ਇਮਰਾਨ ਖਾਨ ਨੇ ਪੰਜਾਬ ਤੋਂ ਐਟਮੀ ਖਤਰੇ ਦੇ ਸਦੀਵੀ ਖਾਤਮੇ ਦਾ ਸੰਕੇਤ ਦਿੱਤਾ

ਇਮਰਾਨ ਖਾਨ ਨੇ ਪੰਜਾਬ ਤੋਂ ਐਟਮੀ ਖਤਰੇ ਦੇ ਸਦੀਵੀ ਖਾਤਮੇ ਦਾ ਸੰਕੇਤ ਦਿੱਤਾ
ਇਮਰਾਨ ਖਾਨ

ਵਾਸ਼ਿੰਗਟਨ: ਅਮਰੀਕਾ ਦੇ ਦੌਰੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਸ਼ਵ ਸ਼ਾਂਤੀ ਵੱਲ ਇੱਕ ਅਹਿਮ ਕਦਮ ਵਧਾਉਂਦਿਆਂ ਕਿਹਾ ਕਿ ਜੇ ਭਾਰਤ ਐਟਮੀ ਹਥਿਆਰਾਂ ਨੂੰ ਖਤਮ ਕਰਨ ਲਈ ਰਾਜ਼ੀ ਹੁੰਦਾ ਹੈ ਤਾਂ ਪਾਕਿਸਤਾਨ ਵੀ ਆਪਣੇ ਐਟਮੀ ਹਥਿਆਰ ਖਤਮ ਕਰਨ ਲਈ ਤਿਆਰ ਹੈ।

ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣਨ ਵਾਲੇ ਜੰਗ ਦੇ ਹਾਲਤਾਂ ਵਿੱਚ ਜੰਗ ਦਾ ਮੈਦਾਨ ਪੰਜਾਬ ਬਣਨ ਦੀ ਪ੍ਰਤੀਸ਼ਤ ਸਭ ਤੋਂ ਵੱਧ ਹੈ। ਪੰਜਾਬ ਸਿੱਖ ਕੌਮ ਦਾ ਕੌਮੀ ਘਰ ਵੀ ਹੈ ਜੋ ਭਾਰਤ ਨਾਲ ਲਗਾਤਾਰ ਆਪਣੀ ਅਜ਼ਾਦੀ ਲਈ ਲੜ ਰਹੀ ਹੈ। ਸਿੱਖ ਵਸੋਂ ਹਮੇਸ਼ਾ ਤੋਂ ਇਸ ਪੱਖ ਤੋਂ ਫਿਕਰਮੰਦ ਰਹਿੰਦੀ ਹੈ ਕਿ ਜੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਲੱਗੀ ਤਾਂ ਇਹਨਾਂ ਵੱਲੋਂ ਐਟਮੀ ਤਾਕਤ ਵਰਤੋਂ ਵਿੱਚ ਲਿਆਉਣ ਦੇ ਚਲਦਿਆਂ ਸਿੱਖ ਕੌਮ ਦਾ ਸਭ ਤੋਂ ਵੱਡਾ ਕਤਲੇਆਮ ਹੋਵੇਗਾ ਤੇ ਸਿੱਖਾਂ ਦੀ ਕੌਮੀ ਸੱਭਿਆਚਾਰਕ ਹੋਂਦ ਖਤਰੇ ਵਿੱਚ ਪੈ ਜਾਵੇਗੀ। ਪਰ ਜੇ ਇਹਨਾਂ ਦੋਵਾਂ ਮੁਲਕਾਂ ਦਰਮਿਆਨ ਐਟਮੀ ਬੰਬ ਖਤਮ ਕਰਨ ਲਈ ਸਹਿਮਤੀ ਹੋ ਜਾਵੇ ਤਾਂ ਪੰਜਾਬ ਦੀ ਸਿੱਖ ਕੌਮ ਦੇ ਸਿਰ ਤੋਂ ਇੱਕ ਵੱਡਾ ਖਤਰਾ ਟਲ ਸਕਦਾ ਹੈ। 

ਫੋਕਸ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਇਮਰਾਨ ਖਾਨ ਨੂੰ ਜਦੋਂ ਪੁੱਛਿਆ ਗਿਆ ਕਿ ਜੇ ਭਾਰਤ ਆਪਣੇ ਐਟਮੀ ਹਥਿਆਰ ਖਤਮ ਕਰਨ ਲਈ ਰਜ਼ਾਮੰਦ ਹੁੰਦਾ ਹੈ ਤਾਂ ਪਾਕਿਸਤਾਨ ਦਾ ਕੀ ਜਵਾਬ ਹੋਵੇਗਾ। 

ਇਸ ਦੇ ਜਾਵਬ ਵਿੱਚ ਇਮਾਰਾਨ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਦਰਮਿਆਨ ਐਟਮੀ ਜੰਗ ਕੋਈ ਹੱਲ ਨਹੀਂ ਹੈ। ਐਟਮੀ ਜੰਗ ਦਾ ਵਿਚਾਰ ਅਸਲ ਵਿੱਚ ਆਪਣੀ ਤਬਾਹੀ ਆਪਣੇ ਹੱਥੀਂ ਕਰਨ ਵਾਲੀ ਗੱਲ ਹੈ।"

ਭਾਰਤ ਅਤੇ ਪਾਕਿਸਤਾਨ ਦਰਮਿਆਨ ਬੀਤੇ ਕੁੱਝ ਸਮੇਂ ਵਿੱਚ ਹੋਏ ਟਕਰਾਅ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਉਹਨਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਹੈ ਕਿ ਉਹ ਦੋਵਾਂ ਮੁਲਕਾਂ ਦਰਮਿਆਨ ਮਸਲੇ ਹੱਲ ਕਰਨ ਲਈ ਵਿਚੋਲਗੀ ਕਰਨ।

ਇਮਰਾਨ ਖਾਨ ਨੇ ਕਿਹਾ ਕਿ ਦੋਵੇਂ ਮੁਲਕਾਂ ਦਰਮਿਆਨ ਲੜਾਈ ਦਾ ਇੱਕੋ ਇੱਕ ਕਾਰਣ ਕਸ਼ਮੀਰ ਮਸਲਾ ਹੈ ਅਤੇ ਅਮਰੀਕਾ ਵਰਗਾ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੀ ਦੋਵਾਂ ਦੇਸ਼ਾਂ ਦਰਮਿਆਨ ਇਸ ਮਸਲੇ ਨੂੰ ਹੱਲ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਗੱਲਬਾਤ ਲਈ ਮੇਜ਼ 'ਤੇ ਆਉਣਾ ਚਾਹੀਦਾ ਹੈ ਤੇ ਅਮਰੀਕਾ ਨੂੰ ਅਤੇ ਖਾਸ ਕਰਕੇ ਰਾਸ਼ਟਰਪਤੀ ਟਰੰਪ ਨੂੰ ਆਪਣਾ ਅਹਿਮ ਰੋਲ ਨਿਭਾ ਕੇ ਦੋਵੇਂ ਮੁਲਕਾਂ ਦਰਮਿਆਨ ਇਸ ਲੜਾਈ ਦੇ ਮਸਲੇ ਨੂੰ ਹੱਲ ਕਰਵਾਉਣਾ ਚਾਹੀਦਾ ਹੈ। 

ਦੱਸ ਦਈਏ ਕਿ ਪਾਕਿਸਤਾਨ ਹਮੇਸ਼ਾ ਹੀ ਕਸ਼ਮੀਰ ਮਸਲੇ ਦੇ ਹੱਲ ਨੂੰ ਕਿਸੇ ਤੀਜੀ ਧਿਰ ਦੀ ਸ਼ਮੂਲੀਅਤ ਨਾਲ ਹੱਲ ਕਰਨ ਦੀ ਵਕਾਲਤ ਕਰਦਾ ਆਇਆ ਹੈ ਜਦਕਿ ਭਾਰਤ ਇਸ ਮਸਲੇ ਵਿੱਚ ਕਿਸੇ ਤੀਜੀ ਧਿਰ ਨੂੰ ਸ਼ਾਮਿਲ ਕਰਨ ਤੋਂ ਇਨਕਾਰ ਕਰਦਾ ਆਇਆ ਹੈ। ਪਰ ਬੀਤੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸਾਰੀ ਦੁਨੀਆ ਦੇ ਮੀਡੀਆ ਸਾਹਮਣੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮਸਲਾ ਹੱਲ ਕਰਨ ਲਈ ਵਿਚੋਲਗੀ ਕਰਨ ਦੀ ਬੇਨਤੀ ਕੀਤੀ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ