ਕੁਵੈਤ ਨੇ ਨਵਾਂ ਬਿੱਲ ਪਾਸ ਕੀਤਾ; 8 ਲੱਖ ਭਾਰਤੀਆਂ ਨੂੰ ਕੱਢਿਆ ਜਾ ਸਕਦਾ ਹੈ ਕੁਵੈਤ ਤੋਂ ਬਾਹਰ

ਕੁਵੈਤ ਨੇ ਨਵਾਂ ਬਿੱਲ ਪਾਸ ਕੀਤਾ; 8 ਲੱਖ ਭਾਰਤੀਆਂ ਨੂੰ ਕੱਢਿਆ ਜਾ ਸਕਦਾ ਹੈ ਕੁਵੈਤ ਤੋਂ ਬਾਹਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੁਵੈਤ ਦੀ ਕੌਮੀ ਅਸੈਂਬਲੀ ਦੀ ਕਮੇਟੀ ਨੇ ਅੱਜ ਐਕਸਪੈਟ ਕੋਟਾ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿਚ ਦੇਸ਼ ਅੰਦਰੋਂ ਵਿਦੇਸ਼ੀ ਕਾਮਿਆਂ ਨੂੰ ਘਟਾਉਣ ਦੀ ਤਜਵੀਜ਼ ਹੈ। ਇਸ ਦਾ ਵੱਡਾ ਅਸਰ ਕੁਵੈਤ ਵਿਚ ਕੰਮ ਕਰਨ ਗਏ ਹੋਏ ਭਾਰਤੀ ਨਾਗਰਿਕਾਂ 'ਤੇ ਪਵੇਗਾ ਜਿਹਨਾਂ ਵਿਚ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਹੈ।

ਕੁਵੈਤ ਦੀ ਕੌਮੀ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਕ ਕਮੇਟੀ ਨੇ ਐਕਸਪੈਟ ਕੋਟਾ ਬਿੱਲ ਦੇ ਸੰਵਿਧਾਨਕ ਹੋਣ 'ਤੇ ਮੋਹਰ ਲਾ ਦਿੱਤੀ ਹੈ। ਇਸ ਬਿੱਲ ਮੁਤਾਬਕ ਦੇਸ਼ ਵਿਚ ਭਾਰਤੀਆਂ ਦੀ ਗਿਣਤੀ ਕੁਵੈਤ ਦੀ ਅਬਾਦੀ ਦੇ 15 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਨਾਲ ਹੁਣ 8 ਲੱਖ ਦੇ ਕਰੀਬ ਭਾਰਤੀਆਂ ਨੂੰ ਕੁਵੈਤ ਛੱਡਣਾ ਪਵੇਗਾ। 

ਕੁਵੈਤ ਵਿਚ ਵਿਦੇਸ਼ੀ ਨਾਗਰਿਕਾਂ ਵਿਚੋਂ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਗਿਣਤੀ 14 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਕੁਵੈਤ ਦੀ ਮੋਜੂਦਾ ਕੁੱਲ ਅਬਾਦੀ 43 ਲੱਖ ਦੇ ਕਰੀਬ ਹੈ, ਜਿਸ ਵਿਚੋਂ ਕੁਵੈਤੀਆਂ ਦੀ ਗਿਣਤੀ 13 ਲੱਖ ਬਣਦੀ ਹੈ ਤੇ ਬਾਕੀ 30 ਲੱਖ ਲੋਕ ਵਿਦੇਸ਼ੀ ਹਨ।

ਪਿਛਲੇ ਸਮੇਂ ਵਿਚ ਤੇਲ ਦੀਆਂ ਕੀਮਤਾਂ ਡਿਗਣ ਕਰਕੇ ਅਤੇ ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਕੁਵੈਤ ਵਿਚ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਲਈ ਅਵਾਜ਼ਾਂ ਮਜ਼ਬੂਤ ਹੋ ਰਹੀਆਂ ਸਨ। ਪਿਛਲੇ ਮਹੀਨੇ, ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਅਲ ਖਾਲੀਦ ਅਲ ਸਬਾਹ ਨੇ ਵਿਦੇਸ਼ੀਆਂ ਦੀ ਗਿਣਤੀ 70 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰਨ ਦਾ ਸੁਝਾਅ ਦਿੱਤਾ ਸੀ। 

ਹੁਣ ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਕੁਵੈਤ ਦੀ ਅਸੈਂਬਲੀ ਵਿਚ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦੇ ਕਾਨੂੰਨ ਬਣਨ ਨਾਲ ਕੁਵੈਤ ਵਿਚੋਂ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਵਾਪਸ ਆਉਣਾ ਪਵੇਗਾ।