਂਕਿ ਪੀਐਲਏ ਕਦੇ ਵੀ ਆਪਣਾ ਕਦਮ ਵਾਪਸ ਲੈ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਤੰਗ ਵਾਦੀ ਵਿੱਚ ਪਾਣੀ ਦੇ ਭਾਰੀ ਵਹਾਅ ਕਾਰਨ ਗਾਲਵਾਨ ਵਾਦੀ ਵਿੱਚੋਂ ਪਿੱਛੇ ਹੱਟਣਾ ਜ਼ਰੂਰੀ ਸੀ। ਉੱਚਾਈ ਵਾਲੇ ਸੁੱਕੇ ਪਠਾਰ ਵਿੱਚ ਇਹ ਬਰਫ ਪਿਘਲਣ ਦਾ ਸਮਾਂ ਹੈ ਅਤੇ ਪਹਾੜੀ ਖੇਤਰ ਵਿੱਚ ਦਰੱਖਤ ਘੱਟ ਹੋਣ ਕਾਰਨ ਬਰਫ ਪਿਘਲਣ ਦਾ ਪ੍ਰਵਾਹ ਨਿਰਵਿਘਨ ਹੈ।

ਉਪਰੋਕਤ ਗੱਲਾਂ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਸਿਆਸੀ ਦੇ ਨਾਲ-ਨਾਲ ਕੁਦਰਤੀ ਮਾਹੌਲ ਨੇ ਵੀ ਇਸ ਗੱਲਬਾਤ ਵਿਚ ਵੱਡਾ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ ਕੁੱਝ ਦਿਨ ਪਹਿਲਾਂ ਹੋਈ ਝੜਪ 'ਚ ਚੀਨੀ ਫੌਜ ਨੇ ਭਾਰਤੀ ਫੌਜ ਦੇ 20 ਜਵਾਨਾਂ ਨੂੰ ਮਾਰ ਦਿੱਤਾ ਸੀ।