ਕਾਂਗਰਸ ਦਾ ਕਰਨਾਟਕ ਵਿੱਚੋਂ ਵੀ ਸਫਾਇਆ; ਸਰਕਾਰ ਡਿਗਣ ਮਗਰੋਂ ਭਾਜਪਾ ਸਰਕਾਰ ਬਣਾਉਣ ਲਈ ਤਿਆਰ

ਕਾਂਗਰਸ ਦਾ ਕਰਨਾਟਕ ਵਿੱਚੋਂ ਵੀ ਸਫਾਇਆ; ਸਰਕਾਰ ਡਿਗਣ ਮਗਰੋਂ ਭਾਜਪਾ ਸਰਕਾਰ ਬਣਾਉਣ ਲਈ ਤਿਆਰ
ਜੇਤੂ ਨਿਸ਼ਾਨ ਬਣਾਉਂਦੇ ਹੋਏ ਭਾਜਪਾ ਵਿਧਾਇਕ

ਬੈਂਗਲੂਰੂ: ਕਰਨਾਟਜ ਵਿੱਚ ਕਈ ਦਿਨਾਂ ਦੀ ਖਿੱਚੋਤਾਣ ਮਗਰੋਂ ਬੀਤੇ ਕੱਲ੍ਹ ਕਾਂਗਰਸ-ਜੇਡੀਐੱਸ ਸਰਕਾਰ ਡਿਗ ਗਈ। ਬੀਤੇ ਕੱਲ੍ਹ ਮੁੱਖ ਮੰਤਰੀ ਐੱਚ.ਡੀ ਕੁਮਾਰਾਸਵਾਮੀ ਵੱਲੋਂ ਵਿਸ਼ਵਾਸ ਮਤ ਪੇਸ਼ ਕੀਤਾ ਗਿਆ ਜਿਸ ਲਈ ਪਈਆਂ ਵੋਟਾਂ ਵਿੱਚ ਉਹ ਹਾਰ ਗਏ। ਕੁਮਾਰਾਸਵਾਮੀ ਦੇ ਪੱਖ ਵਿੱਚ 99 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ 105 ਵੋਟਾਂ ਪਈਆਂ।

ਵਿਧਾਨ ਸਭਾ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਐਲਾਨ ਕੀਤਾ ਕਿ ਸਰਕਾਰ ਦੀ ਵਿਸ਼ਵਾਸ ਮਤ ਪ੍ਰਸਤਾਵ 'ਤੇ ਹਾਰ ਹੋਈ ਹੈ। ਵੋਟਿੰਗ ਦੌਰਾਨ ਸਦਨ 'ਚ 204 ਵਿਧਾਇਕ ਮੌਜੂਦ ਸਨ, ਜਦਕਿ ਗੱਠਜੋੜ ਦੇ 17, ਬਸਪਾ ਦੇ 1 ਤੇ 2 ਆਜ਼ਾਦ ਵਿਧਾਇਕਾਂ ਨੇ ਅੱਜ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲਿਆ। ਜ਼ਿਕਰਯੋਗ ਹੈ ਕਿ 15 ਬਾਗ਼ੀ ਵਿਧਾਇਕਾਂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਸੂਬੇ ਦੀ ਗੱਠਜੋੜ ਸਰਕਾਰ 'ਤੇ ਤਲਵਾਰ ਲਟਕ ਰਹੀ ਸੀ। 

ਵਿਸ਼ਵਾਸ ਮਤ ਪ੍ਰਸਤਾਵ 'ਤੇ ਵੋਟਿੰਗ ਦੌਰਾਨ ਐਚ.ਡੀ. ਕੁਮਾਰਸਵਾਮੀ ਸਦਨ 'ਚ ਨਿਰਾਸ਼ ਬੈਠੇ ਨਜ਼ਰ ਆਏ ਤੇ ਵਿਸ਼ਵਾਸ ਮਤ 'ਚ ਜਿੱਤ ਤੋਂ ਬਾਅਦ ਭਾਜਪਾ ਦੇ ਵਿਧਾਇਕ ਜੇਤੂ ਨਿਸ਼ਾਨ ਵਿਖਾਉਂਦੇ ਨਜ਼ਰ ਆਏ। ਵਿਧਾਨ ਸਭਾ 'ਚ ਭਰੋਸਾ ਗੁਆਉਣ ਤੋਂ ਬਾਅਦ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਰਾਜ ਭਵਨ ਜਾ ਕੇ ਰਾਜਪਾਲ ਨੂੰ ਅਸਤੀਫ਼ਾ ਸੌਾਪ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਬਾਅਦ ਰਾਜਪਾਲ ਵਾਜੂਭਾਈ ਵਾਲਾ ਭਾਜਪਾ ਨੇਤਾ ਬੀ.ਐਸ. ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ। ਇਸੇ ਦੌਰਾਨ ਬੈਂਗਲੂਰੂ 'ਚ ਧਾਰਾ 144 ਲਗਾ ਦਿੱਤੀ ਗਈ ਹੈ ਤਾਂ, ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। 


ਐਚ.ਡੀ. ਕੁਮਾਰਸਵਾਮੀ

ਜ਼ਿਕਰਯੋਗ ਹੈ ਕਿ ਤਿੰਨ ਹਫ਼ਤੇ ਪਹਿਲਾਂ ਕਾਂਗਰਸ-ਜੇ.ਡੀ. (ਐਸ.) ਸਰਕਾਰ ਤੋਂ ਅਸਤੀਫ਼ਾ ਦੇ ਕੇ 15 ਵਿਧਾਇਕ ਬਾਗੀ ਹੋ ਗਏ ਸਨ ਤੇ ਉਦੋਂ ਤੋਂ ਹੀ ਉਹ ਮੁੰਬਈ ਦੇ ਇਕ ਲਗਜ਼ਰੀ ਹੋਟਲ 'ਚ ਰਹਿ ਰਹੇ ਸਨ। ਕਾਂਗਰਸ ਦੇ 13 ਤੇ ਜੇ.ਡੀ. (ਐਸ.) ਦੇ 3 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਦੋ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਸਪੀਕਰ ਵਲੋਂ ਅਸਤੀਫ਼ਾ ਨਾ ਮਨਜ਼ੂਰ ਕਰਨ 'ਤੇ ਉਨ੍ਹਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਿਧਾਇਕਾਂ ਦੇ ਅਸਤੀਫ਼ੇ 'ਤੇ ਆਖ਼ਰੀ ਫ਼ੈਸਲਾ ਲੈਣ ਦਾ ਅਧਿਕਾਰ ਸਪੀਕਰ ਨੂੰ ਦਿੱਤਾ ਸੀ। ਪਿਛਲੇ ਸ਼ੁੱਕਰਵਾਰ ਤੋਂ ਕੁਮਾਰਸਵਾਮੀ ਰਾਜਪਾਲ ਵਾਜੂਭਾਈ ਵਾਲਾ ਵਲੋਂ ਮਿਲੀਆਂ ਦੋ ਮੁਹਲਤਾਂ ਦੇ ਬਾਵਜੂਦ ਬਹੁਮਤ ਸਾਬਤ ਕਰਨ ਨੂੰ ਲਗਾਤਾਰ ਟਾਲ ਰਹੇ ਸਨ, ਜਿਸ 'ਤੇ ਕੁਮਾਰਸਵਾਮੀ ਤੇ ਕਾਂਗਰਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਰਾਜਪਾਲ 'ਤੇ ਵਿਧਾਨ ਸਭਾ ਦੀ ਕਾਰਵਾਈ 'ਚ ਦਖ਼ਲ ਦੇਣ ਦਾ ਦੋਸ਼ ਲਗਾਇਆ ਸੀ।

ਕਾਂਗਰਸ ਦੇ ਉੱਚ ਆਗੂ ਰਾਹੁਲ ਗਾਂਧੀ ਨੇ ਸਰਕਾਰ ਡਿਗਣ ਨੂੰ ਲੋਕਤੰਤਰ, ਇਮਾਨਦਾਰੀ ਅਤੇ ਕਰਨਾਟਕ ਦੀ ਜਨਤਾ ਦੀ ਹਾਰ ਦੱਸਿਆ ਹੈ। ਉਹਨਾਂ ਕਿਹਾ ਕਿ ਲਾਲਣ ਦੀ ਜਿੱਤ ਹੋਈ ਹੈ। 

ਦੂਜੇ ਪਾਸੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੀ.ਐੱਸ ਯੇਦੀਰੁੱਪਾ ਸਮੇਤ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਵਿਚਾਰ ਚਰਚਾ ਕੀਤੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ